ਕੁਰਾਲੀ, 29 ਅਪ੍ਰੈਲ (ਸੁਨੀਲ ਸ਼ੁਕਲਾ)- ਨੇੜਲੇ ਪਿੰਡ ਫ਼ਤਿਹਗੜ੍ਹ ਚਟੌਲੀ ਦੇ ਗੁਰੂਦਵਾਰਾ ਸਿੰਘ ਸ਼ਹੀਦਾਂ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਡੈਲੀ ਸੂਰਜ ਦੇ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਨਿਵਾਸੀ ਗੁਰਮੀਤ ਸਿੰਘ ਨੇ ਦਸਿਆ ਕਿ ਅਜ ਪਿੰਡ ਵਿਚ ਸਵੇਰੇ ਤੋਂ ਬਿਜਲੀ ਗਈ ਹੋਈ ਸੀ ਤੇ ਬਾਅਦ ਦੁਪਹਿਰ ਕਰੀਬ 3:30 ਵਜੇ ਬਿਜਲੀ ਆਈ ਸੀ ਤੇ ਲਗਭਗ 4 ਵਜੇ ਦੇ ਕਰੀਬ ਗੁਰੂਦਵਾਰਾ ਸਾਹਿਬ ਦੇ ਨੇੜੇ ਦੁਕਾਨਾਂ ਕਰ ਰਹੇ ਦੁਕਾਨਦਾਰਾਂ ਨੇ ਗੁਰੂਦਵਾਰਾ ਸਾਹਿਬ ’ਚੋਂ ਧੂੰਆਂ ਨਿਕਾਲਦਾ ਨਜ਼ਰ ਆਉਣ ’ਤੇ ਰੋਲਾ ਪਾਉਣ ’ਤੇ ਪਿੰਡ ਨਿਵਾਸੀਆਂ ਨੇ ਇਕਠੇ ਹੋਕੇ ਗੁਰੂਦਵਾਰਾ ਸਾਹਿਬ ਪਹੁਚੇ ਤੇ ਜਲਦੀ ਹੀ ਅਗ ਤੇ ਕਾਬੂ ਪਾਇਆ ਤੇ ਉਨ੍ਹਾਂ ਦੇਖਿਆ ਕਿ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਹੋ ਚੁਕੇ ਸਨ, ਇਹ ਸਭ ਦੇਖਦਿਆਂ ਹੀ ਮੌਕੇ ਤੇ ਹੀ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵੀ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦੇ ਦਿਤੀ ਗਈ । ਉਨ੍ਹਾਂ ਦਸਿਆ ਕਿ ਅਗ ਲਗਣ ਦਾ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਲਗੇ ਪੰਖੇ ਨੂੰ ਸਮਝਿਆ ਜਾ ਰਿਹਾ ਹੈ ਜਿਸ ਵਿਚ ਬਿਜਲੀ ਆਉਣ ਤੇ ਸਪਾਰਕਿੰਗ ਹੋਣ ਕਾਰਨ ਚੰਦਰੇ ਅਤੇ ਰੁਮਾਲਿਆਂ ਦੇ ਅਗ ਦੀ ਲਪੇਟ ਵਿਚ ਆਉਣ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਕ ਪਹੁੰਚਣ ਤੇ ਕੁਝ ਅੰਗ ਨੁਕਸਾਨੇ ਗਏ ਸਨ । ਅਗਨ ਦੀ ਭੇਂਟ ਹੋਏ ਸਰੂਪ ਸਤਿਕਾਰ ਸਹਿਤ ਅਲਗ ਤੋਂ ਸਨਬਹਾਲ ਲਿਆ ਗਿਆ ਹੈ ਤੇ ਸ਼੍ਰੀ ਆਨੰਦ ਪੁਰ ਸਾਹਿਬ ਤੋਂ ਆਈ ਸ਼੍ਰੋਮਣੀ ਕਮੇਟੀ ਦੀ ਟੀਮ ਵਲੋਂ ਖ਼ਬਰ ਲਿਖੇ ਜਾਣ ਤਕ ਗੁਰੂਦਵਾਰਾ ਸਾਹਿਬ ਵਿਚ ਲਗੇ ਸੀ ਸੀ ਟੀ ਵੀ ਕੈਮਰਿਆਂ ਅਤੇ ਹੋਰ ਜਾਂਚ ਕੀਤੀ ਜਾ ਰਹੀ ਸੀ । ਅਗ ਲਗਣ ਦੇ ਅਸਲੀ ਕਾਰਨਾ ਦਾ ਪਤਾ ਪੂਰੀ ਜਾਂਚ ਹੋਣ ਤੋਂ ਬਾਅਦ ਹੀ ਚਲੇਗਾ।