June 22, 2026 7:22 pm

ਕਲਿਆਣਪੁਰੀ ਸਿੱਖ ਮਾਰਕੁੱਟ ਮਾਮਲੇ ’ਚ 5 ਪੁਲਿਸ ਵਾਲਿਆਂ ਖਿਲਾਫ਼ ਹੋਈ ਕਾਰਵਾਈ

ਪੀੜਿਤ ਪਰਿਵਾਰ ਨੇ ਦਿਲੀ ਕਮੇਟੀ ਦਾ ਸਹਿਯੋਗ ਲਈ ਕੀਤਾ ਧੰਨਵਾਦ

ਨਵੀਂ ਦਿਲੀ, 4 ਮਈ (ਪੰਜਾਬ ਟਾਇਮਜ਼ ਬਿਊਰੋ)- ਕਲਿਆਣਪੁਰੀ ‘ਚ ਸਿਖ ਨੌਜਵਾਨ ਨਾਲ ਬੀਤੇ ਦਿਨੀਂ ਹੋਈ ਮਾਰਕੁਟ ‘ਤੇ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਤੋਂ ਬਾਅਦ ਦਿਲੀ ਪੁਲਿਸ ਨੇ ਆਪਣੇ 2 ਕਰਮਚਾਰੀਆਂ ਨੂੰ ਲਾਈਨ ਹਾਜ਼ਰ ਕਰਦੇ ਹੋਏ 3 ਹੋਰਨਾਂ ਦੇ ਖਿਲਾਫ਼ ਵਿਜ਼ਿਲੈਂਸ ਜਾਂਚ ਦੇ ਆਦੇਸ਼ ਦੇ ਦਿਤੇ ਹਨ। ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੇ ਕਮੇਟੀ ਦਫ਼ਤਰ ਪੁਜ ਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਫੁਲਾਂ ਦਾ ਗੁਲਦਸਤਾ ਦੇ ਕੇ ਧੰਨਵਾਦ ਕੀਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਅਤੇ ਇਲਾਕੇ ਤੋਂ ਕਮੇਟੀ ਮੈਂਬਰ ਭੁਪਿੰਦਰ ਸਿੰਘ ਭੁਲਰ ਵੀ ਮੌਜੂਦ ਸਨ।ਜੀ.ਕੇ. ਨੇ ਕਿਹਾ ਕਿ ਸਿਖ ਨੌਜਵਾਨ ਨਾਲ ਹੋਈ ਮਾਰਕੁਟ ਦੇ ਵੀਡੀਓ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਉਪਰੰਤ ਹੀ ਕਮੇਟੀ ਹਰਕਤ ‘ਚ ਆ ਗਈ ਸੀ। ਸਿਖਾਂ ਦੇ ਖਿਲਾਫ਼ ਦਿਲੀ ਪੁਲਿਸ ਦੀ ਅਜਿਹੀ ਪਹਿਲੀ ਘਟਨਾ ਨਹੀਂ ਹੈ। 1980-90 ਦੇ ਦਹਾਕੇ ਦੌਰਾਨ ਸਿਖ ਨੋਜਵਾਨਾਂ ਨਾਲ ਪੁਲਿਸ ਅਜਿਹਾ ਵਤੀਰਾ ਪਹਿਲੇ ਵੀ ਕਰਦੀ ਰਹੀ ਹੈ। ਦੇਸ਼ ਦੀ ਰਾਜਧਾਨੀ ਦੀ ਪੁਲਿਸ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਵੇਲੇ ਆਪ ਹੀ ਆਪਣੀ ਜਿੰਮੇਵਾਰੀਆਂ ਨੂੰ ਭੁਲ ਜਾਂਦੀ ਹੈ। ਜੀ.ਕੇ. ਨੇ ਘਟਨਾ ਦੀ ਨਿਖੇਧੀ ਕਰਦੇ ਹੋਏ ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਪੀੜਿਤ ਨੌਜਵਾਨ ਨੂੰ ਇਨਸਾਫ਼ ਮਿਲਣ ਦੀ ਆਸ਼ ਜਤਾਈ।ਰਾਣਾ ਨੇ ਕਮੇਟੀ ਦੇ ਕਾਨੂੰਨੀ ਵਿਭਾਗ ਵਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਕਰਕੇ ਪੁਲਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਦਾ ਦਾਅਵਾ ਕੀਤਾ। ਜੌਲੀ ਨੇ ਕਿਹਾ ਕਿ ਪੁਲਿਸ ਵਲੋਂ ਨੌਜਵਾਨ ਨੂੰ ਕੇਸ਼ਾਂ ਤੋਂ ਫੜ੍ਹਕੇ ਮਾਰਨਾ ਗਲਤ ਸੀ, ਇਹ ਸਿਧੇ ਤੌਰ ‘ਤੇ ਮਨੁਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਹੈ। ਇਸ ਲਈ ਕਮੇਟੀ ਇਸ ਮਾਮਲੇ ਨੂੰ ਕੌਮੀ ਮਨੁਖੀ ਅਧਿਕਾਰ ਕਮਿਸ਼ਨ ‘ਚ ਲੈ ਕੇ ਜਾਵੇਗੀ। ਦੋਸ਼ੀ ਨੂੰ ਸਜਾ ਦੇਣ ਦਾ ਅਧਿਕਾਰ ਕੋਰਟ ਕੋਲ ਹੈ, ਪਰ ਅਕਸਰ ਪੁਲਿਸ ਖੁਦ ਹੀ ਸਜਾ ਦੇਣ ਵਲ ਤੁਰ ਪੈਂਦੀ ਹੈ।

Send this to a friend