ਸੁਖਬੀਰ ਬਾਦਲ ਵੱਲੋਂ ਬਹੁਕੌਮੀ ਕਾਰਗਿਲ ਕੰਪਨੀ ਦਾ ਫੀਡ ਯੂਨਿਟ ਬਠਿੰਡਾ ’ਚ ਨੀਂਹ ਪੱਥਰ
ਬਠਿੰਡਾ 26 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਬਹੁਕੌਮੀ ਕਾਰਗਿਲ ਕੰਪਨੀ ਦੇ ਫੀਡ ਯੂਨਿਟ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਇਸ ਫੈਕਟਰੀ ਦੇ ਚਾਲੂ ਹੋਣ ਨਾਲ ਪੰਜਾਬ ਡੇਅਰੀ ਸਥਾਪਨਾ ਲੲਂੀ ਦੇਸ਼ ਵਿੱਚ ਮੁੱਖ ਧੁਰੇ ਵਜੋਂ ਉਭਰੇਗਾ ਅਤੇ ਰਾਜ ਵਿੱਚ ਫਸਲ ਵਿਭਿੰਨਤਾ ਨੂੰ ਵੱਡਾ ਹੁੰਗਾਰਾ ਮਿਲੇਗਾ।ਅੱਜ ਇਥੇ ਸਨਅਤੀ ਖੇਤਰ ਵਿੱਚ ਆਯੋਜਤ ਉਦਘਾਟਨੀ ਸਮਾਗਮ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਰਗਿਲ ਇੰਡੀਆ ਵਲੋਂ ਪੰਜਾਬ ‘ਚ ਸਥਾਪਿਤ ਕੀੇਤੇ ਜਾ ਰਹੇ ਇਸ ਪਹਿਲੇ ਵਾਤਾਵਰਣ ਪੱਖੀ ਫੀਡ ਪਲਾਂਟ ਨਾਲ ਪੰਜਾਬ ਵਿਸ਼ਵ ਦੇ ਆਧੁਨਿਕ ਡੇਅਰੀ ਖੇਤਰਾਂ ਵਿਚ ਉਭਰ ਕੇ ਸਾਹਮਣੇ ਆਵੇਗਾ ਅਤੇ ਇਸ ਯੂਨਿਟ ਵਲੋਂ ਰਾਜ ਦੇ ਕਿਸ਼ਾਨਾਂ ਨੂੰ ਡੇਅਰੀ ਕਿੱਤੇ ਨਾਲ
ਸਬੰਧਤ ਨਵੀਆਂ ਤਕਨੀਕਾਂ ਅਤੇ ਜਾਣਕਾਰੀ ਪ੍ਰਾਪਤ ਹੋ ਸਕੇਗੀ ਅਤੇ ਰਾਜ ਵਿਚ ਡੇਅਰੀ ਸਥਾਪਨਾ ਵੱਲ ਕਿਸਾਨਾਂ ਦਾ ਰੁਝਾਨ ਵਧੇਗਾ। ਉਪ ਮੁੱਖ ਮੰਤਰੀ ਨੇ ਇਸ ਪਲਾਂਟ ਦੇ ਚਾਲੂ ਹੋਣ ਨਾਲ ਪੰਜਾਬ ਵਿਚ ਫ਼ਸਲੀ ਵਿਭਿੰਨਤਾ ਲਈ ਮੀਲ ਪੱਥਰ ਕਰਾਰ ਦਿੰਦਿਆਂ ਕਿਹਾ ਕਿ ਇਸ ਵੇਲੇ ਕਾਰਗਿਲ ਦੀਆਂ ਅਜਿਹੀਆਂ ਫੀਡ ਮਿੱਲਾਂ 37 ਦੇਸ਼ਾਂ ਵਿਚ ਚੱਲ ਰਹੀਆਂ ਹਨ ਅਤੇ ਕੰਪਨੀ ਨੇ ਡੇਅਰੀ ਖੇਤਰ ਵਿਚ ਨਿਵੇਸ਼ ਲਈ ਪੰਜਾਬ ਨੂੰ ਚੁਣਿਆ ਹੈ। ਸਥਾਨਕ ਸਨਅਤੀ ਖੇਤਰ ਵਿਚ 8.5 ਏਕੜ ਰਕਬੇ ਵਿਚ ਸਥਾਪਤ ਹੋ ਰਹੇ ਇਸ ਫੀਡ ਪਲਾਂਟ ਵਲੋਂ ਹਰ ਸਾਲ 20 ਹਜਾਰ ਕਿਸਾਨਾਂ ਨੂੰ ਡੇਅਰੀ ਸਥਾਪਿਤ ਕਰਨ ਅਤੇ ਕੁਸ਼ਲ ਪ੍ਰਬੰਧ ਚਲਾਉਣ ਤੋਂ ਇਲਾਵਾ ਪਸ਼ੂਆਂ ਦੀ ਖੁਰਾਕ ਸਬੰਧੀ ਜਾਣਕਾਰੀ ਪ੍ਰਾਦਾਨ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਇਹ ਫੀਡ ਪਲਾਂਟ ਸਲਾਨਾਂ 1 ਲੱਖ 20 ਹਜਾਰ ਮੀਟਰਕ ਟਨ ਫੀਡ ਦਾ ਉਤਪਾਦਨ ਕਰੇਗਾ ਅਤੇ ਇਥੋਂ ਪੰਜਾਬ ਦੇ ਡੇਅਰੀ ਮਾਲਕਾ ਸਮੇਤ ਗੁਆਢੀ ਰਾਜਾਂ ਦੇ ਪਸੂ ਪਾਲਕ ਵੀ ਉਤਮ ਦਰਜੇ ਦੀ ਫੀਡ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਬਹੁਕੌਮੀ ਕੰਪਨੀ ਕਾਰਗਿਲ ਦੇ ਇਸ ਨਿਵੇਸ਼ ਸਦਕਾ ਪੰਜਾਬ ਵਿਚ ਡੇਅਰੀ ਖੇਤਰ ਵਿੱਚ ਹੋਰ ਨਿਵੇਸ਼ ਆਵੇਗਾ ਅਤੇ ਪੰਜਾਬ ਦੇਸ਼ ਵਿਚ ਡੇਅਰੀ ਦਾ ਧੁਰਾ ਬਣਕੇ ਉਭਰੇਗਾ ਕਿਉਕਿ ਪੰਜਾਬ ਇਸ ਵੇਲੇ 944 ਗ੍ਰਾਮ ਪ੍ਰਤੀ ਵਿਅਕਤੀ ਦੁੱਧ ਪ੍ਰਾਪਤੀ ਦੇ ਟੀਚੇ ਨਾਲ ਦੇਸ਼ ਦਾ ਵੱਡਾ ਦੁੱਧ ਉਤਪਾਦਕ ਸੂਬਾ ਹੈ।
ਪੰਜਾਬ ਨਿਵੇਸ਼ਕ ਸੰਮੇਲਨ ਦੀ ਸਫਲਤਾ ਦਾ ਜਿਕਰ ਕਰਦਿਆਂ ਉਪ ਮੁੱਖ ਮੰਤਰੀ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਇਸ ਸੰਮੇਲਨ ਵਿਚ ਐਮ.ਓ.ਯੂ. ਸਾਈਨ ਕਰ ਚੁੱਕੀ ਖੁਰਾਕੀ ਵਸ਼ਤਾਂ ਨੂੰ ਡੱਬਾਬੰਦ ਕਰਨ ਵਾਲੀ ਬਹੁਕੌਮੀ ਕੰਪਨੀ ਆਈ.ਟੀ.ਸੀ. ਵੀ ਜਲਦ ਹੀ ਪੰਜਾਬ ਵਿਚ 700 ਕਰੋੜ ਰੁਪਏ ਦੀ ਲਾਗਤ ਨਾਲ ਆਪਣੀ ਸਭ ਤੋਂ ਵੱਡੀ ਫੈਕਟਰੀ ਸਥਾਪਿਤ ਕਰਨ ਜਾ ਰਹੀ ਹੈ ਅਤੇ 28 ਫਰਵਰੀ ਨੂੰ ਉਹ ਕਪੂਰਥਲਾ ਵਿਖੇ ਇਸ ਕੰਪਨੀ ਦੀ ਫੈਕਟਰੀ ਦਾ ਨੀਂਹ ਪੱਥਰ ਰੱਖਣਗੇ।
