ਜਿਊਣਵਾਲਾ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਮਾਣਯੋਗ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ, ਚੰਡੀਗੜ੍ਹ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੜਕ ਸੁਰੱਖਿਆ ਹਫਤਾ ਮਨਾਇਆ ਗਿਆ। ਜਿਸ ਤਹਿਤ ਕੋਆਰਡੀਨੇਟਰ ਵਿਕਾਸ ਗੋਇਲ ਨੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਸੜਕ ’ਤੇ ਚੱਲਣ ਦੇ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਸੜਕਾਂ ਉੱਪਰ ਪੂਰੀ ਤਰ੍ਹਾਂ ਸੁਚੇਤ ਹੋ ਕੇ ਵਿਚਰਨ ਦੀ ਅਪੀਲ ਕੀਤੀ। ਵਿਦਿਆਰਥੀਆਂ ਤੋਂ ਸੜਕ ਸੁਰੱਖਿਆ, ਜੀਵਨ ਰੱਖਿਆ ਵਿਸ਼ੇ ’ਤੇ ਲੇਖ ਲਿਖਵਾਏ ਗਏ, ਵਧੀਆ ਕਾਰਗੁਜਾਰੀ ਵਾਲੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ ਗਿਆ। ਟਰੈਫਿਕ ਅਧਿਕਾਰੀ ਬਲਕਾਰ ਸਿੰਘ ਨੇ ਵਿਦਿਆਰਥੀਆਂ ਨੂੰ ਸੜਕਾਂ ’ਤੇ ਅਪਣਾਏ ਜਾਣ ਵਾਲੇ ਜਰੂਰੀ ਨਿਯਮਾਂ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਅਸੀਂ ਸਾਵਧਾਨੀ ਵਰਤ ਕੇ ਆਪਣੀ ਅਤੇ ਦੂਸਰਿਆਂ ਦੀ ਕੀਮਤੀ ਜਾਨ ਬਚਾ ਸਕਦੇ ਹਾਂ। ਸੀਟ ਬੈਲਟ ਅਤੇ ਹੈਲਮੈਟ ਦੀ ਵਰਤੋਂ ਬਾਰੇ ਸੁਚੇਤ ਕਰਦਿਆਂ ਉਹਨਾਂ ਕਿਹਾ ਕਿ ਨਿਰਧਾਰਤ ਰਫਤਾਰ ਤੇ ਡਰਾਈਵਿੰਗ ਕਰਨਾ ਜਿੰਮੇਵਾਰ ਨਾਗਰਿਕਾਂ ਦਾ ਨੈਤਿਕ ਫਰਜ਼ ਹੈ। ਇਸ ਮੌਕੇ ਸਿਟੀ ਕਲੱਬ ਕੋਟਕਪੂਰਾ ਦੇ ਪ੍ਰ੍ਰਧਾਨ ਸ਼੍ਰੀ ਦਵਿੰਦਰ ਨੀਟੂ ਵੀ ਉਚੇਚੇ ਤੌਰ ਤੇ ਪਹੁੰਚੇ। ਜਿਕਰਯੋਗ ਹੈ ਕਿ ਵਿਦਿਆਰਥੀਆਂ ਨੂੰ ਸੜਕ ’ਤੇ ਲਗਾਏ ਨਿਸ਼ਾਨਾਂ ਬਾਰੇ ਜਾਗਰੂਕ ਕਰਨ ਲਈ ਵੀਡਿਓ ਵੀ ਦਿਖਾਈਆਂ ਗਈਆਂ। ਸੰਸਥਾ ਮੁਖੀ ਡਾ. ਐੱਸ. ਐੱਸ. ਬਰਾੜ ਦੀ ਯੋਗ ਅਗਵਾਈ ਹੇਠ ਸੜਕ ਸੁਰੱਖਿਆ ਹਫਤਾ ਸਫਲਤਾ ਪੂਰਵਕ ਸੰਪੰਨ ਹੋਇਆ।