Skip to content
Independent perspectives. Global stories.
BREAKING

ਸੁਖਬੀਰ ਸਿੰਘ ਬਾਦਲ ਨੇ ਸੰਤ ਸੀਚੇਵਾਲ ਨੂੰ ਸਰਨਾ ਪਰਿਵਾਰ ਨੂੰ ਕਲੀਨ ਚਿਟ ਦੇਣ ਦੀਆਂ ਕੋਸ਼ਿਸ਼ਾਂ ਤੋਂ ਜਾਣੂੰ ਕਰਵਾਇਆ

Share this story

ਸ਼ਾਹਕੋਟ, 23 ਮਈ (ਸੁਰਿੰਦਰ ਸਿੰਘ ਖਾਲਸਾ)- ਚੋਣ ਪ੍ਰਚਾਰ ਨੂੰ ਤੇਜ ਕਰਦਿਆ ਅੱਜ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਵਲੋਂ ਬਿਆਸ ਦਰਿਆ ਨੂੰ ਪਲੀਤ ਕਰਕੇ ਪਾਣੀ ਦੇ ਜੀਵ ਜੰਤੂਆਂ ਅਤੇ ਮਨੁਖੀ ਜ਼ਿੰਦਗੀਆਂ ਨੂੰ ਪਹੁੰਚਾਏ ਨੁਕਸਾਨ ਬਾਰੇ ਚਰਚਾ ਕੀਤੀ।ਕਲ੍ਹ ਸ਼ਾਮੀ ਇਥੇ ਨਿਰਮਲ ਕੁਟੀਆ ਦੇ ਮੁਖੀ ਸੰਤ ਸੀਚੇਵਾਲ ਤੋਂ ਆਸ਼ੀਰਵਾਦ ਲੈਣ ਲਈ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਨੇ ਸੰਤ ਜੀ ਦਸਿਆ ਕਿ ਕਿਸ ਤਰ੍ਹਾ ਸਰਨਾ ਪਰਿਵਾਰ ਨੂੰ ਕਲੀਨ ਚਿਟ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਨੂੰ ਇਹ ਕਹਿਣ ਲਈ ਆਖਿਆ ਜਾ ਰਿਹਾ ਹੈ ਕਿ ਸਭ ਕੁਝ ਠੀਕ ਹੈ ਜਦਕਿ ਸਾਨੂੰ ਸਭ ਨੂੰ ਦਿਸ ਰਿਹਾ ਹੈ ਕਿ ਬਿਆਸ ਦਰਿਆ ਅਤੇ ਵਾਤਾਵਰਣ ਨੂੰ ਕਿੰਨਾ ਭਾਰੀ ਨੁਕਸਾਨ ਪਹੁੰਚਿਆ ਹੈ।ਸੰਤ ਸੀਚੇਵਾਲ ਨੇ ਸਹਿਮਤੀ ਜਤਾਉਂਦਿਆਂ ਇਸ ਨੂੰ ਮੰਦਭਾਗਾ ਦਸਿਆ।ਉਨ੍ਹਾਂ ਕਿਹਾ ਕਿ ਬਿਆਸ ਦਰਿਆ ਦਾ ਪਾਣੀ ਇੰਨਾ ਜ਼ਿਆਦਾ ਪਲੀਤ ਕਰ ਦਿਤਾ ਕਿ ਹਜ਼ਾਰਾਂ ਟਨ ਮਛੀਆਂ ਮਰ ਗਈਆਂ ਅਤੇ ਮਾਲਵਾ ਖੇਤਰ ਅਤੇ ਰਾਜਸਥਾਨ ਦੇ ਕੁਝ ਹਿਸਿਆਂ ਨੂੰ ਜਾਂਦਾ ਪੀਣ ਵਾਲਾ ਪਾਣੀ ਵੀ ਬੁਰੀ ਪਲੀਤ ਹੋ ਚੁਕਿਆ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਕੋਈ ਚਾਹੇ ਕਿੰਨਾ ਵੀ ਰਸੂਖਵਾਨ ਕਿਉਂ ਨਾ ਹੋਵੇ, ਪਰ ਕਿਸੇ ਨੂੰ ਸਾਡੇ ਦਰਿਆਵਾਂ ਨੂੰ ਪਲੀਤ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਸਾਰੀਆਂ ਸਰਕਾਰਾਂ ਨੂੰ ਵਾਤਾਵਰਣ ਦੀ ਰਾਖੀ ਲਈ ਪ੍ਰਤੀਬਧ ਹੋਣਾ ਚਾਹੀਦਾ ਹੈ।
