ਸੁਖਬੀਰ ਵੱਲੋਂ ਦਿੱਲੀ ’ਚ ਖਾਲਸਾਈ ਖੇਡਾਂ ਦਾ ਉਦਘਾਟਨ

ਸਿਖ ਭਰਾਵਾਂ ਨੇ ਆਪਣੀ ਮਿਹਨਤ ਸਦਕਾ ਸਿਖ ਕੌਮ ਦਾ ਨਾਂ ਰੌਸ਼ਨ ਕੀਤਾ

ਨਵੀਂ ਦਿੱਲੀ, 28 ਅਪ੍ਰੈਲ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪਮੁਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿਲੀ ਵਿਖੇ ਹੋਈਆਂ ਖਾਲਸਾਈ ਖੇਡਾਂ ਦਾ ਉਦਘਾਟਨ ਕੀਤਾ। ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਲ ਵਿਹਾਰ ਵਿਖੇ ਬਾਬਾ ਜਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਮੌਕੇ ਕਰਵਾਏ ਗਏ ਸਮਾਗਮਾਂ ਦੌਰਾਨ ਖਾਲਸਾਈ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ। ਖੇਡਾਂ ਦੌਰਾਨ ਨਿਹੰਗ ਸਿੰਘਾਂ ਨੇ ਘੁੜਦੌੜ, ਗਤਕਾ ਅਤੇ ਜਾਬਾਜ਼ ਹੌਸਲੇ ਰਾਹੀਂ ਜੌਹਰ ਦਿਖਾ ਕੇ ਦਰਸ਼ਕਾਂ ’ਚ ਉਤਸ਼ਾਹ ਭਰ ਦਿਤਾ। ਬਾਦਲ ਨੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਿਖ ਕੌਮ ਗਿਣਤੀ ‘ਚ ਬੇਸ਼ਕ ਦੂਜ਼ੀ ਕੌਮਾਂ ਤੋਂ ਛੋਟੀ ਹੋ ਸਕਦੀ ਹੈ ਪਰ ਸੰਸਾਰ ਦੇ ਕੋਨੇ-ਕੋਨੇ ‘ਚ ਵਸਦੇ ਸਿਖ ਭਰਾਵਾਂ ਨੇ ਆਪਣੀ ਮਿਹਨਤ ਸਦਕਾ ਸਿਖ ਕੌਮ ਦਾ ਨਾਂ ਰੌਸ਼ਨ ਕੀਤਾ ਹੈ। ਜਿਹੜੀਆਂ ਕੌਮਾਂ ਇਤਿਹਾਸ ਨੂੰ ਸੰਭਾਲਦੀਆਂ ਹਨ ਉਹੀ ਕੌਮਾਂ ਅਗੇ ਵਧਦੀਆਂ ਹਨ।ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਧਾਈ ਦੀ ਪਾਤਰ ਹਨ, ਜਿਹੜੀਆਂ ਲਾਲ ਕਿਲਾ ਫਤਿਹ ਕਰਨ ਵਾਲੇ ਮਹਾਨ ਸਿਖ ਜਰਨੈਲ ਬਾਬਾ ਜਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀ ਮਨਾ ਰਹੀਆਂ ਹਨ। ਬਾਦਲ ਨੇ ਸ਼ਤਾਬਦੀ ਸਮਾਗਮਾਂ ਨੂੰ ਵਡੇ ਪਧਰ ‘ਤੇ ਮਨਾਉਣ ਲਈ ਸਿਖ ਕੌਮ ਨੂੰ ਵਧਾਈ ਵੀ ਦਿੱਤੀ। ਦਿਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ.,ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ, ਰਾਜਸਭਾ ਮੈਂਬਰ ਤੇ ਅਕਾਲੀ ਦਲ ਦੀ ਦਿਲੀ ਇਕਾਈ ਦੇ ਪ੍ਰਭਾਰੀ ਬਲਵਿੰਦਰ ਸਿੰਘ ਭੁੰਦੜ ਅਤੇ ਬੁਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਸੰਗਤਾਂ ਸਾਹਮਣੇ ਆਪਣੇ ਵਿਚਾਰ ਰਖੇ। ਜੀ.