ਨਵੀਂ ਦਿੱਲੀ, 1 ਮਈ (ਪੰਜਾਬ ਟਾਇਮਜ਼ ਬਿਊਰੋ)- ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਗਰਮੀ ਨੇ ਰੰਗ ਵਿਖਾਉਣੇ ਸ਼ੁਰੂ ਕਰ ਦਿਤੇ ਹਨ। ਰਾਜਸਥਾਨ, ਯੂਪੀ, ਗੁਜਰਾਤ, ਮਹਾਰਾਸ਼ਟਰ ਵਰਗੇ ਸੂਬਿਆਂ ਵਿਚ ਗਰਮੀ ਨਾਲ ਲੋਕ ਪ੍ਰੇਸ਼ਾਨ ਹਨ। ਰਾਜਸਥਾਨ ਦੇ ਬੂੰਦੀ ਵਿਚ ਤਾਂ ਪਾਰਾ 47 ਡਿਗਰੀ ਪਾਰ ਪਹੁੰਚ ਗਿਆ ਹੈ। ਮਹਾਰਾਸ਼ਟਰ ਦੇ ਨਾਗਪੁਰ ਵਿਚ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ। ਨਾਗਪੁਰ ਵਿਚ ਮਈ ਮਹੀਨੇ ਵਿਚ ਹੀ ਗਰਮੀ ਨੇ 10 ਸਾਲ ਦਾ ਰਿਕਾਰਡ ਤੋੜ ਦਿਤਾ ਹੈ। ਨਾਗਪੁਰ ਵਿਚ ਪਾਰਾ 46 ਡਿਗਰੀ ਤਕ ਪਹੁੰਚ ਚੁਕਿਆ ਹੈ।ਮੌਸਮ ਵਿਭਾਗ ਨੇ ਮਧ ਪ੍ਰਦੇਸ਼ ਵਿਚ ਲੂ ਦਾ ਅਲਰਟ ਵੀ ਜਾਰੀ ਕੀਤਾ ਹੈ। ਬੀਤੇ 24 ਘੰਟਿਆਂ ਦੌਰਾਨ ਮਧ ਪ੍ਰਦੇਸ਼ ਦਾ ਹੋਸ਼ੰਗਾਬਾਦ ਸਭ ਤੋਂ ਗਰਮ ਰਿਹਾ। ਇਥੇ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਜਬਲਪੁਰ, ਨੌਗਾਂਵ ਸਣੇ ਹੋਰ ਥਾਵਾਂ ‘ਤੇ ਹਲਕੀ ਬਾਰਸ਼ ਵੀ ਹੋਈ।ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ 24 ਘੰਟਿਆਂ ਵਿਚ ਗਵਾਲੀਅਰ, ਛਤਰਪੁਰ, ਟੀਕਮਗੜ੍ਹ, ਸਤਨਾ, ਰੀਵਾ ਸਣੇ ਕਈ ਇਲਾਕਿਆਂ ਵਿਚ ਮੀਂਹ ਪੈ ਸਕਦਾ ਹੈ। ਬਾਕੀ ਮੁਲਕ ਵਿਚ ਜਲਦੀ ਲੂ ਪੈਣੀ ਸ਼ੁਰੂ ਹੋਵੇਗੀ।