ਇਨਸਾਨ ਦੀ ਸਫਲਤਾ ਦਾ ਰਾਜ ਵੀ ਉਸਦੀ ਸੋਚ ਹੀ ਹੁੰਦੀ ਹੈ, ਜਿਹੋ ਜਿਹਾ ਇਨਸਾਨ ਸੋਚਦਾ ਹੈ, ਉਹੀ ਕੁਝ ਉਹ ਕਰਦਾ ਹੈ। ਜੇਕਰ ਕਿਸੇ ਬੱਚੇ ਦੇ ਬਾਪ ਦੀ ਮੌਤ ਹੋ ਜਾਵੇ ਤਾਂ ਸਾਡਾ ਸਮਾਜ ਅਜਿਹਾ ਹੈ ਕਿ ਸਹੁਰਾ ਪਰਿਵਾਰ ਉਸਦੀ ਮਾਂ ਨੂੰ ਘਰੋਂ ਹੀ ਕੱਢ ਦਿੰਦਾ ਹੈ। ਸਾਡੇ ਅਜਿਹੇ ਸਮਾਜ ਵਿਚ ਹਰਕੇਸ਼ ਸਿੰਘ ਸਿੱਧੂ ਇਕ ਅਜਿਹਾ ਇਨਸਾਨ ਹੈ, ਜਿਸਦਾ ਪਿਤਾ ਉਸਦੀ ਦੋ ਸਾਲ ਦੀ ਸਮੇਂ ਹੀ ਸਵਰਗਵਾਸ ਹੋ ਗਿਆ ਪ੍ਰੰਤੂ ਉਸਨੇ ਹੌਸਲਾ ਨਹੀਂ ਹਾਰਿਆ। ਮਾਂ ਅਤੇ ਆਪਣੇ ਨਾਨੇ ਦੀ ਛਤਰ ਛਾਇਆ ਅਤੇ ਰਹਿਨੁਮਾਈ ਹੇਠ ਦ੍ਰਿੜ੍ਹਤਾ ਅਤੇ ਲਗਨ ਨਾਲ ਵਿਚਰਦਿਆਂ ਪੜ੍ਹਾਈ ਜਾਰੀ ਰੱਖੀ। ਉਸਾਰੂ ਸੋਚ ਦੇ ਗੁਣ ਪ੍ਰਾਪਤ ਕੀਤੇ। 1983 ਵਿਚ ਸਭ ਤੋਂ ਪਹਿਲਾਂ ਉਹ ਆਪਣੇ ਨਾਨਕੇ ਪਿੰਡ ਦਾ ਸਰਪੰਚ ਸਰਬਸੰਮਤੀ ਨਾਲ ਚੁਣਿਆਂ ਗਿਆ। ਪਿੰਡ ਦੀ ਬਿਹਤਰੀ, ਸਦਭਾਵਨਾਂ, ਸ਼ਾਂਤੀ ਅਤੇ ਆਪਸੀ ਮੇਲ ਮਿਲਾਪ ਦੀ ਪ੍ਰਵਿਰਤੀ ਲੋਕਾਂ ਵਿਚ ਪੈਦਾ ਕਰਕੇ ਪਿੰਡ ਦਾ ਵਿਕਾਸ ਕਰਵਾਇਆ। ਪਿੰਡ ਦੇ ਮਾੜੇ ਮੋਟੇ ਝਗੜਿਆਂ ਨੂੰ ਆਪਸੀ ਸਹਿਮਤੀ ਨਾਲ ਖ਼ਤਮ ਕਰਵਾਇਆ। ਅਨੇਕਾਂ ਦੁਸ਼ਾਵਰੀਆਂ ਦੇ ਬਾਵਜੂਦ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਕਰਦਿਆਂ ਆਪਣੀ ਨੌਕਰੀ ਦਾ ਸਫਰ ਸਹਿਕਾਰੀ ਬੈਂਕ ਦੀ ਕਲਰਕੀ ਤੋਂ ਸ਼ੁਰੂ ਕਰਕੇ, ਸਰਕਾਰੀ ਵਕੀਲ, ਪੀ.ਸੀ.ਐਸ. ਅਤੇ ਅਖ਼ੀਰ ਭਾਰਤ ਦੀ ਸਰਵੋਤਮ ਸਰਵਿਸ ਆਈ.ਏ.ਐਸ ਤੱਕ ਪਹੁੰਚ ਗਏ। ਜਿਹੜੇ ਵਿਅਕਤੀ ਆਸ਼ਾਵਾਦੀ ਹੁੰਦੇ ਹਨ, ਮਿਹਨਤ ਕਰਦੇ ਹਨ ਅਤੇ ਸਚਾਈ ਦੇ ਮਾਰਗ ਤੇ ਚਲਕੇ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦਿੰਦੇ ਹਨ, ਸਫਲਤਾ ਉਨ੍ਹਾਂ ਦੇ ਪੈਰ ਚੁੰਮਦੀ ਹੈ। ਰਾਜ ਪ੍ਰਬੰਧ ਵਿਚ ਪ੍ਰਸ਼ਾਸ਼ਨਿਕ ਅਹੁਦਿਆਂ ਉਪਰ ਕੰਮ ਕਰਦਿਆਂ ਉਨ੍ਹਾਂ ਇਮਾਨਦਾਰੀ ਅਤੇ ਲੋਕਾਂ ਨੂੰ ਇਨਸਾਫ ਦੇਣ ਦਾ ਰਸਤਾ ਅਪਣਾਇਆ, ਜਿਸਦੀ ਹਰ ਪਾਸੇ ਤੋਂ ਪ੍ਰਸੰਸਾ ਹੋਈ। 1986 ਵਿਚ ਪੀ.ਸੀ.ਐਸ ਲਈ ਚੁਣੇ ਗਏ ਅਤੇ 2001 ਵਿਚ ਆਈ.ਏ.ਐਸ. ਬਣ ਗਏ। ਪੀ.ਸੀ.ਐਸ. ਅਤੇ ਆਈ.ਏ. ਐਸ. ਹੁੰਦਿਆਂ ਡਿਪਟੀ ਕਮਿਸ਼ਨਰ ਦੇ ਜਨਰਲ ਅਸਿਸਟੈਂਟ ਤੋਂ ਨੌਕਰੀ ਸ਼ੁਰੂ ਕਰਕੇ ਸਬ ਡਵੀਜਨ ਮੈਜਿਸਟਰੇਟ, ਵਧੀਕ ਡਿਪਟੀ ਕਮਿਸ਼ਨਰ ਅਤੇ ਫਿਰ ਤਿੰਨ, ਬਰਨਾਲਾ, ਸੰਗਰੂਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦੇ ਅਹੁਦਿਆਂ ਤੇ ਰਹੇ ਅਤੇ ਇਮਾਨਦਾਰੀ ਦਾ ਸਿੱਕਾ ਜਮਾਇਆ। ਆਪਣੀ ਪ੍ਰਬੰਧਕੀ ਕਾਰਜਕੁਸ਼ਲਤਾ ਦਾ ਸਬੂਤ ਦਿੰਦਿਆਂ ਤਿੰਨਾ ਜਿਲ੍ਹਿਆਂ ਵਿਚ ਮਾਲ ਰਿਕਾਰਡ ਕੰਪਿਊਟਰਾਈਜ ਕਰਵਾਇਆ। ਪੰਜਾਬ ਵਿਚ ਮਾਲ ਰਿਕਾਰਡ ਨੂੰ ਕਮਪਿਊਟਰਾਈਜ਼ ਕਰਵਾਉਣ ਵਾਲਾ ਉਹ ਪਹਿਲਾ ਡਿਪਟੀ ਕਮਿਸ਼ਨਰ ਸੀ। ਜਿੱਥੇ ਵੀ ਉਹ ਨੌਕਰੀ ਦੌਰਾਨ ਰਹੇ ਉਸਦੇ ਮਤਿਹਤ ਅਧਿਕਾਰੀ ਅਤੇ ਕਰਮਚਾਰੀ ਰਿਸ਼ਵਤ ਨੂੰ ਤੋਬਾ ਕਰ ਗਏ ਸਨ। ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਰਿਸ਼ਵਤ ਵਾਪਸ ਕਰਵਾਈ। ਹਰ ਰੋਜ ਸ਼ਾਮ ਨੂੰ ਜਿਲ੍ਹੇ ਵਿਚ ਜਿਹੜੇ ਵਿਅਕਤੀਆਂ ਨੇ ਜ਼ਮੀਨਾਂ ਜਾਂ ਹੋਰ ਜਾਇਦਾਦਾਂ ਦੀਆਂ ਰਜਿਸਟਰੀਆਂ ਕਰਵਾਈਆਂ ਹੁੰਦੀਆਂ ਸਨ, ਉਨ੍ਹਾਂ ਦੇ ਟੈਲੀਫੋਨ ਨੰਬਰ ਡਿਪਟੀ ਕਮਿਸ਼ਨਰ ਕੋਲ ਪਹੁੰਚ ਜਾਂਦੇ ਸਨ। ਡਾ. ਸਿੱਧੂ ਉਨ੍ਹਾਂ ਨੂੰ ਫੋਨ ਕਰਕੇ ਪੁਛਦਾ ਸੀ ਕਿ ਕਿਸੇ ਮਾਲ ਅਧਿਕਾਰੀ ਨੇ ਰਿਸ਼ਵਤ ਤਾਂ ਨਹੀਂ ਲਈ। ਡਿਪਟੀ ਕਮਿਸ਼ਨਰ ਹੁੰਦਿਆਂ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਲਛਮਣ ਸਿੰਘ ਗਿੱਲ ਦੀ ਤਰ੍ਹਾਂ ਸਾਰੀ ਸਰਕਾਰੀ ਮਸ਼ੀਨਰੀ ਨੂੰ ਪਿੰਡਾਂ ਵਿਚ ਲੋਕਾਂ ਦੇ ਦਰਵਾਜੇ ਤੱਕ ਲੈ ਜਾਂਦੇ ਸਨ। ਉਨ੍ਹਾਂ ਦੀ ਲੋਕ ਪ੍ਰਿਅਤਾ ਤੋਂ ਸਿਆਸਤਦਾਨ ਅਤੇ ਸਾਥੀ ਅਧਿਕਾਰੀ ਵੀ ਖ਼ਾਰ ਖਾਣ ਲੱਗ ਜਾਂਦੇ ਸਨ। ਜਿਨ੍ਹਾਂ ਸਿਆਸਤਦਾਨਾਂ ਨੇ ਖ਼ੁਦ ਉਸਨੂੰ ਡਿਪਟੀ ਕਮਿਸ਼ਨਰ ਲਗਵਾਇਆ ਉਹੀ ਉਸਦੇ ਸਖ਼ਤ ਸੁਭਾਅ ਅਤੇ ਲੋਕ ਇਨਸਾਫ ਲਈ ਸੱਚਾਈ ਉਪਰ ਪਹਿਰਾ ਦੇਣ ਨੂੰ ਆਪਣੀ ਹੈਸੀਅਤ ਦੀ ਨਿਰਾਦਰੀ ਸਮਝਦਿਆਂ ਬਦਲੀ ਕਰਵਾਉਣ ਨੂੰ ਤਰਜ਼ੀਹ ਦਿੱਤੀ। ਆਬਕਾਰੀ ਤੇ ਕਰ ਵਿਭਾਗ ਵਿਚ ਵੀ ਉਨ੍ਹਾਂ ਭਰਿਸ਼ਟਾਚਾਰ ਨੂੰ ਨੱਥ ਪਾ ਦਿੱਤੀ ਸੀ। ਇਸ ਤੋਂ ਇਲਾਵਾ ਕਮਿਸ਼ਨਰ ਨਗਰ ਨਿਗਮ ਪਟਿਆਲਾ, ਡਾਇਰੈਕਟਰ ਖੁਰਾਕ ਤੇ ਸਪਲਾਈ ਵਿਭਾਗ, ਡਾਇਰੈਕਟਰ ਭਾਸ਼ਾਵਾਂ ਵਿਭਾਗ, ਡਾਇਰੈਕਟਰ ਪੰਜਾਬ ਟੈਕਸਟ ਬੋਰਡ, ਕਾਰਜਕਾਰੀ ਡਾਇਰੈਕਟਰ ਬੈਕਫਿਨਕੋ, ਲੇਬਰ ਕਮਿਸ਼ਨਰ ਪੰਜਾਬ, ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ., ਵਧੀਕ ਆਬਕਾਰੀ ਤੇ ਕਰ ਕਮਿਸ਼ਨਰ, ਚੀਫ ਐਡਮਨਿਸਟਰੇਰਟਰ ਪਟਿਆਲਾ ਡਿਵੈਲਪਮੈਂਟ ਅਥਾਰਿਟੀ, ਸਥਾਨਕ ਸਰਕਾਰਾਂ ਅਤੇ ਲੇਬਰ ਵਿਭਾਗ ਵਿਚ ਵੀ ਆਪਣੀ ਪ੍ਰਸ਼ਾਸਨਿਕ ਕਾਬਲੀਅਤ ਦੇ ਨਮੂਨੇ ਵਿਖਾਏ। ਸਰਕਾਰੀ ਨੌਕਰੀ ਦੌਰਾਨ ਸਿਆਸਤਦਾਨਾਂ ਨਾਲ ਵਾਹ ਪਿਆ ਤਾਂ ਅਜ਼ੀਬ ਕਿਸਮ ਦੇ ਹਾਲਾਤ ਵਿਚੋਂ ¦ਘਣਾ ਪਿਆ। ਭਰਿਸ਼ਟਾਚਾਰ ਦੇ ਮੁੱਦੇ ਉਪਰ ਕਦੀਂ ਵੀ ਸਮਝੌਤਾ ਨਹੀਂ ਕੀਤਾ ਭਾਵੇਂ ਉਨ੍ਹਾਂ ਨੂੰ ਵਾਰ ਵਾਰ ਬਦਲੀਆਂ ਦਾ ਸਾਹਮਣਾ ਕਰਨਾ ਪਿਆ। ਇਥੋਂ ਤੱਕ ਕਿ ਆਪਣੇ ਸੀਨੀਅਰ ਅਧਿਕਾਰੀਆਂ, ਮੰਤਰੀਆਂ ਅਤੇ ਮੁੱਖ ਮੰਤਰੀ ਦੇ ਦਬਾਅ ਨੂੰ ਵੀ ਝੱਲਣਾ ਪਿਆ। ਉਨ੍ਹਾਂ ਦੀ ਲੋਕ ਪੱਖੀ ਸੋਚ ਨੇ ਬੁਰਿਆਈ ਵਿਚੋਂ ਵੀ ਚੰਗਿਆਈ ਲੱਭਣ ਨੂੰ ਪਹਿਲ ਦਿੱਤੀ। ਨਿਯਮ ਮੱਖੀ ਤੇ ਮੱਖੀ ਮਾਰਨ ਦੀ ਨਸੀਹਤ ਦਿੰਦੇ ਸਨ ਪ੍ਰੰਤੂ ਉਸਨੇ ਨਿਯਮਾਂ ਦੀ ਵਿਆਖਿਆ ਲੋਕ ਭਲਾਈ ਲਈ ਕਰਦਿਆਂ ਦਲੇਰੀ ਕੀਤੀ।
ਇੰਜ ਕਰਨਾ ਹਰ ਅਧਿਕਾਰੀ ਦੇ ਵਸ ਦੀ ਗੱਲ ਨਹੀਂ ਹੁੰਦੀ। ਸਖਤ ਹੋਣ ਕਰਕੇ ਉਸਦੇ ਸੁਭਾਅ ਨੂੰ ਸਿਆਸਤ ਦਾ ਚਸਕਾ ਉਸਨੂੰ ਬਚਪਨ ਵਿਚ ਹੀ ਲੱਗ ਗਿਆ ਸੀ। ਇਸ ਲਈ ਜਦੋਂ ਉਹ ਪੰਜਾਬੀ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਲਾਅ ਕਾਲਜ ਦੀ ਸਟੂਡੈਂਟਸ ਯੂਨੀਅਨ ਦਾ 1977-78 ਵਿਚ ਪ੍ਰਧਾਨ ਚੁਣਿਆਂ ਗਿਆ। ਫਿਰ ਜਦੋਂ ਸੁਨਾਮ ਵਿਖੇ ਵਕਾਲਤ ਕਰਨ ਲੱਗਿਆ ਤਾਂ 1983 ਵਿਚ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਬਣ ਗਿਆ। ਇਸੇ ਤਰ੍ਹਾਂ ਮਾਲਵਾ ਕੋਆਪ੍ਰੇਟਿਵ ਮਿਲਕ ਪ੍ਰੋਡੀਊਸਰ ਯੂਨੀਅਨ ਸੰਗਰੂਰ ਦਾ ਡਾਇਰੈਕਟਰ ਵੀ ਸਰਬਸੰਮਤੀ ਨਾਲ 1983-86 ਚੁਣਿਆਂ ਗਿਆ। ਉਸਨੇ ਆਪਣੇ ਇਸ ਸ਼ੌਕ ਦੀ ਪ੍ਰਾਪਤੀ ਲਈ 1988 ਵਿਚ ਮਾਲਵਾ ਆਰਟਸ, ਸਪੋਰਟਸ, ਕਲਚਰਲ ਅਤੇ ਐਜੂਕੇਸ਼ਨ ਟਰੱਸਟ ਬਣਾਈ ਜਿਸਦੇ ਆਪ ਚੇਅਰਮੈਨ ਹਨ। ਇਹ ਸਵੈਸੇਵੀ ਸੰਸਥਾ ਸਿਕਲੀਗਰ ਬਸਤੀ ਅਬਲੋਵਾਲ ਵਿਚ ਪੜ੍ਹਾਈ ਅੱਧ ਵਿਚਕਾਰ ਛੱਡਣ ਵਾਲੇ ਗ਼ਰੀਬ ਬੱਚਿਆਂ ਲਈ 2001 ਤੋਂ ਸਕੂਲ ਚਲਾ ਰਹੀ ਹੈ। ਇਸ ਸਕੂਲ ਦੇ ਬੱਚੇ ਫੈਸ਼ਨ ਡਿਜਾਇੀਨਰ ਅਤੇ ਇੰਜਿਨੀਅਰ ਬਣੇ ਹਨ। ਉਨ੍ਹਾਂ ਇਕ ਗਲੋਬਲ ਐਜੂਕੇਸ਼ਨ ਚੈਰੀਟੇਬਲ ਸੋਸਾਇਟੀ ਵੀ ਬਣਾਈ ਹੋਈ ਹੈ, ਜਿਹੜੀ ਇਕ ਮਾਈਲਸਟੋਨ ਸਮਾਰਟ ਸਕੂਲ ਪਟਿਆਲਾ ਵਿਚ ਚਲਾ ਰਹੀ ਹੈ। ਆਪਨੇ ਐ੍ਰ.ਏ.ਰੀਲੀਜੀਅਸ ਸਟੱਡੀ ਕੀਤੀ ਹੋਈ ਹੈ ਫਿਰ ਗੁਰਬਾਣੀ ਵਿਚ ਕਲਿਆਣਕਾਰੀ ਰਾਜ ਦੇ ਸੰਕਲਪ ਦੇ ਵਿਸੇ ਉਪਰ ਪੀ.ਐਚ.ਡੀ.ਵੀ ਕੀਤੀ ਹੈ। ਸਰਕਾਰੀ ਅਧਿਕਾਰੀ ਹੁੰਦਿਆਂ 2004 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਜਿਸ ਵਿਚ ਉਸਨੇ 17000 ਵੋਟਾਂ ਲਈਆਂ ਸਨ ਪ੍ਰੰਤੂ ਚੋਣ ਹਾਰ ਗਏ ਸਨ। ਜਦੋਂ ਆਪ ਇਸ ਚੋਣ ਤੋਂ ਬਾਅਦ ਇਕ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸ੍ਰ.ਬੂਟਾ ਸਿੰਘ ਨੂੰ ਮਿਲਿਆ ਤਾਂ ਆਪਨੇ ਕਿਹਾ ਕਿ ਮੈਂ ਸਾਫ ਸੁਥਰੀ ਸਿਆਸਤ ਕਰਨੀ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਖ਼ੁਦ ਤਾਂ ਸਾਫ ਸੁਥਰੇ ਰਹਿ ਸਕਦੇ ਹੋ ਪ੍ਰੰਤੂ ਤੁਸੀਂ ਜਿੱਤਣ ਲਈ ਸਿਆਸਤਦਾਨਾ ਵੱਲੋਂ ਬਣਾਏ ਮਾਪ ਦੰਡਾਂ ਨੂੰ ਬਦਲ ਨਹੀਂ ਸਕਦੇ। ਭਾਵ ਚੋਣਾਂ ਵਿਚ ਹਰ ਜਾਇਜ ਨਜ਼ਾਇਜ਼ ਢੰਗ ਵਰਤਣੇ ਪੈਂਦੇ ਹਨ। ਫਿਰ ਆਪ ਆਮ ਆਦਮੀ ਪਾਰਟੀ ਦੀ ਲੋਕ ਲਹਿਰ ਵਿਚ ਸ਼ਾਮਲ ਹੋ ਗਏ। ਆਪ ਸਾਹਿਤਕ ਰੁਚੀਆਂ ਦੇ ਵੀ ਮਾਲਕ ਹਨ। ਆਪ ਦੀਆਂ 4 ਪੁਸਤਕਾਂ ਸੱਚ ਕਹੂੰ, ਵਕਤ ਦੀ ਬੇੜੀ, ਮਸਿਆ ਦੀ ਖ਼ੀਰ ਅਤੇ ਪਿੰਡਾਂ ਵਿਚੋਂ ਪਿੰਡ ਸੁਣੀਂਦਾ ਪ੍ਰਕਾਸ਼ਤ ਹੋ ਚੁੱਕੀਆਂ ਹਨ। ਕਾਲਮ ਨਵੀਸ ਵੀ ਹਨ ਅਤੇ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਚ¦ਤ ਮਾਮਲਿਆਂ ਉਪਰ ਲੇਖ ਪ੍ਰਕਾਸ਼ਤ ਹੋ ਰਹੇ ਹਨ। ਮਿੱਟੀ ਮਾਲਵੇ ਦੀ ਪੰਜਾਬੀ ਦਾ ਇਕ ਰਸਾਲਾ ਵੀ ਉਨ੍ਹਾਂ ਦੀ ਸੰਸੰਥਾ ‘ਮਸਕਟ’ ਵੱਲੋਂ ਪ੍ਰਕਾਸ਼ਤ ਕਰਦੇ ਰਹੇ ਹਨ। ਹਰਕੇਸ਼ ਸਿੰਘ ਸਿੱਧੂ ਦਾ ਜਨਮ 15 ਜਨਵਰੀ 1954 ਨੂੰ ਪਿਤਾ ਸ੍ਰ.ਦਲੀਪ ਸਿੰਘ ਅਤੇ ਮਾਤਾ ਸ਼੍ਰੀਮਤੀ ਸੁਰਜੀਤ ਕੌਰ ਦੇ ਘਰ ਹੋਇਆ। ਆਪਦਾ ਜੱਦੀ ਪਿੰਡ ਸੰਗਰੂਰ ਜਿਲ੍ਹੇ ਵਿਚ ਲਾਡ ਵਣਜਾਰਾ ਕਲਾਂ ਹੈ। ਆਪਣੇ ਪਿਤਾ ਅਤੇ ਦਾਦੇ ਦੀ ਮੌਤ ਤੋਂ ਬਾਅਦ ਆਪ ਆਪਣੇ ਨਾਨਕੇ ਪਿੰਡ ਸੰਗਤੀਵਾਲਾ ਚਲੇ ਗਏ ਜਿਥੇ ਆਪਨੇ ਸਰਕਾਰੀ ਸਕੂਲ ਵਿਚ ਪੰਜਵੀਂ ਤੱਕ ਪੜ੍ਹਾਈ ਕੀਤੀ। 6ਵੀਂ ਅਤੇ ਨੌਵੀਂ ਨਜ਼ਦੀਕ ਪਿੰਡ ਭਾਈ ਕੀ ਪਿਸ਼ੌਰ ਹਾਈ ਸਕੂਲ ਵਿਚੋਂ ਪਾਸ ਕੀਤੀ। 8ਵੀਂ, ਦਸਵੀਂ, ਗਿਆਨੀ, ਬੀ.ਏ.,ਐਮ.ਏ.,ਪ੍ਰਾਈਵੇਟ ਤੌਰ ਤੇ ਪਾਸ ਕੀਤੀ। ਪੱਤਰਕਾਰੀ ਅਤੇ ਐਲ.ਐਲ.ਬੀ. ਪੰਜਾਬੀ ਯੂਨੀਵਰਸਿਟੀ ਤੋਂ ਪਾਸ ਕੀਤੀ।