ਕੇ. ਨੇ ਕਿਹਾ ਕਿ ਦਿਲੀ ਕਮੇਟੀ ਦਾ ਟੀਚਾ ਹਮੇਸ਼ਾਂ ਤੋਂ ਸਿਖ ਇਤਿਹਾਸ ਨੂੰ ਸੰਗਤਾਂ ਦੇ ਸਾਹਮਣੇ ਰਖਣ ਵਾਲਾ ਰਿਹਾ ਹੈ। ਕਦੇ ਵੀ ਕਿਸੇ ਸਿਆਸੀ ਦਬਾਵ ਦੀ ਪਰਵਾਹ ਕੀਤੇ ਬਗੈਰ ਹਰ ਵੇਲੇ ਅਸੀਂ ਕੌਮ ਦੀ ਚੜ੍ਹਦੀਕਲਾ ਨੂੰ ਸੁਰਜੀਤ ਕਰਨ ਵਲ ਧਿਆਨ ਦਿਤਾ ਹੈ। ਇਸੇ ਕਰਕੇ ਮਹਾਨ ਸਿਖ ਜਰਨੈਲ ਬਾਰੇ ਇਤਨੇ ਵਡੇ ਪਧਰ ‘ਤੇ ਸੰਗਤਾਂ ਤਕ ਜਾਣਕਾਰੀ ਪਹੁੰਚਾਉਣ ਲਈ ਕਮੇਟੀ ਨਿਵੇਕਲੇ ਉਪਰਾਲੇ ਕਰ ਰਹੀ ਹੈ। ਸਿਰਸਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸ਼ੇਰ ਦਸਿਆ ਹੈ।ਇਸ ਲਈ ਸ਼ੇਰ ਆਪਣੇ ਕਾਨੂੰਨ ਬਣਾਉਂਦਾ ਹੈ ਅਤੇ ਆਪਣੇ ਕਾਨੂੰਨ ’ਤੇ ਹੀ ਚਲਦਾ ਹੈ। ਜਿਸ ਲਾਲ ਕਿਲੇ ‘ਤੇ ਮੁਗਲਾਂ ਨੇ ਸਿਖਾਂ ਤੋਂ ਜਾਨ ਦੀ ਭੀਖ ਮੰਗੀ ਸੀ, ਉਥੇ ਅਜ ਵੀ ਦੇਸ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਸਿਖਾਂ ਦੇ ਮਹਾਪੁਰਸ਼ ਗਰਜ਼ ਕੇ ਇਸ ਗਲ ਦਾ ਅਹਿਸਾਸ ਕਰਾਉਂਦੇ ਹਨ ਕਿ ਸਿਖ ਮਰਜੀਵੜੇ ਹਨ। ਸਿਰਸਾ ਨੇ ਕਿਹਾ ਕਿ ਮੈਂਨੂੰ ਸਿਖ ਹੋਣ ‘ਤੇ ਮਾਣ ਹੈ। ਮੇਰੇ ਗੁਰੂ ਨੇ ਮੈਂਨੂੰ ਬੇਬਾਕ ਬੋਲਣ ਦਾ ਜਜ਼ਬਾ ਦਿਤਾ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿਖ ਸੰਗਤ ਤੋਂ ਬਾਅਦ ਹੀ ਮੇਰੀ ਜਵਾਬਦੇਹੀ ਕਿਸੇ ਪਾਰਟੀ ਪ੍ਰਤੀ ਬਣਦੀ ਹੈ। ਦਿਲੀ ਕਮੇਟੀ ਸਿਖ ਮਾਮਲਿਆਂ ‘ਤੇ ਕੌਮ ਦਾ ਸਿਰ ਕਦੇ ਵੀ ਨੀਵਾਂ ਨਹੀਂ ਹੋਣ ਦੇਵੇਗੀ। ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ ਸਟੇਜ਼ ਸਕਤਰ ਦੀ ਸੇਵਾ ਨਿਭਾਈ। ਇਸ ਮੌਕੇ ਵਡੀ ਗਿਣਤੀ ‘ਚ ਦਿਲੀ ਕਮੇਟੀ ਦੇ ਮੈਂਬਰ, ਦਲ ਪੰਥ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰਿਆਵੇਲਾਂ, ਟਿਕਾਣਾ ਸਾਹਿਬ ਦੇ ਸੰਤ ਅੰਮ੍ਰਿਤਪਾਲ ਸਿੰਘ ਸਣੇ ਕਈ ਸੰਤ ਮਹਾਪੁਰਸ਼ ਮੌਜੂਦ ਸਨ। ਗਾਇਕ ਦੀਪ ਜੋਤ ਓਸ਼ਨ ਨੇ ਧਾਰਮਿਕ ਗੀਤਾਂ ਦੀ ਵੀ ਇਸ ਮੌਕੇ ਪੇਸ਼ਕਾਰੀ ਕੀਤੀ।

Send this to a friend