ਜੰਡਿਆਲਾ ਗੁਰੂ, 20 ਫਰਵਰੀ (ਵਰਿੰਦਰ ਸਿੰਘ)- ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਟਿਕਟ ਦੇਕੇ ਇਹ ਸਿੱਧ ਕਰ ਦਿੱਤਾ ਹੈ ਕਿ ਅੱਜ ਵੀ ਉਹ ਟਕਸਾਲੀ ਆਗੂਆਂ ਦੇ ਨਾਲ ਹਨ। ਪੰਜਾਬ ਦੀ ਸਿਆਸਤ ਦੇ ਥੰਮ੍ਹ ਅਤੇ ਪੰਜਾਬ ਵਿਧਾਨ ਸਭਾ ਵਿਚ 4 ਵਾਰ ਹਾਜ਼ਰੀ ਲਵਾ ਚੁੱਕੇ ਰਣਜੀਤ ਸਿੰਘ ਬ੍ਰਹਮਪੁਰਾ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਵਲੋ ਪੂਰੇ ਲਾਮ ਲਸ਼ਕਰ ਸਮੇਤ ਚੋਣ ਪ੍ਰਚਾਰ ਆਰੰਭ ਕਰ ਦਿੱਤਾ ਗਿਆ ਹੈ। ਪੰਥਕ ਹਲਕੇ ਵਲੋਂ ਜਾਣੇ ਜਾਦੇ ਇਸ ਲੋਕ ਸਭਾ ਹਲਕੇ ਤੋਂ ਜਿਆਦਾਤਰ ਅਕਾਲੀ ਦਲ ਨੇ ਹੀ ਜਿੱਤ ਦਾ ਝੰਡਾ ਲਹਿਰਾਇਆ ਹੈ। ਪਿਛਲੀਆ ਲੋਕ ਸਭਾ ਚੋਣਾਂ ਵਿੱਚ ਭਾਵੇ ਰਾਣਾ ਗੁਰਜੀਤ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਰਤਨ ਸਿੰਘ ਅਜਨਾਲਾ ਨੂੰ ਕਾਂਟੇ ਦੀ ਟੱਕਰ ਦਿੱਤੀ ਸੀ ਪਰ ਫਿਰ ਵੀ
ਪੰਥਕ ਹਲਕੇ ਨੇ ਲੋਕ ਸਭਾ ਦੀ ਸੀਟ ਅਕਾਲੀ ਦਲ ਦੀ ਝੋਲੀ ਵਿਚ ਪਾ ਦਿੱਤੀ। ‘ਇਕ ਪਰਿਵਾਰ ਇਕ ਅਹੁਦਾ’ ਦੇ ਤਹਿਤ ਸ੍ਰੋਮਣੀ ਅਕਾਲੀ ਦਲ ਬਾਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਰਤਨ ਸਿੰਘ ਅਜਨਾਲਾ ਦੀ ਟਿੱਕਟ ਨੂੰ ਕਟਨਾਂ ਮੁੱਖ ਮੰਨਿਆ ਜਾ ਰਿਹਾ ਹੈ। ਡਾ. ਅਜਨਾਲਾ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਵਿਧਾਨ ਸਭਾ ਵਿੱਚ ਪਾਰਲੀਮੈਨੀ ਸਕੱਤਰ ਹਨ। ਇਸਤੋਂ ਇਲਾਵਾ ਪਿਛਲੇ ਸਮੇਂ ਦੋਰਾਨ ਡਾ: ਰਤਨ ਸਿੰਘ ਅਜਨਾਲਾ ਉੱਪਰ ਨਸ਼ਾ ਸਮੱਗਰਾਂ ਨਾਲ ਮਿਲੀਭੁਗਤ ਦੇ ਦੋਸ਼ ਵੀ ਲੱਗ ਚੁੱਕੇ ਹਨ ਭਾਵੇ ਕਿ ਅਕਾਲੀ ਦਲ ਵਲੋਂ ਉਹਨਾਂ ਨੂੰ ਕਲੀਨ ਚਿੱਟ ਵੀ ਮਿਲ ਚੁੱਕੀ ਸੀ।
ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਖਾਸਮਖਾਸ ਦੋਸਤ ਅਤੇ ਸੀਨੀਅਰ ਅਕਾਲੀ ਲੀਡਰਸ਼ਿਪ ਵਿਚ ਸਭ ਤੋਂ ਉਪਰਲੀ ਕਤਾਰ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਪਹਿਲੀ ਵਾਰ 1977 ਵਿਚ ਵਿਧਾਨ ਸਭਾ ਵਿਚ ਗਏ ਸਨ ਫਿਰ 1997, 2002 ਅਤੇ 2007 ਦੀਆ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਖਡੂਰ ਸਾਹਿਬ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨਸਭਾ ਹਲਕਿਆ ਵਿਚੋ 6 ਅਕਾਲੀ ਦਲ ਦੇ ਵਿਧਾਇਕ ਹਨ ਜਿਹਨਾਂ ਵਿਚ ਤਰਨਤਾਰਨ, ਪੱਟੀ, ਖੇਮਕਰਨ, ਜੰਡਿਆਲਾ ਗੁਰੂ, ਬਾਬਾ ਬਕਾਲਾ ਅਤੇ ਜੀਰਾ ਵਿਧਾਨ ਸਭਾ ਹਲਕੇ ਹਨ ਜਦੋਂ ਕਿ 3 ਹਲਕਿਆਂ ਖਡੂਰ ਸਾਹਿਬ, ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਕਾਗਰਸ ਦੇ ਵਿਧਾਇਕ ਹਨ। ਅਫਵਾਹਾਂ ਤਾਂ ਇਹ ਵੀ ਉੱਡ ਰਹੀਆ ਹਨ ਕਿ ਇਹਨਾ ਤਿੰਨਾ ਕਾਗਰਸੀ ਹਲਕਿਆ ਵਿਚੋਂ ਇਕ ਐਮ.ਐਲ.ਏ ਉੱਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੰਪਰਕ ਵਿਚ ਹੈ। ਕਾਗਰਸੀ ਉਮੀਦਵਾਰਾਂ ਵਿਚੋਂ ਹਰਮਿੰਦਰ ਸਿੰਘ ਗਿੱਲ, ਜਸਬੀਰ ਸਿੰਘ ਡਿੰਪਾ ਅਤੇ ਧਰਮਪਾਲ ਅਗਨੀਹੋਤਰੀ ਦੇ ਨਾਮ ਚਰਚਾ ਵਿਚ ਹਨ ਜਿਸ ਵਿਚੋਂ ਹਰਮਿੰਦਰ ਸਿੰਘ ਗਿੱਲ ਨੂੰ ਮੁੱਖ ਦਾਅਵੇਦਾਰ ਵਜੋ ਦੇਖਿਆ ਜਾ ਰਿਹਾ ਹੈ।
ਸ੍ਰੌਮਣੀ ਅਕਾਲੀ ਦਲ ਉਮੀਦਵਾਰ ਨੂੰ ਅਗਰ ਅਪਨੀ ਹੀ ਪਾਰਟੀ ਨੁਕਸਾਨ ਨਹੀ ਕਰਾਉਦੀ ਤਾਂ ਉਸਦੇ ਉਮੀਦਵਾਰ ਦਾ ਜਿਤਨਾ ਲਗਭਗ ਤੈਅ ਹੈ। ਪਰ ਅਕਾਲੀ ਦਲ ਦੀ ਆਪਸੀ ਫੁੱਟ ਨੁਕਸਾਨ ਵੀ ਕਰਵਾ ਸਕਦੀ ਹੈ। ਕਿਸੇ ਸਮੇਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਾਝੇ ਦਾ ਜਰਨੈਲ ਕਿਹਾ ਜਾਦਾ ਸੀ ਪਰ ਬਿਕਰਮ ਸਿੰਘ ਮਜੀਠੀਆ ਦੇ ਆਉਣ ਤੋਂ ਬਾਅਦ ਉਹਨਾਂ ਕੋਲੋ ਇਹ ਅਹੁਦਾ ਹੱਥੋ ਨਿਕਲ ਗਿਆ। ਦੂਸਰੇ ਪਾਸੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ-ਮੰਤਰੀ ਦੇ ਜਵਾਈ ਪੱਟੀ ਹਲਕੇ ਤੋਂ ਵਿਧਾਇਕ ਆਦੇਸ਼ਪ੍ਰਤਾਪ ਸਿੰਘ ਕੈਰੋਂ ਵੀ ਬ੍ਰਹਮਪੁਰਾ ਦੇ ਕੱਟੜ ਸਿਆਸੀ ਦੁਸ਼ਮਣ ਰਹੇ ਹਨ। ਅਗਰ ਹਰਮਿੰਦਰ ਸਿੰਘ ਗਿੱਲ ਜਿਹਨਾ ਨੇ ਪੱਟੀ ਹਲਕੇ ਤੋਂ ਆਦੇਸ਼ਪ੍ਰਤਾਪ ਸਿੰਘ ਕੈਰੋਂ ਨੂੰ ਸਖਤ ਟੱਕਰ ਦਿੱਤੀ ਸੀ ਲੋਕ ਸਭਾ ਚੋਣਾਂ ਵਿਚ ਵੀ ਉਮੀਦਵਾਰ ਐਲਾਨਿਆ ਗਿਆ ਤਾਂ ਕੀ ਕੈਰੋਂ ਧੜਾ ਉਸਨੂੰ ਲੋਕ ਸਭਾ ਵਿਚ ਭੇਜਕੇ ਅਪਨਾ ਰਾਹ ਸਾਫ ਕਰੇਗਾ ਜਾਂ ਫਿਰ ਅਪਨੀ ਪਾਰਟੀ ਦੀ ਮਦਦ ਕਰਕੇ ਫਿਰ ਅਪਨੇ ਲਈ ਵਿਧਾਨ ਸਭਾ ਚੋਣਾਂ ਲਈ ਕੰਢੇ ਬੀਜੇਗਾ।