ਪੰਜਾਬ ਦੇਸ਼ ਭਰ ਦਾ ਵਾਧੂ ਬਿਜਲੀ ਵਾਲਾ ਸੂਬਾ : ਢੀਂਡਸਾ

17 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ 220 ਕੇਵੀ ਗਰਿੱਡ ਦਾ ਕੀਤਾ ਉਦਘਾਟਨ
image ਬਰਨਾਲਾ, 24 ਫਰਵਰੀ (ਕੁਲਦੀਪ ਸੂਦ, ਪ੍ਰਮੋਦ ਕਾਂਸਲ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਸਦਕਾ ਬਿਜਲੀ ਖੇਤਰ ਵਿੱਚ ਹੋਏ ਸੁਧਾਰਾਂ ਤਹਿਤ ਪੰਜਾਬ ਦੇਸ਼ ਭਰ ਦਾ ਵਾਧੂ ਬਿਜਲੀ ਵਾਲਾ ਸੂਬਾ ਬਣ ਚੁੱਕਿਆ ਹੈ। ਇਹਨਾਂ ਵਿਚਾਰਾਂ ਪ੍ਰਗਟਾਵਾ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਸਕੱਤਰ ਜਨਰਲ ਸ੍ਰੋਮਣੀ ਅਕਾਲੀ ਦਲ ਨੇ ਧਨੌਲਾ ਵਿਖੇ 17 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ 220 ਕੇ.ਵੀ. ਗਰਿੱਡ ਦਾ ਉਦਘਾਟਨ ਕਰਨ ਮੌਕੇ ਕਰਵਾਏ ਸਮਾਗਮ ਦੌਰਾਨ ਇਕੱਤਰ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ। ਉਨ੍ਹਾਂ ਕਿਹਾ ਇਸ ਸਾਲ ਦੇ ਅੰਤ ਤੱਕ ਸੂਬੇ ਦੇ ਲੋਕਾਂ ਨੂੰ 24 ਘੰਟੇ ਬਿਜਲੀ ਪ੍ਰਾਪਤ ਹੋਵੇਗੀ। ਉਨ੍ਹਾਂ ਦੱਸਿਆ

ਕਿ 1980 ਮੈਗਾਵਾਟ ਵਾਲੇ ਤਲਵੰਡੀ ਸਾਬੋਂ ਥਰਮਲ ਪਲਾਂਟ ਦਾ 660 ਮੈਗਾਵਾਟ ਦੀ ਸਮਰੱਥਾ ਵਾਲਾ ਪਹਿਲਾਂ ਯੂਨਿਟ ਅਤੇ 1400 ਮੈਗਾਵਾਟ ਵਾਲੇ ਰਾਜਪੁਰਾ ਥਰਮਲ ਪਲਾਂਟ ਦਾ 700 ਮੈਗਾਵਾਟ ਦਾ ਪਹਿਲਾ ਯੂਨਿਟ ਚਾਲੂ ਹੋ ਚੁੱਕੇ ਹਨ ਅਤੇ ਗੋਇੰਦਵਾਲ ਸਾਹਿਬ ਦਾ 270 ਮੈਗਾਵਾਟ ਸਮਰੱਥਾ ਵਾਲਾ ਪਹਿਲਾ ਯੂਨਿਟ ਜਲਦੀ ਹੀ ਬਿਜਲੀ ਉਤਪਾਦਨ ਸ਼ੁਰੂ ਕਰ ਦੇਵੇਗਾ। 
ਸ. ਢੀਂਡਸਾ ਨੇ ਕਿਹਾ ਧਨੋਲਾ ਵਿਖੇ ਚਾਲੂ ਹੋਣ ਵਾਲੇ ਇਸ 220 ਕੇ.ਵੀ. ਗਰਿੱਡ ਨਾਲ ਜਿੱਥੇ ਜ਼ਿਲ੍ਹਾ ਬਰਨਾਲਾ ਦੇ ਲੋਕਾਂ ਨੂੰ 24 ਘੰਟੇ ਬਿਜਲੀ ਮਿਲੇਗੀ, ਉਥੇ ਸ਼ਹਿਰ ਸੰਗਰੂਰ ਨੂੰ ਵੀ ਇਸਦਾ ਵਾਧੂ ਲਾਭ ਹੋਵੇਗਾ। ਉਨ੍ਹਾਂ ਦੱਸਿਆ ਇਸ ਗਰਿੱਡ ਦੇ ਸ਼ੁਰੂ ਹੋਣ ਤੋਂ ਪਹਿਲਾ 220 ਕੇ. ਵੀ. ਗਰਿੱਡ ਹੰਡਿਆਇਆ ਤੋਂ 66 ਕੇ.ਵੀ. ਲਾਈਨ ਧਨੌਲਾ ਨੂੰ ਆਉਂਦੀ ਸੀ, ਜਿੱਥੇ ਅੱਗੇ ਸਬ ਸਟੇਸ਼ਨ ਪਿੰਡ ਕੱਟੂ, ਬਡਰੁੱਖਾਂ, ਢੱਡਰੀਆਂ, ਬਡਬਰ, ਧਨੌਲਾ ਅਤੇ ਅਸਪਾਲ ਕਲਾਂ 66 ਕੇ.ਵੀ. ਗਰਿੱਡਾਂ ਨੂੰ ਵੀ ਸਪਲਾਈ ਜਾਂਦੀ ਸੀ। ਜਿਸ ਨਾਲ ਓਵਰਲੋਡ ਵਾਧੂ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬ ਸਟੇਸ਼ਨ ਨੂੰ ਚਾਰ 200 ਕੇ.ਵੀ. ਲਾਈਨਾਂ ਰਾਹੀ, ਜਿਨ੍ਹਾਂ ਵਿੱਚ ਲਹਿਰਾ ਮੁਹੱਬਤ, ਮਾਨਸਾ, ਭਲਵਾਨ-1 ਅਤੇ ਭਲਵਾਨ-2 ਨੂੰ ਜੋੜਿਆ ਗਿਆ  ਹੈ। ਉਨਾਂ ਦੱਸਿਆ ਇਸ ਗਰਿੱਡ ਦੇ ਚਾਲੂ ਹੋਣ ਨਾਲ ਉਪਰੋਕਤ ਪੰਜਾਂ 66 ਕੇ.ਵੀ. ਸਬ ਸਟੇਸ਼ਨਾਂ ਦਾ ਭਾਰ ਘਟੇਗਾ ਅਤੇ ਆਲੇ ਦੁਆਲੇ ਦੇ 50 ਪਿੰਡਾਂ ਦੀ ਬਿਜਲੀ ਸਪਲਾਈ ਵਿੱਚ ਸੁਧਾਰ ਆਵੇਗਾ।  ਜ਼ਿਲ੍ਹਾ ਬਰਨਾਲਾ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਵੀ ਮਿਲੇਗੀ।
ਉਨ੍ਹਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵਿਕਾਸ ਦਾ ਮਸੀਹਾ ਦੱਸਦਿਆਂ ਕਿਹਾ ਕਿ ਰਾਜ ਦੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਜਿੰਨੀਆਂ ਸਕੀਮਾਂ ਸੂਬਾ ਸਰਕਾਰ ਵੱਲੋਂ ਉਲੀਕੀਆਂ ਗਈਆਂ ਹਨ, ਸ਼ਾਇਦ ਕਿਸੇ ਹੋਰ ਸਰਕਾਰ ਵੇਲੇ ਲੋਕ ਭਲਾਈ ਸਕੀਮਾਂ ਬਾਰੇ ਸੋਚਿਆ ਤੱਕ ਨਹੀ ਹੋਣਾ। ਸ. ਢੀਂਡਸਾ ਨੇ ਕਿਹਾ ਅੱਜ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਫਖ਼ਰ ਹੈ ਕਿ ਉਨ੍ਹਾ ਸੂਬੇ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਉਸ ਤੋਂ ਵੱਧਕੇ ਕੰਮ ਕਰਕੇ ਦਿਖਾਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਇੰਚਾਰਜ਼ ਭਦੌੜ ਸ. ਦਰਬਾਰਾ ਸਿੰਘ ਗੁਰੂ,ਗੁਰਬਚਨ ਸਿੰਘ ਬਚੀ ਡਾਇਰੈਕਟਰ ਪ੍ਰਬੰਧਕੀ ਪਾਵਰਕਾਮ, ਕੁਲਵੰਤ ਸਿੰਘ ਕੀਤੂ ਸੀਨੀਅਰ ਅਕਾਲੀ ਆਗੂ, ਸ. ਪਰਮਜੀਤ ਸਿੰਘ ਖਾਲਸਾ ਮੈਂਬਰ ਐਸ.ਜੀ.ਪੀ.ਸੀ, ਬਾਬਾ ਟੇਕ ਸਿੰਘ ਧਨੌਲਾ ਸੀਨੀਅਰ ਅਕਾਲੀ ਆਗੂ, ਬੀਰਇੰਦਰ ਸਿੰਘ ਜੈਲਦਾਰ, ਨਿਹਾਲ ਸਿੰਘ ਉਪਲੀ, ਪਰਮਜੀਤ ਸਿੰਘ ਢਿਲੋਂ, ਜਸਵਿੰਦਰ ਸਿੰਘ ਪੀ.ਏ.ਟੂ. ਸ. ਸੁਖਦੇਵ ਸਿੰਘ ਢੀਂਡਸਾ, ਸ. ਗੁਰਮੀਤ ਸਿੰਘ ਜੌਹਲ ਮੀਡੀਆਂ ਸਲਾਹਕਾਰ ਵਿੱਤ ਮੰਤਰੀ, ਗੁਰਤੇਜ਼ ਸਿੰਘ ਧੌਲਾ ਸਾਬਕਾ ਵਾਈਸ ਚੇਅਰਮੈਨ ਜ਼ਿਲ੍ਰਾ ਪ੍ਰੀਸ਼ਦ, ਬਾਬਾ ਬੂਟਾ ਸਿੰਘ ਮੈਂਬਰ ਐਸ.ਜੀ.ਪੀ.ਸੀ, ਸੁਖਵਿੰਦਰ ਸਿੰਘ ਪੱਪੀ, ਦਰਸ਼ਨ ਸਿੰਘ, ਮੱਖਣ ਸਿੰਘ, ਬੀਬੀ ਪਰਮਜੀਤ ਕੌਰ ਕੱਟੂ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪ੍ਰਵੀਨ ਕੁਮਾਰ, ਡੀ.ਐਸ.ਪੀ. ਸ. ਹਰਪਾਲ ਸਿੰਘ, ਇੰਜੀਨੀਅਰ ਨਵੀਨ ਗਰਗ, ਆਰ ਕੇ. ਸਰਮਾ ਚੀਫ ਇੰਜੀਨੀਅਰ ਪੀ.ਡੀ.ਐਮ, ਐਕਸ਼ੀਅਨ ਜਸਵੀਰ ਸਿੰਘ ਅਤੇ ਹੋਰ ਵੱਖ ਵੱਖ ਅਕਾਲੀ ਆਗੂ ਅਤੇ ਅਧਿਕਾਰੀ ਹਾਜ਼ਰ ਸਨ।

Send this to a friend