Skip to content
Independent perspectives. Global stories.
BREAKING

ਫਸਲੀ ਵੰਨ-ਸੁਵੰਨਤਾ ਲਈ ਖੇਤੀ ਮਸ਼ੀਨਰੀ ਵਾਜਬ ਕੀਮਤਾਂ ’ਤੇ ਮੁਹੱਈਆ ਕਰਾਵਾਂਗੇ : ਬਾਦਲ

Share this story

ਗੰਨੇ ਘੜਨ ਤੇ ਕੱਟਣ ਵਾਲੀਆਂ ਮਸ਼ੀਨਾਂ ਦੀ ਲੋੜ ਬਾਰੇ ਰਿਪੋਰਟ ਤਿਆਰ ਲਈ ਆਖਿਆ
ਝੋਨੇ ਦੀ ਪਰਾਲੀ ਨੂੰ ਖੇਤਾਂ ’ਚ ਖਪਾਉਣ ਵਾਲੀ ਮਸ਼ੀਨਰੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਆਖਿਆ
ਮੁੱਖ ਮੰਤਰੀ ਵੱਲੋਂ ਖੇਤੀ ਮਸ਼ੀਨਰੀ ਦੀ ਨੁਮਾਇਸ਼ ਦਾ ਦੌਰਾ

image ਚੱਪੜਚਿੜੀ (ਮੋਹਾਲੀ), 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਆਖਿਆ ਕਿ ਸੂਬੇ ਵਿੱਚ ਝੋਨੇ ਹੇਠ ਰਕਬੇ ਨੂੰ ਘਟਾਉਣ ਲਈ ਮੱਕੀ, ਸੋਇਆਬੀਨ ਤੇ ਕਪਾਹ ਵਰਗੀਆਂ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਲਈ ਇਨ੍ਹਾਂ ਫਸਲਾਂ ਦੀ ਬਿਜਾਈ ਅਤੇ ਸਾਂਭ-ਸੰਭਾਲ ਲਈ ਲੋੜੀਂਦੀ ਸਾਰੀ ਮਸ਼ੀਨਰੀ ਅਤੇ ਖੇਤੀ ਸੰਦ ਕਿਸਾਨਾਂ ਨੂੰ ਸੂਬਾ ਸਰਕਾਰ ਵਾਜਬ ਕੀਮਤਾਂ ’ਤੇ ਮੁਹੱਈਆ ਕਰਵਾਏਗੀ ਤਾਂ ਕਿ ਖੇਤੀ ਵਿੱਚ ਵਿਭਿੰਨਤਾ ਲਿਆਂਦੀ ਜਾ ਸਕੇ।ਇੱਥੇ ਚੱਲ ਰਹੇ ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ ਦੇ ਤੀਜੇ ਦਿਨ ਕੌਮਾਂਤਰੀ ਤੇ ਕੌਮੀ ਕੰਪਨੀਆਂ ਵੱਲੋਂ ਲਾਏ ਗਏ ਖੇਤੀ ਮਸ਼ੀਨਰੀ ਦੇ ਸਟਾਲਾਂ ਦਾ ਦੌਰਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਵੰਨ-ਸੁਵੰਨਤਾ ਲਈ ਉਲੀਕੇ ਗਏ ਪ੍ਰੋਗਰਾਮ ਨੂੰ ਸਿਰੇ

