ਬਰਨਾਲਾ, 1 ਜੂਨ (ਕੁਲਦੀਪ ਗਰੇਵਾਲ)- ਸੂਬੇ ਦੀ ਆਬੋ-ਹਵਾ, ਪਾਣੀ ਅਤੇ ਭੋਜਨ ਦੀ ਗੁਣਵਤਾ ਸੁਧਾਰ ਕੇ ਪੰਜਾਬ ਵਾਸੀਆਂ ਨੂੰ ਰਹਿਣ-ਸਹਿਣ ਲਈ ਵਧੀਆ ਮਾਹੌਲ ਸਿਰਜਣ ਦੇ ਨਾਲ-ਨਾਲ ਇਸ ਨੂੰ ਦੇਸ਼ ਦਾ ਸਭ ਤੋਂ ਸਿਹਤਮੰਦ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਵਲੋਂ ‘ਤੰਦਰੁਸਤ ਪੰਜਾਬ‘ ਨਾਂ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਦਸਿਆ ਕਿ ਮਿਸ਼ਨ ‘ਤੰਦਰੁਸਤ ਪੰਜਾਬ‘ 5 ਜੂਨ ਤੋਂ ਸੂਬਾ ਪਧਰ ‘ਤੇ ਆਰੰਭਿਆ ਜਾ ਰਿਹਾ ਹੈ ਅਤੇ ਬਰਨਾਲਾ ਜ਼ਿਲੇ ‘ਚ ਵੀ ਇਸੇ ਦਿਨ ਸਥਾਨਕ ਗਰਚਾ ਰੋਡ ‘ਤੇ ਸਥਿਤ ਗਰੈਂਡ ਗਰੇਵਾਲ ਰਿਜ਼ੋਰਟ ਵਿਖੇ ਇਕ ਜ਼ਿਲਾ ਪਧਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਉਨਾਂ ਦਸਿਆ ਕਿ ਇਸ ਪ੍ਰੋਗਰਾਮ ਦੌਰਾਨ ਜਾਗਰੂਕਤਾ ਪ੍ਰੋਗਰਾਮ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ‘ਚ ਯੋਗਦਾਨ ਪਾਉਣ ਵਾਲੀਆਂ ਸਮਾਜਕ ਹਸਤੀਆਂ ਤੇ ਕਿਸਾਨਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ 1000 ਬੂਟੇ ਵੰਡਣ ਦਾ ਵੀ ਟੀਚਾ ਮਿਥਿਆ ਗਿਆ ਹੈ।ਸ਼੍ਰੀ ਗੁਪਤਾ ਨੇ ਦਸਿਆ ਕਿ ਇਸ ਮਿਸ਼ਨ ਅਧੀਨ ਵਖ-ਵਖ ਵਿਭਾਗ ਜਿਥੇ ਭਲਾਈ ਯੋਜਨਾਵਾਂ ਦਾ ਲਾਭ ਲੋਕਾਂ ਤਕ ਪਹੁੰਚਾਉਣ ਲਈ ਹੋਰ ਸਾਰਥਕ ਯਤਨ ਕਰਨਗੇ ਉਥੇ ਹੀ ਵਾਤਾਵਰਣ ਜਾਂ ਪਾਣੀ ਨੂੰ ਪ੍ਰਦੂਸ਼ਤ ਕਰਨ ਵਾਲਿਆਂ ਅਤੇ ਦੁਧ, ਜਾਂ ਦੁਧ ਤੋਂ ਬਣੇ ਹੋਰ ਖਾਧ ਪਦਾਰਥਾਂ ਸਮੇਤ ਹਰੇਕ ਤਰਾਂ ਦੀ ਖਾਣ ਪੀਣ ਸਮਗਰੀ ‘ਚੋਂ ਮਿਲਾਵਟਖੋਰੀ ਦਾ ਮੁਕੰਮਲ ਖ਼ਾਤਮਾ ਕਰਨ ਲਈ ਵੀ ਸਖ਼ਤ ਕਦਮ ਪੁਟਣਗੇ। ਉਨਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਵਿਚ ਕਿਸੇ ਤਰਾਂ ਦੀ ਵੀ ਮਿਲਾਵਟਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਮਿਸ਼ਨ ਦੀ ਸਫ਼ਲਤਾ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਸਿਹਤ ਵਿਭਾਗ, ਸਿਖਿਆ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਖੇਤੀਬਾੜੀ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਡ ਵਿਭਾਗ, ਵਣ ਵਿਭਾਗ, ਡਰੇਨੇਜ਼ ਸਮੇਤ ਵਖ-ਵਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ‘ਚ ਇਸ ਸਬੰਧੀ ਹੋਈ ਇਕ ਮੀਟਿੰਗ ਦੌਰਾਨ ਇਸ ਮਿਸ਼ਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨਾਂ ਕਿਹਾ ਕਿ ‘ਤੰਦਰੁਸਤ ਪੰਜਾਬ‘ ਮਿਸ਼ਨ ਤਹਿਤ ਲੋਕਾਂ ਨੂੰ ਸਿਹਤ ਸੰਭਾਲ, ਪ੍ਰਦੂਸ਼ਣ ਮੁਕਤ ਚੌਗਿਰਦੇ ਦੀ ਸਿਰਜਣਾ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਤਕ ਸੁਵਿਧਾਵਾਂ ਪਹੁੰਚਾਉਣੀਆਂ ਯਕੀਨੀ ਬਣਾਈਆਂ ਜਾਣ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਮਿਸ਼ਨ ਦੀ ਸਫ਼ਲਤਾ ਲਈ ਰਾਜ ਪਧਰ ‘ਤੇ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਹੈ ਅਤੇ ਸਮੇਂ-ਸਮੇਂ ‘ਤੇ ਪ੍ਰਾਪਤ ਹੋਣ ਵਾਲੇ ਦਿਸ਼ਾ ਨਿਰਦੇਸ਼ਾਂ ਤੋਂ ਇਲਾਵਾ ਜ਼ਿਲਾ ਪਧਰ ‘ਤੇ ਕੁਝ ਹੋਰ ਅਹਿਮ ਉਪਰਾਲਿਆਂ ਨੂੰ ਵੀ ਮਿਸ਼ਨ ਤਹਿਤ ਨੇਪਰੇ ਚੜਾਉਣ ਵਲ ਧਿਆਨ ਦਿਤਾ ਜਾਵੇਗਾ ਤਾਂ ਜੋ ਵਧ ਤੋਂ ਵਧ ਲੋਕਾਂ ਨੂੰ ਮੁਹਿੰਮ ਦਾ ਹਿਸਾ ਬਣਾਉਂਦੇ ਹੋਏ ਸੁਵਿਧਾਵਾਂ ਦਿਤੀਆਂ ਜਾ ਸਕਣ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰਵੀਨ ਕੁਮਾਰ, ਸਹਾਇਕ ਕਮਿਸ਼ਨਰ (ਜ) ਮਨਕੰਵਲ ਸਿੰਘ ਚਾਹਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਹਿਮਾਂਸ਼ੂ ਗੁਪਤਾ, ਸਿਵਲ ਸਰਜਨ ਡਾ. ਜੁਗਲ ਕਿਸ਼ੋਰ, ਐਕਸੀਅਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਹਰਜੀਤ ਸਿੰਘ, ਮੁਖ ਖੇਤੀਬਾੜੀ ਅਫ਼ਸਰ ਰਛਪਾਲ ਸਿੰਘ ਖੋਸਾ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸੰਜੀਵ ਕੁਮਾਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
‘ਤੰਦਰੁਸਤ ਪੰਜਾਬ’ ਮਿਸ਼ਨ 5 ਨੂੰ ਸ਼ੁਰੂ ਹੋਵੇਗਾ : ਡੀ.ਸੀ.