ਸਰਨਾ ਪਰਿਵਾਰ ਦੀ ਖੰਡ ਮਿਲ ਵਲੋਂ ਵਾਤਾਵਰਣ ਦੀ ਕੀਤੀ ਤਬਾਹੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਬਾਦਲ ਨੇ ਨਿਰਮਲ ਕੁਟੀਆ ਦੇ ਮੁਖੀ ਨੂੰ ਦਸਿਆ ਕਿ ਮਿਲ ਪ੍ਰਬੰਧਕਾਂ ਵਲੋਂ ਜਾਣਬੁਝ ਕੇ ਰਸਾਇਣ ਬਿਆਸ ਦਰਿਆ ਵਿਚ ਛਡੇ ਗਏ ਸਨ। ਉਹਨਾਂ ਕਿਹਾ ਕਿ ਭਾਰੀ ਮਾਤਰਾ ਵਿਚ ਜਲ ਜੀਵਾਂ ਦਾ ਨੁਕਸਾਨ ਕਰਨ ਅਤੇ ਪੀਣ ਦੇ ਪਾਣੀ ਲਈ ਬਿਆਸ ਦਰਿਆ ਉਤੇ ਨਿਰਭਰ ਕਰਦੀਆਂ ਲਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਰੇ ਵਿਚ ਪਾਉਣ ਦੇ ਬਾਵਜੂਦ ਅਜੇ ਤਕ ਸਿਰਫ ਇਸ ਕਰਕੇ ਸਰਨਾ ਪਰਿਵਾਰ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ, ਕਿਉਂਕਿ ਪਰਮਜੀਤ ਸਰਨਾ ਮੁਖ ਮੰਤਰੀ ਦਾ ਨਿਜੀ ਦੋਸਤ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਸੰਤ ਸੀਚੇਵਾਲ ਨੂੰ ਇਹ ਵੀ ਦਸਿਆ ਕਿ ਕਾਂਗਰਸ ਸਰਕਾਰ ਖੰਡ ਮਿਲ ਦੇ ਮਾਲਕਾਂ ਦੀ ਹਿਫਾਜ਼ਤ ਕਰ ਰਹੀ ਹੈ ਅਤੇ ਕਾਨੂੰਨ ਮੁਤਾਬਿਕ ਉਹਨਾਂ ਖ਼ਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਰਹੀ ਹੈ।  ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਇਕ ਬਹੁਤ ਹੀ ਖਤਰਨਾਕ ਪਿਰਤ ਪੈ ਚਲੀ ਹੈ। ਉਹਨਾਂ ਕਿਹਾ ਕਿ ਹੁਣ ਵਾਤਾਵਰਣ ਦਾ ਘਾਣ ਕਰਨ ਵਾਲਿਆਂ ਨੂੰ ਪ੍ਰਸਾਸ਼ਨਕ ਕਾਰਵਾਈ ਦਾ ਕੋਈ ਡਰ ਨਹੀਂ ਰਹੇਗਾ, ਕਿਉਂਕਿ ਕਾਂਗਰਸ ਸਰਕਾਰ ਨੇ ਖੰਡ ਮਿਲ ਦੇ ਮਾਲਕਾਂ ਦੀ ਗਿਰਫਤਾਰੀ ਸਮੇਤ ਉਹਨਾਂ ਖ਼ਿਲਾਫ ਕੋਈ ਵੀ ਨਾ ਕਾਰਵਾਈ ਕਰਕੇ ਬਾਕੀਆਂ ਦੇ ਮਨਾਂ ਵਿਚੋਂ ਵੀ ਕਾਨੂੰਨ ਦਾ ਡਰ ਚਕ ਦਿਤਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਸੰਤ ਸੀਚੇਵਾਲ ਨੂੰ ਇਹ ਵੀ ਦਸਿਆ ਕਿ ਇਸ ਸਾਰੇ ਮਾਮਲੇ ਦੀ ਨਿਰਪਖ ਜਾਂਚ ਕਰਵਾਉਣ ਵਾਸਤੇ ਅਕਾਲੀ ਦਲ ਨੇ ਕੇਂਦਰੀ ਮੰਤਰਾਲੇ ਤਕ ਪਹੁੰਚ ਕੀਤੀ ਹੈ ਅਤੇ ਕੇਂਦਰ ਵਲੋਂ ਜਲਦੀ ਹੀ ਇਸ ਜਾਂਚ ਵਾਸਤੇ ਇਕ ਟੀਮ ਭੇਜੀ ਜਾ ਰਹੀ ਹੈ।
ਸਰਦਾਰ ਬਾਦਲ ਨੇ ਸੰਤ ਸੀਚੇਵਾਲ ਨੂੰ ਇਹ ਵੀ ਦਸਿਆ ਕਿ ਦਰਿਆਵਾਂ ਨੂੰ ਪਲੀਤ ਕਰਨ ਤੋਂ ਇਲਾਵਾ ਕਾਂਗਰਸੀ ਵਡੇ ਪਧਰ ਉਤੇ ਗੈਰ ਕਾਨੂੰਨੀ ਮਾਈਨਿੰਗ ਕਰਕੇ ਦਰਿਆਵਾਂ ਦੇ ਕਿਨਾਰਿਆਂ ਨੂੰ ਕਮਜ਼ੋਰ ਕਰ ਰਹੇ ਹਨ। ਉਹਨਾਂ ਇਹ ਵੀ ਦਸਿਆ ਕਿ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ  ਲਾਡੀ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੇ ਵੀਡਿਓਗ੍ਰਾਫਿਕ ਸਬੂਤਾਂ ਦੇ ਬਾਵਜੂਦ ਕਾਂਗਰਸ ਨੇ ਉਸ ਨੂੰ ਸ਼ਾਹਕੋਟ ਜ਼ਿਮਨੀ ਚੋਣ ਵਾਸਤੇ ਟਿਕਟ ਦੇ ਦਿਤੀ ਹੈ।  ਉਹਨਾਂ ਕਿਹਾ ਕਿ ਇਸ ਮਗਰੋਂ ਸਾਰੇ ਸਹੀ ਸੋਚ ਰਖਣ ਵਾਲੇ ਵਿਅਕਤੀਆਂ ਨੇ ਇਕ ਮਾਫੀਆ ਸਰਗਨੇ ਦੀ ਪੁਸ਼ਤਪਨਾਹੀ ਕਰਨ ਵਾਸਤੇ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਹੈ। ਸਰਦਾਰ ਬਾਦਲ ਨੇ ਇਸ ਨੇਕ ਕਾਰਜ ਲਈ ਸੰਤ ਸੀਚੇਵਾਲ ਤੋਂ ਆਸ਼ੀਰਵਾਦ ਮੰਗਿਆ ਜੋ ਸੰਤਾਂ ਨੇ ਤੁਰੰਤ ਦੇ ਦਿਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਂਸਦ ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆ, ਹੰਸ ਰਾਜ ਹੰਸ, ਪਵਨ ਟੀਨੂੰ ਅਤੇ ਰਜਿੰਦਰ ਸਿੰਘ ਮਹਿਤਾ ਵੀ ਹਾਜ਼ਿਰ ਸਨ।

WRITTEN BY