ਚੰਡੀਗੜ੍ਹ, 4 ਮਈ (ਪੰਜਾਬ ਟਾਇਮਜ਼ ਬਿਊਰੋ)- ‘‘ਸ਼ਿਵ ਕੁਮਾਰ ਬਟਾਲਵੀ ਦੀ ਸਾਹਿਤਕ ਖੇਤਰ ਨੂੰ ਦੇਣ ਦਾ ਕੋਈ ਸਾਨੀ ਨਹੀਂ ਹੈ ਅਤੇ ਉਸ ਦੀਆਂ ਰਚਨਾਵਾਂ ਅੱਜ ਵੀ ਲੋਕ ਮਨਾਂ ਵਿੱਚ ਧੜਕ ਰਹੀਆਂ ਹਨ।’’ ਇਹ ਗੱਲ ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਲਾ ਭਵਨ ਵਿਖੇ ਬੀਤੀ ਦੇਰ ਸ਼ਾਮ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਕਰਵਾਈ ‘ਬਿਰਹਾ ਦਾ ਸੁਲਤਾਨ’ ਸੰਗੀਤਕ ਸ਼ਾਮ ਦੌਰਾਨ ਸੰਬੋਧਨ ਕਰਦਿਆਂ ਕਹੀ। ਸ. ਸਿੱਧੂ ਨੇ ਕਿਹਾ ਕਿ ਸ਼ਿਵ ਬਟਾਲਵੀ ਆਪਣੀਆਂ ਸ਼ਾਹਕਾਰ ਰਚਨਾਵਾਂ ਕਾਰਨ ਅੱਜ ਵੀ ਸਾਡੇ ਦਿਲਾਂ ਵਿੱਚ ਜਿਉਂਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਮਹਿਬੂਬ ਕਵੀ ਦੀਆਂ ਲਿਖਤਾਂ ਰਾਹੀਂ ਪੰਜਾਬੀ ਸਾਹਿਤ ਦੀ ਅਮੀਰੀ ਤੋਂ ਜਾਣੂੰ ਹੋਣਗੀਆਂ।