ਅਕਾਲੀ ਦਲ ਵਿਰੁੱਧ ਨਵੇਂ ਜੋਸ਼ੋ-ਖਰੋਸ਼ ਨਾਲ ਟੱਕਰ ਲੈਣ ਦਾ ਐਲਾਨ
ਅੰਮ੍ਰਿਤਸਰ, 22 ਮਈ- ਪਟਿਆਲਾ ਦੇ 30 ਸਾਲ ਪੁਰਾਣੇ ਰੋਡਰੇਜ਼ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਬਰੀ ਹੋਣ ਮਗਰੋਂ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ ਮੰਗਲਵਾਰ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮਥਾ ਟੇਕਣ ਪੁਜੇ ਤੇ ਵਾਹਿਗੁਰੂ ਦੇ ਸ਼ੁਕਰਾਨਾ ਕੀਤਾ। ਇਸ ਦੌਰਾਨ ਉਨ੍ਹਾਂ ਗੁਰਬਾਣੀ ਦਾ ਜਾਪ ਵੀ ਕੀਤਾ।ਸ. ਸਿਧੂ ਨੇ ਇਸ ਮੌਕੇ ਐਲਾਨ ਕੀਤਾ ਕਿ ਉਹ ਅਕਾਲੀ ਦਲ ਨਾਲ ਹੁਣ ਨਵੇਂ ਜੋਸ਼ ਤੇ ਖਰੋਸ਼ ਨਾਲ ਟਕਰ ਲੈਣਗੇ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਦਾ ਫੈਸਲਾ ਹੋਣ ਨਾਲ ਨਸ਼ੇ ਦੀ ਤਸਕਰੀ ਸਬੰਧੀ ਦੇਸ਼ ਤੇ ਪੰਜਾਬ ਦੇ ਲੋਕਾਂ ਸਾਹਮਣੇ ਸਚ ਆ ਜਾਵੇਗਾ।ਇਸ ਨਾਲ ਉਨ੍ਹਾਂ ਬਿਕਰਮ ਸਿੰਘ ਮਜੀਠੀਆ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਚਿਟੇ ਦੇ ਵਪਾਰੀ ਲਾਜ਼ਮੀ ਜੇਲ੍ਹ ‘ਚ ਹੋਣਗੇ।ਬਿਆਸ ਦਰਿਆ ’ਚ ਸ਼ਰਾਬ ਫੈਕਟਰੀ ਵੱਲੋਂ ਜ਼ਹਿਰ ਸੁੱਟਣ ਦੇ ਮੁੱਦੇ ਉਪਰ ਬੋਲਦਿਆਂ ਸ. ਸਿਧੂ ਨੇ ਕਿਹਾ ਕਿ ਇਸ ਬਾਰੇ ਸਰਕਾਰ ਸਖ਼ਤ ਕਾਰਵਾਈ ਕਰੇਗੀ।ਉਨ੍ਹਾਂ ਕਿਹਾ ਪਿਛਲੀ ਅਕਾਲੀ-ਭਜਪਾ ਸਰਕਾਰ ਵੇਲੇ ਵੀ ਕਰੋੜਾਂ ਦੇ ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਦਾ ਦਾਅਵਾ ਕੀਤਾ ਗਿਆ ਪਰ ਉਨ੍ਹਾਂ ‘ਚੋਂ ਕੰਮ ਇਕ ਵੀ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅਖ਼ੀਰ ਤਕ 40 ਐਸਟੀਪੀ ਚਾਲੂ ਹੋ ਜਾਣਗੇ।ਉਨ੍ਹਾਂ ਦੋਸ਼ ਲਾਇਆ ਕਿ 2019 ਦੀ ਚੋਣ ਨੇੜੇ ਹੋਣ ਕਾਰਨ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਜੀਐਸਟੀ ਦੇ ਮੁਦਾ ਉਠਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਸ਼ਾਹਕੋਟ ਜਾ ਕੇ ਅਕਾਲੀਆਂ ਦੀ ਪੋਲ ਖੋਲ੍ਹਣਗੇ।



