ਬਲਾਕ ਸੰਮਤੀ ਮਾਛੀਵਾੜਾ ਦਾ 1.47 ਕਰੋੜ ਦਾ ਬਜਟ ਪਾਸ

image ਮਾਛੀਵਾੜਾ ਸਾਹਿਬ 25 ਫਰਵਰੀ (ਕਰਮਜੀਤ ਸਿੰਘ ਆਜ਼ਾਦ)-ਬਲਾਕ ਸੰਮਤੀ ਮਾਛੀਵਾੜਾ ਦੇ ਸਮੂਹ ਮੈਂਬਰਾਂ ਦੀ ਇੱਕ ਮੀਟਿੰਗ ਅੱਜ ਦਫ਼ਤਰ ਵਿਖੇ ਚੇਅਰਮੈਨ ਗੁਰਚਰਨ ਸਿੰਘ ਟੋਡਰਪੁਰ ਅਤੇ ਉਪ ਚੇਅਰਮੈਨ ਗੁਰਚਰਨ ਸਿੰਘ ਮਿੱਠੇਵਾਲ ਦੀ ਅਗਵਾਈ ਵਿਚ ਹੋਈ ਜਿਸ ਵਿਚ ਸਰਬਸੰਮਤੀ ਨਾਲ 2014-15 ਦਾ 1.47 ਕਰੋੜ ਦਾ ਬਜਟ ਪਾਸ ਕਰ ਦਿੱਤਾ ਗਿਆ। ਅੱਜ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਗੁਰਚਰਨ ਸਿੰਘ ਟੋਡਰਪੁਰ ਅਤੇ ਉਪ ਚੇਅਰਮੈਨ ਗੁਰਚਰਨ ਸਿੰਘ ਮਿੱਠੇਵਾਲ ਨੇ ਦੱਸਿਆ ਕਿ 2014-15 ਵਿਚ ਬਲਾਕ ਸੰਮਤੀ ਮਾਛੀਵਾੜਾ ਨੂੰ 1.50 ਕਰੋੜ ਦੀ ਆਮਦਨ ਹੋਣ ਦੀ ਸੰਭਾਵਨਾ ਹੈ ਅਤੇ ਇਸ ਸਾਲ 1.47 ਕਰੋੜ ਅਮਲੇ ਦੀਆਂ ਤਨਖ਼ਾਹਾਂ ਅਤੇ ਹੋਰ ਵਿਕਾਸ ਕਾਰਜਾਂ ਲਈ ਖਰਚੇ ਜਾਣਗੇ।

ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਵੀ ਪਾਸ ਕੀਤਾ ਗਿਆ ਕਿ ਬਲਾਕ ਸੰਮਤੀ ਦਫ਼ਤਰ ਦੇ ਬਾਹਰ ਪ੍ਰਮੁੱਖ ਰੋਡ ਤੇ ਜੋ ਪੰਚਾਇਤੀ ਜਮੀਨ ਖਾਲੀ ਪਈ ਹੈ ਉਸ ਉਪਰ ਦੁਕਾਨਾਂ ਦੀ ਉਸਾਰੀ ਕੀਤੀ ਜਾਵੇਗੀ ਜਿਸ ਨਾਲ ਆਮਦਨ ਵਧੇਗੀ ਅਤੇ ਨਾਲ ਹੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਤੋਂ ਇਲਾਵਾ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਪਿੰਡਾਂ ਦੇ ਵਿਕਾਸ ਲਈ ਜੋ ਗਰਾਂਟਾਂ ਮਿਲੀਆਂ ਹਨ ਉਸਨੂੰ ਮਨਰੇਗਾ ਯੋਜਨਾ ਨਾਲ ਜੋੜ ਕੇ ਵਿਕਾਸ ਲਈ ਖਰਚੇ ਜਾਣਗੇ ਤਾਂ ਜੋ ਪਿੰਡਾਂ ਵਿਚ ਲੋਕਾਂ ਦੀ ਮੰਗ ਅਨੁਸਾਰ ਜੋ ਅਧੂਰੇ ਕੰਮ ਪਏ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਾਕ ਪੰਚਾਇਤ ਅਫਸਰ ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ, ਚਰਨਜੀਤ ਸਿੰਘ, ਮਹਿੰਦਰ ਕੌਰ, ਜੋਗਿੰਦਰ ਸਿੰਘ, ਹਰਦੀਪ ਸਿੰਘ ਢਿੱਲੋਂ, ਕੁਲਵਿੰਦਰ ਕੌਰ, ਜਸਪਾਲ ਸਿੰਘ, ਸਮਸ਼ੇਰ ਸਿੰਘ, ਪਰਮਜੀਤ ਸਿੰਘ, ਮਲਾਗਰ ਸਿੰਘ, ਪਰਮਜੀਤ ਕੌਰ, ਰਾਜਵਿੰਦਰ ਕੌਰ ਗੁਰੋਂ, ਬੇਅੰਤ ਕੌਰ (ਸਾਰੇ ਮੈਂਬਰ ਬਲਾਕ ਸੰਮਤੀ),  ਗੁਰਮਿੰਦਰ ਸਿੰਘ ਸੁਪਰਡੈਂਟ, ਸੀ.ਡੀ.ਪੀ.ਓ. ਸ੍ਰੀਮਤੀ ਸੰਤੋਸ਼ ਕੁਮਾਰੀ, ਗੁਰਜੀਤ ਸਿੰਘ ਸੈਮ, ਸਤਨਾਮ ਸਿੰਘ ਗੁਰੂਗੜ੍ਹ, ਜਸਵੀਰ ਸਿੰਘ, ਸੁਰਿੰਦਰ ਸਿੰਘ, ਚਮਨ ਲਾਲ ਅਤੇ ਕਰਨੈਲ ਸਿੰਘ ਸ਼ੇਰਪੁਰ ਵੀ ਮੌਜੂਦ ਸਨ।

Send this to a friend