ਲੋਕਾਂ ਦਾ ਪੈਸਾ ਬਰਬਾਦ ਕਰ ਰਿਹਾ ਸੁਖਬੀਰ ਬਾਦਲ
ਚੰਡੀਗੜ੍ਹ, 26 ਫਰਵਰੀ (ਪੀ.ਟੀ.)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਰਿਜਰਵ ਬੈਂਕ ਆਫ ਇੰਡੀਆ ਤੋਂ ਮਿਲਣ ਵਾਲੀ ਓਵਰ ਡਰਾਫਟ ਸੁਵਿਧਾ ਨੂੰ ਲਗਾਤਾਰ ਪਾਰ ਕਰ ਰਹੀ ਅਕਾਲੀ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ, ਜਿਸ ਨਾਲ ਸੂਬਾ ਆਰਥਿਕ ਮੰਦਹਾਲੀ ਵੱਲ ਵੱਧ ਰਿਹਾ ਹੈ।ਇਥੇ ਜਾਰੀ ਬਿਆਨ ’ਚ ਬਾਜਵਾ ਨੇ ਕਿਹਾ ਹੈ ਕਿ ਪ੍ਰਦੇਸ਼ ਕਾਂਗਰਸ ਦੇ ਆਰ.ਟੀ.ਆਈ ਸੈ¤ਲ ਦੇ ਕਨਵੀਨਰ ਡਾ. ਜਸਦੀਪਕ ਸਿੰਘ ਵੱਲੋਂ ਪ੍ਰਾਪਤ ਕੀਤੀ ਆਰ.ਟੀ.ਆਈ ਜਾਣਕਾਰੀ ਬਹੁਤ ਹੈਰਾਨ ਕਰਨ ਵਾਲੀ ਹੈ। ਸ਼ਰਮਨਾਕ ਹੈ ਕਿ ਪ੍ਰਮੁੱਖ ਤੌਰ ’ਤੇ ਖਜਾਨੇ ਦੇ ਬਿੱਲਾਂ ਜਿਵੇਂ ਤਨਖਾਹਾਂ ਤੇ ਮੁਲਾਜਮਾਂ ਦੇ ਹੋਰ ਬਿੱਲ ਅਦਾ ਕਰਨ ਲਈ ਪੰਜਾਬ ਸਰਕਾਰ ਆਰ.ਬੀ.ਆਈ ਤੋਂ ਕਰੋੜਾਂ ਰੁਪਏ ਦਾ ਓਵਰ ਡਰਾਫਟ ਲੈ ਰਹੀ ਹੈ ਅਤੇ ਕਰੋੜਾਂ ਰੁਪਏ
’ਚ ਇਸਦਾ ਵਿਆਜ ਦੇ ਰਹੀ ਹੈ। ਬਾਜਵਾ ਨੇ ਕਿਹਾ ਕਿ ਸਧਾਰਨ ਮਾਮਲਿਆਂ ਤੇ ਵਿਸ਼ੇਸ਼ ਮਾਮਲਿਆਂ ਨਾਲ ਸਬੰਧਤ ਅਡਵਾਂਸਾਂ ਦੀ ਆਪਣੀ ਲਿਮਿਟ ਪਾਰ ਕਰ ਰਹੀ ਹੈ ਤੇ ਲਗਭਗ ਹਰ ਮਹੀਨੇ ਓਵਰਡਰਾਫਟ ਦੀ ਸਥਿਤੀ ’ਤੇ ਪਹੁੰਚਣ ਦੇ ਹਾਲਾਤ ਬਣ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ 2008-09 ਦੌਰਾਨ ਵਰਤਮਾਨ ਸਰਕਾਰ ਨੇ ਆਪਣੇ ਸਧਾਰਨ ਅਡਵਾਂਸ ਦੀ 360 ਕਰੋੜ ਰੁਪਏ ਦੀ ਲਿਮਿਟ ਨੂੰ 2013 ’ਚ 540 ਕਰੋੜ ’ਤੇ ਵਧਾ ਦਿੱਤਾ ਹੈ। ਜਿਸਦਾ ਅਰਥ ਹੈ ਕਿ ਇਹ ਆਰ.ਬੀ.ਆਈ ਤੋਂ ਜਿਆਦਾ ਲੋਨ ਲੈ ਰਹੀ ਹੈ ਅਤੇ ਵਿਆਜ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਡਵਾਂਸ ਲੋਨ ਉਦੋਂ ਦਿੱਤਾ ਜਾਂਦਾ ਹੈ, ਜਦੋਂ ਪੰਜਾਬ ਸਰਕਾਰ ਦੇ ਬੈਂਕ ਅਕਾਉਂਟ ਦਾ ਕੁੱਲ ਨਕਦ ਬੈਲੇਂਸ ਘੱਟੋਂ ਘੱਟ ਨਕਦ ਬੈਲੇਂਸ ਤੋਂ ਘੱਟ ਜਾਂਦਾ ਹੈ, ਜਿਹੜਾ 1.56 ਕਰੋੜ ਰੁਪਏ ਹੈ।
ਬਾਜਵਾ ਨੇ ਕਿਹਾ ਕਿ ਸਧਾਰਨ ਹਾਲਾਤਾਂ ’ਚ ਅਡਵਾਂਸ ਲੋਨ ਲੈਣ ਨਾਲ ਸਰਕਾਰ ਦਾ ਮਾੜਾ ਵਿੱਤੀ ਪ੍ਰਬੰਧਨ ਸਾਹਮਣੇ ਆ ਗਿਆ ਹੈ। ਸਰਕਾਰ ਜਿਹੜੀ ਆਮਦਨ ’ਚ ਵਾਧਾ ਹੋਣ ਦਾ ਦਾਅਵਾ ਕਰਦੀ ਹੈ, ਆਪਣੇ ਬੈਂਕ ਖਾਤੇ ’ਚ ਘੱਟੋਂ ਘੱਟ ਨਕਦ ਬੈਲੇਂਸ ਵੀ ਨਹੀਂ ਰੱਖ ਸਕਦੀ।
