ਤਲਵੰਡੀ ਸਾਬੋ, 6 ਮਈ (ਰਾਮ ਰੇਸ਼ਮ ਸ਼ਰਨ)- ਬੀਤੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਫਰ ਦੌਰਾਨ ਮੈਟਰੋ ਰੇਲਵੇ ਸਟੇਸ਼ਨ ਤੇ ਅਮ੍ਰਿੰਤਧਾਰੀ ਸਿੱਖ ਨੂੰ ਕ੍ਰਿਪਾਨ ਸਮੇਤ ਸਫਰ ਨਾ ਕਰਨ ਦੇਣ ਤੇ ਅੱਜ ਇੱਕ ਵਫਦ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਮੰਗ ਪੱਤਰ ਸੌਂਪਿਆ। ਭਾਈ ਗੁਰਦੀਪ ਸਿੰਘ ਰੋਮਾਣਾ ਨਾਮੀ ਸਿੰਘ ਨੇ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਹ ਬੀਤੇ ਦਿਨ ਦਿੱਲੀ ਵਿਖੇ ਮੈਟਰੋ ਰੇਲਵੇ ਸਟੇਸ਼ਨ ਪਟੇਲ ਚੌਂਕ ਤੋਂ ਚਾਂਦਨੀ ਚੌਂਕ ਸਟੇਸ਼ਨ ਜਾਣ ਲਈ ਟਿਕਟ ਲੈ ਕੇ ਪਹੁੰਚਿਆ ਤਾਂ ਉਥੇ ਤਾਇਨਾਤ ਸੀ.ਆਈ.ਐਸ.ਐਫ. ਦੇ ਏ.ਐਸ.ਆਈ.ਨੇ ਉਸਨੂੰ ਰੋਕ ਕੇ ਕਿਹਾ ਕਿ ਤੁਸੀ 2 ਫੁੱਟੀ ਕ੍ਰਿਪਾਨ ਲੈ ਕੇ ਮੈਟਰੋ ਰੇਲ ਵਿੱਚ ਨਹੀ ਚੜ ਸਕਦੇ। ਉਹਨਾਂ ਦੱਸਿਆ ਕਿ ਇਸ ਮੌਕੇ ਮੇਰੇ ਨਾਲ ਕਿਰਨਜੀਤ ਸਿੰਘ ਗਹਿਰੀ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਵੀ ਸਨ ਨੇ ਪੁਲਸ ਨਾਲ ਬਹਿਸ ਕੀਤੀ ਕਿ ਉਕਤ ਕ੍ਰਿਪਾਨ ਖਾਲਸਾਈ ਬਾਣੇ ਵਿੱਚ ਸਜੇ ਇੱਕ ਸਿੱਖ ਦੇ ਕਕਾਰ ਦਾ ਹਿੱਸਾ ਹੈ ਇਸਲਈ ਧਾਰਮਿਕ ਅਕੀਦੇ ਮੁਤਾਬਿਕ ਤੇ ਦੇਸ਼ ਦੇ ਕਾਨੂੰਨ ਮੁਤਾਬਿਕ ਵੀ ਉਸਨੂੰ ਨਾਲ ਲੈ ਜਾਣ ਤੋਂ ਨਹੀ ਰੋਕਿਆ ਜਾ ਸਕਦਾ।ਉਨਾਂ ਦੱਸਿਆ ਕਿ ਤਕਰੀਬਨ ਇੱਕ ਘੰਟਾ ਬਹਿਸ ਕਰਨ ਤੋਂ ਬਾਅਦ ਮੌਕੇ ਤੇ ਆਏ ਇੰਸਪੈਕਟਰ ਜਾਵੇਦ ਖਾਨ ਨੇ ਸਾਨੂੰ ਕ੍ਰਿਪਾਨ ਸਮੇਤ ਗੱਡੀ ਤੇ ਜਾਣ ਦੀ ਇਜਾਜਤ ਦੇ ਦਿੱਤੀ।ਉਹਨਾਂ ਕਿਹਾ ਕਿ ਅਸੀ ਮਹਿਸੂਸ ਕੀਤਾ ਕਿ ਇਹ ਇੱਕ ਅਪਮਾਨਜਨਕ ਘਟਨਾ ਹੈ ਕਿ ਇੱਕ ਖਾਲਸਾਈ ਬਾਣੇ ਵਾਲੇ ਸਿੰਘ ਨੂੰ ਕ੍ਰਿਪਾਨ ਸਮੇਤ ਗੱਡੀ ਵਿੱਚ ਚੜਨ ਤੋਂ ਰੋਕਿਆ ਗਿਆ ਹੋਵੇ।ਉਹਨਾਂ ਸਿੰਘ ਸਾਹਿਬ ਤੋਂ ਮੰਗ ਕੀਤੀ ਕਿ ਉਹ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਨਾਲ ਰਾਬਤਾ ਕਰਕੇ ਉਕਤ ਮਸਲਾ ਉਠਾਉਣ ਤਾਂ ਕਿ ਅੱਗੇ ਤੋਂ ਕਿਸੇ ਸਿੰਘ ਨੂੰ ਅਜਿਹੀ ਪ੍ਰੇਸ਼ਾਨੀ ਨਾ ਝੱਲਣੀ ਪਵੇ ਤੇ ਉਹਨਾਂ ਨੂੰ ਰੋਕਣ ਵਾਲੇ ਸੀ.ਆਈ.ਐਸ.ਐਫ ਦੇ ਕਰਮਚਾਰੀ ਬਲਵਿੰਦਰ ਖਿਲਾਫ ਕਾਰਵਾਈ ਕਰਵਾਈ ਜਾਵੇ।
ਇਸ ਮੌਕੇ ਵਫਦ ਨਾਲ ਲੋਕ ਜਨਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਵੀ ਸ਼ਾਮਿਲ ਸਨ। ਉਧਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਤੇ ਭਾਰਤ ਅਤੇ ਦਿੱਲੀ ਸਰਕਾਰ ਨੂੰ ਪੱਤਰ ਲਿਖਣ ਦੇ ਨਾਲ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਉਕਤ ਮਾਮਲਾ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ।