June 3, 2026 8:50 pm

ਦੋ ਸਸਾਂ ਦੀ ਸਤਾਈ ਵਿਆਹੁਤਾ ਮ੍ਰਿਤਕ ਲੜਕੀ ਨੂੰ ਇਨਸਾਫ਼ ਲਈ ਥਾਣਾ ਤਲਵੰਡੀ ਸਾਬੋ ਅੱਗੇ ਅਣਮਿਥੇ ਸਮੇਂ ਤੱਕ ਧਰਨਾ ਅੱਜ ਤੋਂ

ਤਲਵੰਡੀ ਸਾਬੋ, 5 ਮਈ (ਰਾਮ ਰੇਸ਼ਮ ਸ਼ਰਨ)- ਬੀਤੇ ਦਿਨੀਂ ਨਜ਼ਦੀਕੀ ਪਿੰਡ ਚਠੇਵਾਲਾ ਦੀ ਵਿਆਹੁਤਾ ਔਰਤ ਸਰਬਜੀਤ ਕੌਰ ਵਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰਨ ਲੈਣ ਉਪਰੰਤ ਭਾਵੇਂ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਔਰਤ ਦੇ ਭਰਾ ਦੇ ਬਿਆਨਾਂ ਅਨੁਸਾਰ ਤਲਵੰਡੀ ਸਾਬੋ ਥਾਣੇ ਵਿਚ ਪਰਚਾ ਦਰਜ ਕਰ ਲਿਆ ਸੀ ਪ੍ਰੰਤੂ ਇਸ ਮਾਮਲੇ ਵਿਚ ਚਾਰ ਦਿਨ ਬੀਤ ਜਾਣ ਤੇ ਵੀ ਤਲਵੰਡੀ ਸਾਬੋ ਪੁਲਿਸ ਵਲੋਂ ਕੋਈ ਗ੍ਰਿਫਤਾਰੀ ਨਾ ਪਾਏ ਜਾਣ ਦੇ ਵਿਰੋਧ ਵਿਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਪਰਚੇ ਵਿਚ ਦੋਸ਼ੀ ਕਰਾਰ ਦਿਤੀਆਂ ਗਈਆਂ ਮ੍ਰਿਤਕਾ ਦੀਆਂ ਦੋ ਸਸਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅਣਮਿਥੇ ਸਮੇਂ ਲਈ ਪੁਲਿਸ ਥਾਣਾ ਤੋਂ ਤਲਵੰਡੀ ਸਾਬੋ ਅਗੇ ਧਰਨਾ 6 ਮਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਤਲਵੰਡੀ ਸਾਬੋ ਦੇ ਨਜ਼ਦੀਕੀ ਪਿੰਡ ਚਠੇਵਾਲਾ ਵਿਚ ਮਾਨਸਾ ਜ਼ਿਲ੍ਹਾ ਦੇ ਪਿੰਡ ਭੈਣੀ ਬਾਘਾ ਤੋਂ ਵਿਆਹੀ ਗਈ ਸਰਬਜੀਤ ਕੌਰ ਨੇ ਦਰਜ ਪਰਚੇ ਅਨੁਸਾਰ ਆਪਣੀ ਸਸ ਅਤੇ ਮਾਸੀ ਸਸ ਦੇ ਕਥਿਤ ਜ਼ੁਲਮਾਂ ਤੋਂ ਤੰਗ ਆ ਕੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ ਹਤਿਆ ਕਰ ਲਈ ਸੀ ਜਿਸ ਦੇ ਸਬੰਧ ਵਿਚ ਤਲਵੰਡੀ ਸਾਬੋ ਪੁਲਿਸ ਨੇ ਮੁਕਦਮਾ ਤਾਂ ਭਾਵੇਂ ਦਰਜ ਕਰ ਲਿਆ ਸੀ ਪਰ ਕੋਈ ਵੀ ਗ੍ਰਿਫਤਾਰੀ ਨਾ ਹੋਣ ਦੇ ਚਲਦਿਆਂ ਮ੍ਰਿਤਕਾ ਦੇ ਵਾਰਸਾਂ ਅਤੇ ਬੀ ਕੇ ਯੂ ਡਕੌਂਦਾ ਵਲੋਂ ਪੁਲਿਸ ਨੂੰ ਪੰਜ ਮਈ ਸ਼ਾਮ ਤਕ ਦਾ ਸਮਾਂ ਦੇ ਕੇ ਗ੍ਰਿਫ਼ਤਾਰੀਆਂ ਕਰਨ ਲਈ ਕਿਹਾ ਗਿਆ ਸੀ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਪਹਿਲਾਂ ਹੀ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵਲੋਂ ਛੇ ਮਈ ਨੂੰ ਧਰਨਾ ਦੇਣ ਦੀ ਚਿਤਾਵਨੀ ਦਿਤੀ ਗਈ ਸੀ । ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਮਾਨਸਾ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕਤਰ ਮਹਿੰਦਰ ਸਿੰਘ ਭੈਣੀ ਬਾਘਾ ਨੇ ਦਸਿਆ ਕਿ ਜਦੋਂ ਤਕ ਪੁਲਸ ਦੋਵਾਂ ਕਥਿਤ ਦੋਸ਼ੀ ਔਰਤਾਂ ਦੀ ਗ੍ਰਿਫ਼ਤਾਰੀ ਨਹੀਂ ਕਰ ਲੈਂਦੀ ਉਦੋਂ ਤਕ ਇਹ ਧਰਨਾ ਅਣਮਿਥੇ ਸਮੇਂ ਲਈ ਜਾਰੀ ਰਹੇਗਾ। ਸਮਾਜ ਸੇਵੀ ਸੰਸਥਾਵਾਂ ਦੇ ਨਾਮ ਬਿਆਨ ਜਾਰੀ ਕਰਦਿਆਂ ਸ੍ਰੀ ਭੈਣੀ ਬਾਘਾ ਨੇ ਕਿਹਾ ਕਿ ਦਾਜ ਦੀ ਬਲੀ ਚੜ੍ਹੀ ਉਕਤ ਮ੍ਰਿਤਕਾ ਨੂੰ ਇਨਸਾਫ ਦੁਆਉਣ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਅਖਾਂ ਖੋਲ੍ਹਣ ਲਈ ਵਧ ਤੋਂ ਵਧ ਲੋਕ ਇਸ ਧਰਨੇ ਵਿਚ ਸ਼ਾਮਲ ਹੋ ਕੇ ਇਨਸਾਫ ਦੀ ਇਸ ਜੰਗ ਵਿਚ ਆਪਣਾ ਯੋਗਦਾਨ ਪਾਉਣ ।

Send this to a friend