ਅਮ੍ਰਿਤਸਰ, 10 ਮਈ (ਕੁਲਵਿੰਦਰ ਸਿੰਘ ਖਿਦੋਵਾਲੀ)- ਕਦੇ ਸਮਾਂ ਸੀ ਜਦੋਂ ਸਭ ਤੋਂ ਵੱਧ ਸਾਫ ਤੇ ਸੁੱਧ ਹਵਾ ਖੇਤਾਂ ‘ਚੋ ਮਿਲਦੀ ਹੁੰਦੀ ਸੀ।ਖੇਤ ਸਗੋਂ ਵਾਯੂ ਮੰਡਲ ਨੂੰ ਸਾਫ ਰੱਖਣ ਦਾ ਬਹੁਤ ਵੱਡਾ ਕੁਦਰਤੀ ਸੋਮਾ ਵੀ ਸਨ ਜੋ ਆਲੇ-ਦੁਆਲੇ ਦੇ ਰਿਹਾਇਸ਼ੀ ਅਤੇ ਸਨਅਤੀ ਇਲਾਕੇ ‘ਚੋ ਪੈਦਾ ਹੁੰਦੇ ਹਵਾ ਦੇ ਪ੍ਰਦੂਸ਼ਣ ਨੂੰ ਸੋਖ ਲੈਂਦੇ ਸਨ ਪਰ ਅੱਜ ਹਲਾਤ ਬਿਲਕੁਲ ਉਲਟ ਹੋ ਗਏ ਹਨ ਕਿਉਂਕਿ ਹੁਣ ਖੇਤ ਖੁਦ ਹਵਾ ਨੂੰ ਪ੍ਰਦੂਸ਼ਿਤ ਕਰਨ ਦਾ ਸੋਮਾ ਬਣ ਗਏ ਹਨ।ਖੇਤੀ ਦੇ ਮਸ਼ੀਨੀਕਰਨ ਨੇ ਕਿਸਾਨ ਦੇ ਕੰਮਕਾਰ ਨੂੰ ਬਹੁਤ ਸੋਖਾ ਬਣਾ ਦਿੱਤਾ ਹੈ।ਹੁਣ ਕੰਬਾਈਨ ਨਾਲ ਥੋੜ੍ਹੇ ਦਿਨਾਂ ਵਿਚ ਹੀ ਸਾਰੀ ਫਸਲ ਸਾਂਭ ਲਈ ਜਾਂਦੀ ਹੈ,ਬੇਸ਼ੱਕ ਮਜ਼ਦੂਰਾਂ ਦੀ ਭਾਰੀ ਘਾਟ ਅਤੇ ਪੱਕੀ ਫਸਲ ਤੇ ਮੌਸਮ ਦੀ ਮਾਰ ਤੋ ਬਚਣ ਲਈ ਕੰਬਾਈਨ ਨਾਲ ਵਾਢੀ ਕਰਨੀ ਆਪਣੇ ਆਪ ਵਿਚ ਕੋਈ ਮਾੜੀ ਗੱਲ ਨਹੀਂ ਪਰ ਅਫਸੋਸ ਕਿ ਅੱਸੀ ਇਸ ਥੋੜ੍ਹੀ ਜਿਹੀ ਸਹੂਲਤ ਪਿੱਛੇ ਜੋ ਗਲਤੀ ਕਰ ਕਰ ਰਹੇ ਹਾਂ,ਉਸ ਨਾਲ ਸਾਡਾ ਸਭ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਮਜਬੂਰ ਹੈ ਕਿਸਾਨ। ਜੇਕਰ ਕਿਸਾਨ ਦਾ ਪੱਖ ਲਿਆ ਜਾਵੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕੀ ਕਰੇ ਕਿਸਾਨ। ਘਾਟੇਵੰਦੀ ਖੇਤੀ ਅਤੇ ਕਰਜ਼ੇ ਦੀ ਭਾਰੀ ਪੰਡ ਥੱਲੇ ਨੱਪਿਆ ਕਿਸਾਨ ਸਮੁੱਚੇ ਸਮਾਜ ਦਾ ਬੁਰਾ-ਭਲਾ ਸੋਚਣ ਦੇ ਸਮਰੱਥ ਨਹੀਂ ਹੈ।ਕਿਸਾਨ ਕੋਲ ਤਾਂ ਆਪਣੀ ਫਸਲ ਸਾਂਭਣ ਲਈ ਮਜ਼ਦੂਰ ਨਹੀਂ ਹਨ,ਉਹ ਖੇਤ ‘ਚੋ ਪਰਾਲੀ ਜਾ ਨਾੜ ਕਿਵੇਂ ਬਾਰਹ ਕੱਢੇ।ਦੂਜੇ ਪਾਸੇ ਡੀਜ਼ਲ ਦੇ ਅਸਮਾਨੀ ਰੇਟ ਹੋਣ ਕਰਕੇ ਨਾੜ ਜਾ ਪਰਾਲੀ ਨੂੰ ਮਿੱਟੀ ਵਿਚ ਦੱਬਣਾ ਵੀ ਛੋਟੇ ਕਿਸਾਨ ਦੇ ਵੱਸ ਤੋ ਬਾਹਰ ਹੈ।ਜੇਕਰ ਕਿਸਾਨ ਦੀ ਗੱਲ ਵੱਲ ਜਾਈਏ ਤਾਂ ਇਕ ਏਕੜ ਨਾੜ ਨੂੰ ਤਿਆਰ ਕਰਨ ਲਈ ਤਵੀਆਂ ਤੇ ਰੋਟਾਵੇਟਰ ਨਾਲ ਵਹਾਈ ਕਰਨੀ ਪੈਂਦੀ ਹੈ,ਜਿਸ ‘ਤੇ ਅੰਦਾਜ਼ਨ 2500 ਤੋ 3000 ਰੁਪਏ ਤੱਕ ਦਾ ਖਰਚਾ ਆਉਂਦਾ ਹੈ ਅਤੇ ਅਜਿਹਾ ਕਰਨ ਦੇ ਬਾਵਜੂਦ ਖੇਤ’ਚ ਝੋਨੇ ਦੀ ਲਵਾਈ ਉਪਰੰਤ ਖੇਤ ‘ਚ ਨੱਪਿਆ ਨਾੜ ਪਾਣੀ ਨਾਲ ਉਪਰ ਆ ਕਿ ਹਵਾ ਨਾਲ ਕੋਨਿਆਂ ਵਿਚ ਇਕੱਠਾ ਹੋ ਜਾਂਦਾ ਹੈ,ਜਿਸ ਨਾਲ ਝੋਨੇ ਦਾ ਭਾਰੀ ਨੁਕਸਾਨ ਹੁੰਦਾ ਹੈ,ਇਸ ਵਾਰ ਵੇਖਣ ਨੂੰ ਲੱਗਦਾ ਸੀ ਕਿਸਾਨ ਖੇਤ ਨੂੰ ਅੱਗ ਨਹੀਂ ਲਾਵੇਗਾ ਪਰ ਵੇਖੋ-ਵੇਖੀ (ਕੁਝ ਕਿਸਾਨਾਂ ਨੂੰ ਛੱਡ ਕਿ) ਲਗਭਗ ਸਾਰੇ ਕਿਸਾਨਾਂ ਦੀ ਸੋਚ ਮੁੜ ਇਸ ਅੱਗ ਦੀ ਲਪੇਟ ਆ ਗਈ ਹੈ। ਕੀ ਕਹਿਦੇ ਹਨ ਖੇਤੀ ਵਿਭਾਗ ਵਾਲੇ! ਜੇਕਰ ਖੇਤੀ ਵਿਭਾਗ ਦੇ ਅਧਿਕਾਰੀਆ ਦੀ ਸੁਣੀਆ ਤੇ ਉਨਾ ਦਾ ਕਹਿਣਾ ਹੇੈ ਕਿ ਖੇਤਾਂ ‘ਚ ਨਾੜ ਨਾ ਸਾੜਨ ਦਾ ਕੰਮ ਪ੍ਰਦੂਸ਼ਣ ਕੰਟਰੋਲ ਬੋਰਡ, ਖੇਤੀਬਾੜੀ, ਰੈਵੀਨਿਊ ਤੇ ਪੁਲਿਸ ਨੂੰ ਸਾਂਝੇ ਤੋਰ ‘ਤੇ ਸੌਂਪਿਆ ਗਿਆ ਸੀ।ਉਨ੍ਹਾਂ ਦਾ ਕੰਮ ਹੈ ਵੱਖ-ਵੱਖ ਪਿੰਡਾਂ ‘ਚ ਅਨਾਊਸਮੈਟ ਕਰਵਾਉਣ ਤੋ ਇਲਾਵਾ ਪ੍ਰਚਾਰ ਵੈਣਾਂ ਚਲਾ ਕੇ ਅਤੇ ਚੇਤਨਾ ਮਾਰਚ ਕੱਢ ਕੇ ਜਿਲ੍ਹਾ, ਬਲਾਕ ਤੇ ਪਿੰਡ ਪੱਧਰ ਤੇ ਕੈਂਪ ਲਾ ਕੇ ਕਿਸਾਨਾਂ ਵੱਲੋਂ ਲਾਈ ਜਾਂਦੀ ਅੱਗ ਦੇ ਨੁਕਸਾਨ ਤੋ ਜਾਣੂ ਕਰਵਾਇਆ ਜਾ ਰਿਹਾ ਹੈ।ਜਿਸ ਦੇ ਬਾਵਜੂਦ ਵੀ ਕਿਸਾਨ ਵਿਚ ਜਾਗਰਿਤੀ ਨਹੀਂ ਆ ਰਹੀ ਅਤੇ ਆਪਣੀ ਮਨਮਰਜ਼ੀ ਤੇ ਉਤਰ ਆਇਆ ਹੈ।ਉੁਨ੍ਹਾਂ ਦੱਸਿਆ ਕਿ ਸਰਕਾਰ ਵੱਲੋ ਖੇਤਾਂ ‘ਚ ਅੱਗ ਲਾਉਣ ਵਾਲੇ ਢਾਈ ਏਕੜ ਵਾਲੀ ਮਾਲਕੀ ਵਾਲੇ ਨੂੰ 2500, 2 ਤੋ 5 ਏਕੜ ਤੱਕ 5000, ਜਦ ਕਿ 5 ਏਕੜ ਤੋ ਉਪਰ ਦੀ ਮਾਲਕੀ ਵਾਲੇ ਨੂੰ 15000 ਰੁਪਏ ਜੁਰਮਾਨਾ ਨਿਰਧਾਰਿਤ ਕੀਤਾ ਗਿਆ ਹੈ। ਇਸ ਸਮੱਸਿਆ ਦੇ ਹੱਲ ਲਈ ਤਾਂ ਸਰਕਾਰਾਂ ਨੂੰ ਹੀ ਅੱਗੇ ਆਉਣਾ ਪਵੇਗਾ। ਕਾਹਲੀ ਦੇ ਜ਼ਮਾਨੇ ‘ਚ ਅਸੀਂ ਕੰਬਾਈਨ ਨਾਲ ਵੱਢੇ ਖੇਤ ਵਿਚ ਨਾੜ ਜਾਂ ਪਰਾਲੀ ਦੇ ਰੂਪ ਵਿਚ ਬਚੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਬਿਜਾਏ ਅਸੀਂ ਇਸ ਦਾ ਸਹੀ ਉਪਯੋਗ ਕਰ ਕੇ ਲਗਭਗ 3.50 ਲੱਖ ਟਨ ਨਿਰੋਲ ਉਪਯੋਗੀ ਤੱਤ ਹਰ ਸਾਲ ਪ੍ਰਾਪਤ ਕਰ ਸਕਦੇ ਹਾਂ। ਥੋੜ੍ਹੀ ਜਿਹੀ ਖੇਚਲ, ਸਮੇਂ ਅਤੇ ਕਫਾਇਤੀ ਢੰਗਾਂ ਨਾਲ ਵਾਧੂ ਬਚੇ ਨਾੜ ਜਾਂ ਪਰਾਲੀ ਤੋ ਨਾਈਟਰੋਜਨ,ਫਾਸਫੋਰਸ ਤੇ ਪੁਟਾਸ਼ ਵਰਗੇ ਤੱਤ ਹਾਸਲ ਕੀਤੇ ਜਾ ਸਕਦੇ ਹਨ, ਜਿੰਨਾਂ ਦਾ ਬਾਜ਼ਾਰੀ ਮੁੱਲ ਕਰੋੜਾਂ ‘ਚ ਬਣਦਾ। ਦੱਸਣ ਯੋਗ ਹੈ ਕੇ ਪੰਜਾਬ ਵਿਚ ਲਗਭਗ ਸਾਲਾਨਾ 10.2 ਲੱਖ ਟਨ ਨਾਈਟਰੋਜਨ, 2.08 ਲੱਖ ਟਨ ਫਾਸਫੋਰਸ ਤੇ 0.12 ਲੱਖ ਟਨ ਪੁਟਾਸ਼ ਦੀ ਖਪਤ ਹੁੰਦੀ ਹੈ।
ਕਿਸਾਨ ਅੱਗ ਦੀ ਲਪੇਟ ’ਚੋਂ ਨਹੀਂ ਨਿਕਲੇ ਬਾਹਰ



