ਚੰਡੀਗੜ੍ਹ, 20 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਦਲ ਖਾਲਸਾ ਨੇ ਸਵਾਲ ਕੀਤਾ ਹੈ ਕਿ ਜੇਕਰ ਨਵੰਬਰ 1984 ਦੇ ਕਤਲੇਆਮ ਲਈ ਜ਼ਿੰਮੇਵਾਰ (ਕਤਲ ਕਰਨ ਅਤੇ ਸਾਜਿਸ਼ ਰਚਣ ਵਾਲੇ) ਕਾਨੂੰਨ ਦੇ ਅਖੌਤੀ ਲੰਮੇ ਹੱਥਾਂ ਤੋਂ ਬਚਕੇ ਸਮਾਜ ਵਿੱਚ ਖੁੱਲ੍ਹੇਆਮ ਘੁੰਮ ਸਕਦੇ ਹਨ ਤਾਂ ਫਿਰ ਰਾਜੀਵ ਗਾਂਧੀ ਦੇ ਕਾਤਿਲ 23 ਸਾਲ ਦੀ ਸਜ਼ਾ ਭੁਗਤਣ ਤੋਂ ਬਾਅਦ ਵੀ ਰਿਹਾਅ ਕਿਉਂ ਨਹੀ ਕੀਤੇ ਜਾ ਸਕਦੇ?ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਸ਼੍ਰੀ ਰਾਹੁਲ ਗਾਂਧੀ ਦੇ ਉਸ ਬਿਆਨ ਦਾ ਨੋਟਿਸ ਲਿਆ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਠਜੇਕਰ ਪ੍ਰਧਾਨ ਮੰਤਰੀ ਦੇ ਕਾਤਲ ਛੱਡੇ ਗਏ ਤਾਂ ਆਮ ਲੋਕ ਇਨਸਾਫ ਦੀ ਕੀ ਆਸ ਰਖੱਣਗੇ।’ ਦਲ ਖਾਲਸਾ ਆਗੂ ਨੇ ਕੇਂਦਰ ਸਰਕਾਰ ਦੀ ਸਖਤ ਅਲੋਚਨਾ ਕੀਤੀ ਕਿ ਉਸਨੇ ਤਾਮਿਲਨਾਡੂ ਸਰਕਾਰ ਦੇ ਰਾਜੀਵ ਕਤਲ ਕੇਸ ਵਿੱਚ ਉਮਰ ਕੈਦ ਭੁਗਤ ਰਹੇ ਨਜ਼ਰਬੰਦਾਂ ਨੂੰ
ਛੱਡਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।ਉਹਨਾਂ ਪੁਛਿਆ ਕਿ ਜੇਕਰ ਦਿੱਲੀ ਵਿਖੇ ਦਿਨ-ਦਿਹਾੜੇ 3000 ਸਿੱਖਾਂ ਨੂੰ ਮਾਰਨ ਦੀ ਸਾਜਿਸ਼ ਘੜਣਵਾਲੇ ਪ੍ਰਧਾਨ ਮੰਤਰੀ (ਰਾਜੀਵ ਅਤੇ ਨਰਸਿਮਾ ਰਾਉ) ਅਤੇ ਮੰਤਰੀ (ਜਗਦੀਸ਼ ਟਾਈਟਲਰ, ਕਮਲ ਨਾਥ ਅਤੇ ਸਜਣ ਕੁਮਾਰ) ਬਣ ਸਕਦੇ ਹਨ ਤਾਂ ਗਾਂਧੀ ਦੇ ਕਾਤਲ ਰਿਹਾਅ ਕਿਉਂ ਨਹੀ ਹੋ ਸਕਦੇ ਅਤੇ ਉਹ ਆਮ ਸ਼ਹਿਰੀ ਵਾਂਗ ਜ਼ਿੰਦਗੀ ਕਿਉਂ ਨਹੀ ਬਿਤਾਅ ਸਕਦੇ।