ਚੜ੍ਹਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਲੋੜੀਂਦੀ ਖੇਤੀ ਮਸ਼ੀਨਰੀ ਤੇ ਹੋਰ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਲਈ ਢੁਕਵੇਂ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਖੇਤੀ ਮਸ਼ੀਨਰੀ ਤੇ ਸੰਦ ਬਣਾਉਣ ਵਾਲੀਆਂ ਕੰਪਨੀਆਂ ਦਾ ਖੇਤੀ ਦੇ ਵਿਕਾਸ ਵਿੱਚ ਬਹੁਤ ਅਹਿਮ ਯੋਗਦਾਨ ਮੰਨਦਿਆਂ ਉਨ੍ਹਾਂ ਕਿਹਾ ਕਿ ਪਰ ਅੱਜ ਲੋੜ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਥਾਨਕ ਲੋੜਾਂ ਅਨੁਸਾਰ ਇਹ ਮਸ਼ੀਨਰੀ ਤੇ ਸੰਦ ਵਾਜਬ ਕੀਮਤਾਂ ’ਤੇ ਮਿਲਣ। ਮੁੱਖ ਮੰਤਰੀ ਨੇ ਆਖਿਆ ਕਿ ਇਸ ਸੰਮੇਲਨ ਤੋਂ ਬਾਅਦ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਫਸਲਾਂ ਦੀ ਕਾਸ਼ਤ ਕਰਨ ਵਾਲੇ ਸਫਲ ਕਿਸਾਨਾਂ ਨੂੰ ਖੁਦ ਮਿਲਣਗੇ ਅਤੇ ਉਨ੍ਹਾਂ ਦੀ ਸਲਾਹ ਨਾਲ ਖੇਤੀ ਨੂੰ ਮੁੜ ਲਾਹੇਵੰਦ ਧੰਦਾ ਬਣਾਉਣ ਲਈ ਨਵੇਂ ਪ੍ਰੋਗਰਾਮ ਉਲੀਕਣਗੇ।
ਖੇਤੀ ਮਸ਼ੀਨਰੀ ਨੁਮਾਇਸ਼ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਗੰਨੇ ਘੜ ਕੇ ਉਸ ਦੇ ਟੋਟੇ ਟਰਾਲੀ ਵਿੱਚ ਲੱਦਣ ਤੇ ਆਗਾਂ ਦਾ ਕੁਤਰਾ ਕਰਨ ਦੇਣ ਵਾਲੀ ਆਟੋਮੈਟਿਕ ਮਸ਼ੀਨਾਂ ਵਿੱਚ ਡੂੰਘੀ ਦਿਲਚਸਪੀ ਦਿਖਾਉਂਦਿਆਂ ਸ. ਬਾਦਲ ਨੇ ਖੇਤੀਬਾੜੀ ਵਿਭਾਗ ਦੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਗੰਨਾ ਉਤਪਾਦਕਾਂ ਅਤੇ ਖੰਡ ਮਿੱਲਾਂ ਨਾਲ ਮੀਟਿੰਗ ਕਰਕੇ ਸੂਬੇ ਵਿੱਚ ਇਨ੍ਹਾਂ ਮਸ਼ੀਨਾਂ ਦੀ ਲੋੜ ਬਾਰੇ ਰਿਪੋਰਟ ਤਿਆਰ ਕਰਨ ਤਾਂ ਜੋ ਸੂਬਾ ਸਰਕਾਰ ਵੱਲੋਂ ਇਹ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਸਕਣ। ਇਹ ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਮਸ਼ੀਨ ਦੋ-ਢਾਈ ਘੰਟਿਆਂ ਵਿੱਚ ਗੰਨੇ ਦੀ ਇਕ ਏਕੜ ਫਸਲ ਦੀ ਕਟਾਈ ਕਰ ਦਿੰਦੀ ਹੈ ਅਤੇ ਇਸ ’ਤੇ ਤਕਰੀਬਨ 8-10 ਹਜ਼ਾਰ ਪ੍ਰਤੀ ਏਕੜ ਦਾ ਖਰਚਾ ਆਉਂਦਾ ਹੈ।
ਮੁੱਖ ਮੰਤਰੀ ਨੇ ਝੋਨੇ ਦੀ ਪਰਾਲੀ ਨੂੰ ਵਾਤਾਵਰਨ ਅਨੁਸਾਰੀ ਤਰੀਕੇ ਨਾਲ ਧਰਤੀ ਵਿੱਚ ਖਪਾਉਣ ਲਈ ਵਰਤੋਂ ਵਿੱਚ ਆਉਣ ਵਾਲੀਆਂ ਸਟਰਾਅ ਰੀਪਰ, ਬੇਲਰ, ਰੋਟਾਵੇਟਰ ਅਤੇ ਹੈਪੀਸੀਡਰ ਵਰਗੀਆਂ ਮਸ਼ੀਨਾਂ ਵਿੱਚ ਗਹਿਰੀ ਦਿਲਚਸਪੀ ਲੈਂਦਿਆਂ ਇਨ੍ਹਾਂ ਦੀ ਕੀਮਤ, ਕੰਮ ਕਰਨ ਦਾ ਢੰਗ ਅਤੇ ਕਿਸਾਨਾਂ ਵੱਲੋਂ ਇਨ੍ਹਾਂ ਦੀ ਵਰਤੋਂ ਕਰਨ ਵਿੱਚ ਵਿਖਾਈ ਗਈ ਰੁਚੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਮੌਕੇ ’ਤੇ ਹਾਜ਼ਰ ਸਬੰਧਤ ਅਧਿਕਾਰੀਆਂ ਨੂੰ ਆਖਿਆ ਕਿ ਉਹ ਇਨ੍ਹਾਂ ਮਸ਼ੀਨਾਂ ’ਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਬਾਰੇ ਕਿਸਾਨਾਂ ਨੂੰ ਜਾਣੂ ਵੀ ਕਰਵਾਉਣ ਅਤੇ ਇਹ ਵੀ ਯਕੀਨੀ ਬਣਾਉਣ ਕਿ ਇਹ ਮਸ਼ੀਨਾਂ ਖਰੀਦਣ ਵਾਲੇ ਹਰ ਕਿਸਾਨ ਨੂੰ ਸਮੇਂ ਸਿਰ ਸਬਸਿਡੀ ਮਿਲੇ।