2008-2013 ਦੌਰਾਨ ਅਕਾਲੀ ਭਾਜਪਾ ਸਰਕਾਰ ਨੇ 59 ਕਰੋੜ ਰੁਪਏ ਤੋਂ ਵੱਧ ਦਾ ਵਿਆਜ ਅਦਾ ਕੀਤਾ ਹੈ, ਜਿਹੜੀ ਹਰ ਸਾਲ ਓਵਰ ਡਰਾਫਟ ਲੈਂਦੀ ਹੈ। 2008-09 ਦੌਰਾਨ ਸਰਕਾਰ ਨੇ 360 ਕਰੋੜ ਰੁਪਏ ਦੀ ਸੀਮਾ ਦੇ ਮੁਕਾਬਲੇ 453.39 ਕਰੋੜ ਦਾ ਓਵਰ ਡਰਾਫਟ ਲਿਆ ਸੀ, 2009-10 ਦੌਰਾਨ ਸਰਕਾਰ ਨੇ 309 ਕਰੋੜ ਰੁਪਏ ਦਾ ਓਵਰ ਡਰਾਫਟ ਲਿਆ, 2010-11 ਦੌਰਾਨ ਸਰਕਾਰ ਨੇ 398 ਕਰੋੜ ਰੁਪਏ ਦਾ ਓਵਰ ਡਰਾਫਟ ਲਿਆ ਅਤੇ 2011-12 ਦੇ ਚੋਣ ਵਰ੍ਹੇ ਦੌਰਾਨ ਅਕਾਲੀ ਭਾਜਪਾ ਸਰਕਾਰ ਨੇ 601 ਕਰੋੜ ਰੁਪਏ ਦਾ ਓਵਰ ਡਰਾਫਟ ਲਿਆ ਅਤੇ ਇਸਨੂੰ ਲਗਾਤਾਰ ਵਧਾਉਂਦਿਆਂ 2012-13 ’ਚ 1149 ਕਰੋੜ ਰੁਪਏ ਪਹੁੰਚਾ ਦਿੱਤਾ ਤੇ 2013-14 ਸਾਲ ਦੌਰਾਨ ਹਾਲੇ ਤੱਕ 1300 ਕਰੋੜ ਰੁਪਏ ਦਾ ਓਵਰ ਡਰਾਫਟ ਲੈ ਚੁੱਕੀ ਹੈ। ਇਹ ਆਮਦਨ ਤੇ ਖਰਚਿਆਂ ਦੇ ਖਾਤੇ ਦੀ ਸੱਭ ਤੋਂ ਮਾੜੀ ਉਦਾਹਰਨ ਹੈ।
ਬਾਜਵਾ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਦਾ ਖਜਾਨਾ ਖਾਲ੍ਹੀ ਹੈ ਤੇ ਦੂਜੇ ਹੱਥ ਇਹ ਕਰੋੜਾਂ ਰੁਪਏ ਨੀਂਹ ਪੱਥਰਾਂ ਤੇ ਵਾਹ ਵਾਹ ਲੁੱਟਣ ਲਈ ਇਸ਼ਤਿਹਾਰਾਂ ’ਤੇ ਖਰਚ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਡਿਪਟੀ ਮੁੱਖ ਮੰਤਰੀ ਬੇਟੇ ਸੁਖਬੀਰ ਬਾਦਲ ਵੱਲੋਂ ਵਿਕਾਸ ਸਬੰਧੀ ਪ੍ਰਚਾਰ ਪੂਰੀ ਤਰ੍ਹਾਂ ਧੋਖਾ ਹੈ ਤੇ ਲੋਕਾਂ ਦੇ ਪੈਸਿਆਂ ਦੀ ਬਰਬਾਦੀ ਹੈ। ਸਮਾਜਿਕ ਭਲਾਈ ਸਕੀਮਾਂ ਦੇ ਅਸਲੀ ਲਾਭਪਾਤਰੀਆਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਵੱਖ ਵੱਖ ਸਕੀਮਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਹੈਰਾਨੀਜਨਕ ਹੈ ਕਿ ਕੇਂਦਰ ਸਰਕਾਰ ਵੱਲੋਂ ਵੱਖ ਵੱਖ ਸਕੀਮਾਂ ਹੇਠ ਭੇਜੇ ਜਾਂਦੇ ਫੰਡਾਂ ਨੂੰ ਮੁੱਖ ਮੰਤਰੀ ਵੱਲੋਂ ਲਗਾਏ ਜਾਣ ਵਾਲੇ ਸੰਗਤ ਦਰਸ਼ਨ ਪ੍ਰੋਗਰਾਮ ਵਰਗੇ ਗੈਰ ਜ਼ਰੂਰੀ ਕੰਮਾਂ ’ਤੇ ਬਰਬਾਦ ਕੀਤਾ ਜਾ ਰਿਹਾ ਹੈ।