ਧਰਮ, ਸਿਆਸਤ ਤੇ ਸੱਤਾ ਦੇ ਗੱਠਜੋੜ ਨੇ ਦੇਸ਼ ਅੰਦਰ ਅਜਿਹਾ ਜਾਲ ਵਿਛਾ ਲਿਆ ਹੈ ਕਿ ਇਹਨਾਂ ਦਾ ਗਠਜੋੜ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਉਤੇ ਲੈ ਕੇ ਜਾਣ ਦੀ ਬਜਾਏ ਨਿਘਾਰ ਵੱਲ ਵੱਧ ਰਿਹਾ ਹੈ । ਅਸੀਂ ਸਭ ਕੁੱਝ ਵੇਖਦੇ ਤੇ ਸਮਝਦੇ ਹੋਏ ਵੀ ਅੱਖਾਂ ’ਤੇ ਪੱਟੀ ਬੰਨ੍ਹੀ ਤੇ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੇ ਹਾਂ। ਸਾਡੀ ਜ਼ਿੰਦਗੀ ਨੂੰ ਜਿਸ ਤਰ੍ਹਾਂ ਇਹਨਾਂ ਹਾਕਮਾਂ ਨੇ ਆਪਣੀਆਂ ਕੱਠਪੁਤਲੀਆਂ ਬਣਾ ਲਿਆ ਹੈ, ਇਸ ਨੂੰ ਸਮਝਣ ਦੀ ਵਜਾਏ ਅਸੀਂ ਚੁੱਪ ਕਰੀ ਬੈਠੇ ਹਾਂ। ਸੱਤਾ ਧਰਮ ਦੇ ਨਾਂ ਉਤੇ ਜਿਸ ਤਰ੍ਹਾਂ ਦੀਆਂ ਫਸਲਾਂ ਬੀਜ ਰਹੀ ਹੈ, ਇਸ ਨੇ ਦੇਸ਼ ਨੂੰ ਇੱਕ ਨਾ ਇੱਕ ਦਿਨ ਵਿਨਾਸ਼ ਦੇ ਕੰਢੇ ਉਤੇ ਲਿਆ ਕੇ ਸੁੱਟ ਦੇਣਾ ਹੈ । ਅੱਜ ਦੇਸ਼ ਸਾਰੇ ਹੀ ਸੂਬਿਆਂ ਵਿੱਚ ਜਿਸ ਤਰ੍ਹਾਂ ਦੀ ਅਰਾਜਕਤਾ ਫੈਲੀ ਹੋਈ ਹੈ, ਇਸ ਤੋਂ ਇੰਝ ਲੱਗਦਾ ਹੈ ਕਿ ਸਮੇਂ ਦੀ ਹਕੂਮਤ ਜਿਹੜੀ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਤੁਰੀ ਹੋਈ ਹੈ, ਇਸ ਨਾਲ ਦੇਸ਼ ਵੱਖ-ਵੱਖ ਟੋਟਿਆਂ ਵਿੱਚ ਇੱਕ ਦਿਨ ਵੰਡਿਆ ਜਾਵੇਗਾ। ਦੇਸ਼ ਦੇ ਲੋਕਾਂ ਨੂੰ ਹੁਣ ਬਹੁਤੀ ਦੇਰ ਬੰਦੂਕ ਤੇ ਕਾਨੂੰਨ ਦੇ ਜ਼ੋਰ ਦੇ ਨਾਲ ਰੋਕਿਆ ਨਹੀਂ ਜਾ ਸਕਦਾ, ਜਿਹੜੇ ਹੱਥਾਂ ਤੋਂ ਤੁਸੀਂ ਕੰਮ ਖੋਹਦੇ ਹੋ, ਉਨ੍ਹਾਂ ਦੀਆਂ ਜ਼ਮੀਨਾਂ, ਜੰਗਲਾਂ, ਪਾਣੀਆਂ ਤੇ ਜ਼ਿੰਦਗੀ ਉਤੇ ਕਬਜ਼ਾ ਕਰਨ ਲਈ ਨਕਸਲਵਾਦ ਦੇ ਨਾਂ ਹੇਠ ਉਨ੍ਹਾਂ ਦੀ ਜ਼ਿੰਦਗੀ ਨੂੰ ਖਤਮ ਕਰਨ ਦੇ ਰਾਹ ਤੇ ਤੁਰੇ ਹੋਏ ਹੋ, ਉਨ੍ਹਾਂ ਲੋਕਾਂ ਕੋਲ ਲੜਨ ਤੋਂ ਵਗੈਰ ਹੁਣ ਬਾਕੀ ਕੀ ਬਚਿਆ ਹੈ? ਪਾਸ਼ ਦੀ ਕਵਿਤਾ ਅਸੀਂ ਲੜਾਂਗੇਂ ਸਾਥੀ’ ਇਸ ਗੱਲ ਦੀ ਬਹੁਤ ਦੇਰ ਪਹਿਲਾਂ ਕੀਤੀ ਗਈ ਉਹ ਭਵਿੱਖਬਾਣੀ ਹੈ, ਜਿਹੜੀ ਅੱਜ ਪੂਰੇ ਦੇਸ਼ ਦੇ ਵਿੱਚ ਸਿੱਧ ਹੋ ਰਹੀ ਹੈ, ਠੀਕ ਹੈ ਕਿ ਉਨ੍ਹਾਂ ਦਾ ਲੜਨ ਦਾ ਢੰਗ ਤਰੀਕਾ ਗਲਤ ਹੋ ਸਕਦਾ ਹੈ, ਪਰ ਉਨ੍ਹਾਂ ਦੀ ਲੜਾਈ ਦੇ ਉਪਰ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਅੱਜ ਜਿਸ ਤਰ੍ਹਾਂ ਦੇਸ ਭਗਤੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ, ਨੌਜੁਆਨਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਇਹ ਕੋਈ ਨਵੀਂ ਗੱਲ ਨਹੀਂ । ਦੇਸ਼ ਦੀਆਂ ਸਰਹੱਦਾਂ ਉਤੇ ਨੌਜੁਆਨ ਨਹੀਂ ਮਰਦੇ, ਸਗੋਂ ਉਹ ਢਿੱਡ ਮਰ ਰਹੇ ਹਨ, ਜਿੰਨ੍ਹਾਂ ਤੋਂ ਸਮੇਂ ਦੀਆਂ ਹਕੂਮਤਾਂ ਨੇ ਜ਼ਿੰਦਗੀ ਨੂੰ ਜਿਉਣ ਦਾ ਹੱਕ ਖੋਹ ਲਿਆ ਹੈ। ਹੁਣ ਜਦੋਂ ਕੋਈ ਸਰਹੱਦ ਤੋਂ ਲਾਸ਼ ਤਾਬੂਤ ਵਿੱਚ ਬੰਦ ਹੋ ਕੇ ਕਿਸੇ ਘਰ ਦੀਆਂ ਬਰੂਹਾਂ ਉਤੇ ਆਉਂਦੀ ਹੈ ਤਾਂ ਬਹੁਤ ਕੁੱਝ ਅਜਿਹਾ ਵੀ ਹੁੰਦਾ ਹੈ, ਜਿਸਨੂੰ ਪੇਡ-ਮੀਡੀਆ ਦੇਸ਼ ਭਗਤੀ ਦਾ ਰੂਪ ਦੇ ਕੇ ਉਨ੍ਹਾਂ ਦੇ ਦਰਦ ਨੂੰ ਸਮਝਣ ਦੀ ਵਜਾਏ, ਉਨ੍ਹਾਂ ਦੇ ਸੁਪਨਿਆਂ ਦਾ ਬਲਾਤਕਾਰ ਕਰਦਾ ਹੈ। ਦੁੱਖ-ਦਰਦ ਦੀਆਂ ਗੱਲਾਂ ਉਹ ਲੋਕ ਨਹੀਂ ਜਾਣਦੇ, ਜਿੰਨ੍ਹਾਂ ਨੇ ਕਦੇ ਦਰਦ ਝੱਲਿਆ ਨਾ ਹੋਵੇ। ਉਹ ਤਾਂ ਇਸ ਦਰਦ ਦੇ ਨਾਂ ਹੇਠ ਰੋਟੀਆਂ ਸੇਕਦੇ ਹਨ, ਸਗੋਂ ਆਪਣੀਆਂ ਵੋਟਾਂ ਗਿਣਦੇ ਹਨ। ਲਾਸ਼ਾਂ ਦੇ ਢੇਰ ਉਤੇ ਰਾਜ ਕਰਨ ਵਾਲੀਆਂ ਸ਼ਕਤੀਆਂ ਇਹ ਨਹੀਂ ਜਾਣਦੀਆਂ, ਕਿ ਜਦੋਂ ਢਿੱਡ ਦੇ ਲਈ ਕੁਰਬਾਨ ਹੋਣ ਵਾਲੇ ਆਪਣੇ ਹੱਕਾਂ ਦੀ ਜੰਗ ਲਈ ਉਠ ਖੜੇ ਹੋਏ ਤਾਂ ਉਨ੍ਹਾਂ ਤੋਂ ਇਸ ਲੋਕਤਾ ਦੇ ਹੜ੍ਹ ਨੂੰ ਸੰਭਾਲਿਆ ਨਹੀਂ ਜਾਣਾ ।
ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਲੋਕ ਇਸ ਦਰਦ ਦੇ ਨਾਲ ਪਰੁੰਨੇ ਜਾ ਰਹੇ ਹਨ, ਉਹਨਾਂ ਦੀ ਕੋਈ ਆਵਾਜ਼ ਸੁਨਣ ਵਾਲਾ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਦਰਦ ਦੀਆਂ ਗੱਲਾਂ ਕਰਨ ਵਾਲੀਆਂ ਇਨਕਲਾਬੀ ਜੱਥੇਬੰਦੀਆਂ ਵੀ ਬਸ ਜ਼ਾਬਤਾ ਪੂਰਾ ਕਰਨ ਜੋਗੀਆਂ ਰਹਿ ਗਈਆਂ ਹਨ। ਸ਼ਹੀਦ ਦੇਸ਼ ਭਗਤਾਂ ਦੀਆਂ ਬਰਸੀਆਂ ਉਤੇ ਲੰਬੇ ਲੰਬੇ ਭਾਸ਼ਣ ਝਾੜਕੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਮਾਰਕੇ ਇਹ ਇਨਕਲਾਬੀ ਜੱਥੇਬੰਦੀਆਂ ਵੀ ਉਹਨਾਂ ਘੁਰਨਿਆਂ ਵਿੱਚ ਵੜ੍ਹ ਜਾਂਦੀਆਂ ਹਨ, ਜਿਨ੍ਹਾਂ ਘੁਰਨਿਆਂ ਵਿੱਚ ਸਮੇਂ ਦੀ ਹਕੂਮਤ ਨੇ ਆਮ ਲੋਕਾਂ ਨੂੰ ਡੱਕਿਆ ਹੋਇਆ ਹੈ।
ਦਰਦ ਦੀਆਂ ਗੱਲਾਂ ਕਰਨੀਆਂ ਤੇ ਦਰਦ ਸਹਿਣ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ, ਪਰ ਅਸੀਂ ਇਸ ਅੰਦਰ ਦੀ ਗਾਥਾ ਨੂੰ ਨਹੀਂ ਜਾਣਦੇ। ਜੇ ਅਸੀਂ ਜਾਣਦੇ ਵੀ ਹਾਂ ਤਾਂ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਕੀ ਲੈਣਾ ਹੈ। ਸਾਡਾ ਕਿਹੜਾ ਕੋਈ ਮਰਿਆ ਹੈ। ਇਸ ਸੋਚ ਕੇ ਹੀ ਸਾਰੇ ਦੇਸ਼ ਨੂੰ ਪਿਛਲੇ 70 ਵਰ੍ਹਿਆਂ ਤੋਂ ਗੁਲਾਮ ਬਣਾਇਆ ਹੋਇਆ ਹੈ ਜਿਨ੍ਹਾਂ ਦਰਦੀਆਂ ਨੇ ਲੋਕਾਂ ਦੇ ਦਰਦ ਗੱਲ ਕਰਨੀ ਹੈ, ਉਨ੍ਹਾਂ ਨੇ ਦੁੱਖਾਂ ਨੂੰ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾਉਣਾ ਹੈ, ਪਰ ਉਹ ਹੁਣ ਮੈਂ ਤੇ ਤੂੰ’ ਦੀ ਵਿਚਾਰਧਾਰਾ ਵਿੱਚ ਬਾਹਰ ਨਹੀਂ ਨਿਕਲਦੇ। ਜਦੋਂ ਅਸੀਂ ਆਪਣੇ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਹਾਂ ਤਾਂ ਵੇਖਦੇ ਹਾਂ ਕਿ ਬਾਬੇ ਨਾਨਕ ਨੇ ਬਾਬਰ ਦੇ ਜ਼ੁਲਮ ਦੇ ਖਿਲਾਫ਼ ਆਵਾਜ਼ ਹੀ ਨਹੀਂ ਸੀ ਉਠਾਈ, ਸਗੋਂ ਉਸ ਸਮੇਂ ਕਰਤਾ ਪੁਰਖ ਨੂੰ ਵੀ ਵੰਗਾਰਿਆ ਸੀ, ਪਰ ਅੱਜ ਇਸ ਤਰ੍ਹਾਂ ਹਕੂਮਤ ਨੂੰ ਵੰਗਾਰਨ ਵਾਲੀਆਂ ਕਲਮਾਂ ਦਾ ਕਾਲ ਪੈ ਗਿਆ ਹੈ ,ਜਿਹੜੀਆਂ ਕਲਮਾਂ ਹਕੂਮਤ ਨੂੰ ਵੰਗਾਰਨ ਦਾ ਦਮ ਭਰਦੀਆਂ ਹਨ, ਉਨ੍ਹਾਂ ਨੂੰ ਹੋਰਨਾਂ ਹੀ ਮਸਲਿਆਂ ਵਿੱਚ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਦੇ ਉਪਰ ਵੱਖ-ਵੱਖ ਤਰ੍ਹਾਂ ਦੇ ਕੇਸ ਪਾ ਕੇ ਉਨ੍ਹਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ। ਇਸ ਸਮੇਂ ਦਰਦ ਨੂੰ ਘੱਟ ਨਹੀਂ ਕੀਤਾ ਜਾ ਸਕਦਾ ਪਰ ਦਰਦ ਨੂੰ ਲੁਕਾਇਆ ਵੀ ਨਹੀਂ ਜਾ ਸਕਦਾ। ਪਰ ਸਾਨੂੰ ਇਸ ਗੱਲ ਦੀ ਅਜੇ ਤੱਕ ਸਮਝ ਨਹੀਂ ਲੱਗੀ ਕਿ ਸਿਆਸਤ, ਧਰਮਾ, ਸੱਤਾ ਦੇ ਗੱਠਜੋੜ ਨੇ ਸਾਡਾ ਕਿੰਨਾ ਨੁਕਸਾਨ ਕਰ ਦਿੱਤਾ ਹੈ। ਅਸੀਂ ਧਰਮ ਵਿੱਚ ਵੱਧ ਰਹੀ ਸਿਆਸਤ ਦੇ ਅੰਦਰਲੇ ਸੱਚ ਨੂੰ ਸਮਝਣ ਦੀ ਵਜਾਏ, ਉਸਨੂੰ ਭੁੱਲਦੇ ਜਾ ਰਹੇ ਹਾਂ । ਅੱਜ ਮਨੁੱਖੀ ਜ਼ਿੰਦਗੀ ਦੇ ਲਈ ਧਰਮ ਇੱਕ ਜਖ਼ਮ ਵਾਂਗ ਵੱਧ ਰਿਹਾ ਹੈ । ਜਿਸ ਨੂੰ ਸਿਆਸਤ ਆਪਣੇ ਹਿੱਤਾਂ ਲਈ ਵਰਤਦੀ ਹੈ, ਜਦੋਂ ਤੱਕ ਸਾਨੂੰ ਇਹਨਾਂ ਦੇ ਇਸ ਗੱਠਜੋੜ ਦਾ ਅਹਿਸਾਸ ਨਹੀਂ ਹੋਵੇਗਾ, ਇਸ ਗੱਠਜੋੜ ਨੂੰ ਤੋੜਨ ਲਈ ਸਾਨੂੰ ਖੁੱਦ ਇੱਕ ਮੁੱਠ ਨਹੀਂ ਹੋਵਾਂਗੇ ਉਦੋਂ ਤੀਕ ਅਸੀਂ ਆਪਣੇ ਵਿਰਸੇ ਨੂੰ ਯਾਦ ਕਰਦੇ ਰਹਾਂਗੇ । ਬਾਬੇ ਨਾਨਕ ਨੇ ਤਾਂ ਆਪਣੀ ਆਵਾਜ਼ ਲੋਕਾਈ ਨੂੰ ਸੁਣਾ ਦਿੱਤੀ ਸੀ, ਪਰ ਅਸੀਂ ਬਾਬੇ ਨਾਨਕ ਦੇ ਪੂਰਨਿਆਂ ਉਤੇ ਕਦੋਂ ਤੁਰਾਂਗੇ ?,