ਸੂਬੇ ਵਿੱਚ ਆਲੂਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਵਾਲੀ ਕੰਪਨੀ ਪੈਪਸੀਕੋ ਵੱਲੋਂ ਆਲੂਆਂ ਦਾ ਮਿਆਰੀ ਬੀਜ ਤਿਆਰ ਕਰਨ ਲਈ ਵਰਤੀ ਜਾਂਦੀ ਟਿਸ਼ੂ ਕਲਚਰ ਤਕਨੀਕ ਬਾਰੇ ਵਿਸਥਾਰ ਵਿੱਚ ਜਾਣਕਾਰੀ ਹਾਸਲ ਕੀਤੀ। ਕੰਪਨੀ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਵੇਲੇ ਕੰਪਨੀ ਸੂਬੇ ਵਿੱਚ ਤਕਰੀਬਨ 3500 ਏਕੜ ਵਿੱਚ ਆਲੂਆਂ ਦਾ ਮਿਆਰੀ ਬੀਜ ਤਿਆਰ ਕਰਵਾਉਂਦੀ ਹੈ ਅਤੇ ਲਗਪਗ 11000 ਏਕੜ ਵਿੱਚ ਆਲੂਆਂ ਦੀ ਫਸਲ ਆਪਣੀ ਨਿਗਰਾਨੀ ਹੇਠ ਪੈਦਾ ਕਰਵਾਉਂਦੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਕੰਪਨੀ ਵੱਲੋਂ ਆਲੂਆਂ ਦੀ ਬਿਜਾਈ, ਪੁਟਾਈ ਅਤੇ ਗਰੇਡਿੰਗ ਕਰਨ ਲਈ ਲੋੜੀਂਦੀ ਮਸ਼ੀਨਰੀ ਆਪਣੇ ਕਿਸਾਨਾਂ ਮੁਫਤ ਮੁਹੱਈਆ ਕੀਤੀ ਜਾਂਦੀ ਹੈ।
ਮੁੱਖ ਮੰਤਰੀ ਨੇ ਬੈਟਰੀ ਨਾਲ ਚੱਲਣ ਵਾਲੇ ਸਪਰੇਅ ਪੰਪਾਂ, ਬੀਜ ਸੋਧਕ ਮਸ਼ੀਨਾਂ, ਫਸਲੀ ਰਹਿੰਦ-ਖੂੰਹਦ ਤੋਂ ਖਾਦ ਤੇ ਬਿਜਲੀ ਬਣਾਉਣ ਦੇ ਢੰਗ-ਤਰੀਕਿਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਨ੍ਹਾਂ ਨੁਮਾਇਸ਼ਾਂ ਦਾ ਦੌਰਾ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਅਤੇ ਉ¤ਤਰ ਪ੍ਰਦੇਸ਼, ਤਾਮਿਲਨਾਡੂ, ਹਰਿਆਣਾ, ਮੱਧ ਪ੍ਰਦੇਸ਼ ਆਦਿ ਸੂਬਿਆਂ ਤੋਂ ਆਏ ਹੋਏ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਤਜਰਬਿਆਂ ਅਤੇ ਮੁਸ਼ਕਲਾਂ ਬਾਰੇ ਜਾਣਕਾਰੀ ਵੀ ਲਈ। ਇਨ੍ਹਾਂ ਸਾਰੇ ਕਿਸਾਨਾਂ ਦੀ ਗੱਲਬਾਤ ਵਿੱਚ ਸਾਂਝਾ ਨੁਕਤਾ ਇਹ ਸੀ ਕਿ ਖੇਤੀਬਾੜੀ ਵਿੱਚੋਂ ਬਹੁਤ ਘੱਟ ਆਮਦਨ ਰਹਿ ਗਈ ਹੈ। ਇਨ੍ਹਾਂ ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਇਹ ਵਿਲੱਖਣ ਸੰਮੇਲਨ ਕਰਵਾਉਣ ਦੇ ਉ¤ਦਮ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ, ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਸ੍ਰੀ ਆਰ.ਐਸ. ਸਚਦੇਵਾ, ਖੇਤੀਬਾੜੀ ਵਿਭਾਗ ਦੇ ਇੰਜਨੀਅਰਿੰਗ ਵਿੰਗ ਦੇ ਜਾਇੰਟ ਡਾਇਰੈਕਟਰ ਇੰਜ. ਦੇਸ ਰਾਜ ਕਟਾਰੀਆ ਹਾਜ਼ਰ ਸਨ।

WRITTEN BY