ਉਪ ਮੁੱਖ ਮੰਤਰੀ ਨੇ ਇਥੇ ਦੂਜੇ ਸਮਾਗਮ ਵਿੱਚ 450 ਕਰੋੜ ਰੁਪਏ ਦੀ ਲਾਗਤ ਵਾਲੇ ਹਾਊਸਿੰਗ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਅਗਲੇ ਦੋ ਸਾਲਾਂ ਵਿੱਚ ਆਰਥਿਕ ਰੂਪ ਵਿੱਚ ਕਮਜ਼ੋਰ ਵਿਅਕਤੀਆਂ ਲਈ ਇਕ ਲੱਖ ਮਕਾਨ ਬਣਾ ਰਹੀ ਹੈ। ਇਸ ਪ੍ਰਾਜੈਕਟ ਦੀ ਲੁਧਿਆਣਾ ਤੋਂ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਜਿਸ ਦੌਰਾਨ ਉਨ੍ਹਾਂ ਨੇ ਹਜ਼ਾਰਾਂ ਗਰੀਬ ਪਰਿਵਾਰਾਂ ਨੂੰ ਇਨ੍ਹਾਂ ਮਕਾਨਾਂ ਦੀ ਚਾਬੀਆਂ ਸੌਂਪੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ 40 ਕਰੋੜ ਦੀ ਲਾਗਤ ਨਾਲ ਬਠਿੰਡਾ-ਮਲੋਟ ਸੜਕ ’ਤੇ ਨਵਾਂ ਆਰ.ਓ.ਬੀ. ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਬਾਅਦ ਵਿੱਚ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ ਲਈ 11 ਪਾਰਟੀਆਂ ਵੱਲੋਂ ਬਣਾਏ ਗਏ ਤੀਜੇ ਫਰੰਟ ਦਾ ਕੋਈ ਭਵਿੱਖ ਨਹੀਂ ਹੈ ਕਿਉਂਕਿ ਇਨ੍ਹਾਂ ਦਾ ਮੇਲ ਸਿਰਫ ਰਾਜਨੀਤਿਕ ਹਿੱਤਾਂ ਲਈ ਹੋਇਆ ਹੈ। ਇਨ੍ਹਾਂ ਵਿੱਚੋਂ ਸੱਤ ਪਾਰਟੀਆਂ ਕੇਂਦਰ ਵਿੱਚ ਯੂ.ਪੀ.ਏ. ਸਰਕਾਰ ਦਾ ਸਮਰਥਨ ਕਰ ਰਹੀਆਂ ਹਨ। ਇਨ੍ਹਾਂ ਦੀ ਵਿਚਾਰਧਾਰਾ ਵੱਖ ਵੱਖ ਹੈ ਅਤੇ ਜਿਨ੍ਹਾਂ ਦਾ ਕੋਈ ਵੀ ਘੱਟੋ ਘੱਟ ਸਾਂਝਾ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਸ ਸਮੇਂ ਮੋਦੀ ਲਹਿਰ ਚੱਲ ਰਹੀ ਹੈ ਜਿਸ ਨੂੰ ਵੋਟਰਾਂ ਨੇ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣਾ ਤੈਅ ਕਰ ਲਿਆ ਹੈ। ਉਨ੍ਹਾਂ ਦੀ ਪ੍ਰਭਾਵਸ਼ਾਲੀ ਅਗਵਾਈ ਅੱਗੇ ਰਾਹੁਲ ਗਾਂਧੀ ਬਹੁਤ ਛੋਟਾ ਹੈ।
ਇਸ ਮੌਕੇ ਹਾਜ਼ਰ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ ਅਤੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਮਨਵੇਸ਼ ਸਿੱਧੂ ਵੀ ਮੌਜੂਦ ਸਨ।