ਗੁਰਦੁਆਰਾ ਦੁੱਖ ਭੰਜਨੀ ਬੇਰ ਸਾਹਿਬ ਦੇ ਸਾਹਮਣੇ ਬਣ ਰਹੇ ਕਮਰਿਆਂ ਦਾ ਲੈਂਟਰ ਪਾਇਆ

image ਅੰਮ੍ਰਿਤਸਰ, 18 ਫਰਵਰੀ (ਪੀ.ਟੀ.)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਵੱਲੋਂ ਅਹਿਮ ਫੈਸਲਾ ਕਰਦਿਆਂ ਗੁਰਦੁਆਰਾ ਦੁੱਖ ਭੰਜਨੀ ਬੇਰ ਸਾਹਿਬ ਸਾਹਮਣੇ ਸ੍ਰੀ ਅਖੰਡਪਾਠ ਸਾਹਿਬ ਲਈ 5 ਕਮਰੇ ਤੇ ਇੱਕ ਬਰਾਂਡਾ ਤਿਆਰ ਕਰਨ ਲਈ ਭੂਰੀ ਵਾਲੇ ਸੰਪ੍ਰਦਾ ਦੇ ਮੁਖੀ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੇਵਾ ਸੌਂਪੀ ਗਈ ਸੀ। ਬਾਬਾ ਜੀ ਵੱਲੋਂ ਇਹ ਸੇਵਾ ਤਕਰੀਬਨ 5 ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਸੀ ’ਤੇ ਪਹਿਲੇ ਗੇੜ ਦੀ ਸੇਵਾ ਮੁਕੰਮਲ ਕਰਦਿਆਂ ਲੈਂਟਰ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲੈਂਟਰ ਪਾਉਣ ਲਈ ਅਰੰਭਤਾ ਦੀ ਅਰਦਾਸ ਕੀਤੀ।

ਉਪਰੰਤ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦਿਆਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਬਾਬਾ ਕਸ਼ਮੀਰ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਭੂਰੀ ਵਾਲੇ, ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ.ਹਰਪਾਲ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ.ਦਲਮੇਘ ਸਿੰਘ, ਸ.ਰੂਪ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ, ਸ.ਮਹਿੰਦਰ ਸਿੰਘ ਆਹਲੀ ਤੇ ਸ.ਅੰਗਰੇਜ ਸਿੰਘ ਵਧੀਕ ਸਕੱਤਰ, ਸ.ਬਿਜੈ ਸਿੰਘ ਤੇ ਸ.ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਾਮਦਾਸ ਇੰਚਾਰਜ ਪਬਲੀਸਿਟੀ, ਸ.ਰਾਮ ਸਿੰਘ ਸਾਬਕਾ ਮੀਤ ਸਕੱਤਰ, ਸ.ਗੁਰਿੰਦਰ ਸਿੰਘ ਐਡੀ:ਮੈਨੇਜਰ, ਬਾਬਾ ਗੁਰਨਾਮ ਸਿੰਘ, ਬਾਬਾ ਫਤਹਿ ਸਿੰਘ, ਬਾਬਾ ਪ੍ਰੇਮ ਸਿੰਘ, ਬਾਬਾ ਸਰਵਨ ਸਿੰਘ, ਬਾਬਾ ਹੀਰਾ ਸਿੰਘ, ਭਾਈ ਅਮਰੀਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਨੇ ਸੇਵਾ ਵਿੱਚ ਹਿੱਸਾ ਲਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਨੇ ਇਹ ਸੇਵਾ ਸੌਂਪੀ ਸੀ, ਪਹਿਲੇ ਗੇੜ ਦੀ ਸੇਵਾ ਵਿੱਚ ਅੱਜ ਲੈਂਟਰ ਪਾਇਆ ਗਿਆ ਹੈ। ਗੁਰਦੁਆਰਾ ਦੁੱਖ ਭੰਜਨੀ ਬੇਰ ਸਾਹਿਬ ਦੇ ਸਾਹਮਣੇ ਸ੍ਰੀ ਅਖੰਡਪਾਠਾਂ ਲਈ 5 ਕਮਰੇ ਤੇ 1 ਬਰਾਡਾਂ ਤਿਆਰ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜੁਆਬ ਵਿੱਚ ਦੱਸਿਆ ਕਿ ਇਹ ਸੇਵਾ ਜਲਦੀ ਮੁਕੰਮਲ ਕੀਤੀ ਜਾਵੇਗੀ। ਇਸ ਮੌਕੇ ਸ.ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਤੋਂ ਇਲਾਵਾ ਬਹੁਤ ਸਾਰੀਆਂ ਸੰਗਤਾਂ ਸ੍ਰੀ ਅਖੰਡਪਾਠ ਸਾਹਿਬ ਕਰਵਾਉਦੀਆਂ ਹਨ। ਸ੍ਰੀ ਅਖੰਡਪਾਠਾਂ ਵਾਸਤੇ ਹੋਰ ਕਮਰਿਆਂ ਦੀ ਜ਼ਰੂਰਤ ਹੈ। ਅੰਤ੍ਰਿੰਗ ਕਮੇਟੀ ਵੱਲੋਂ ਹੋਏ ਫੈਸਲੇ ਅਨੁਸਾਰ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਇਹ ਸੇਵਾ ਦਿੱਤੀ ਗਈ ਹੈ। ਜਿਸ ਦੇ ਪਹਿਲੇ ਗੇੜ ਵਜੋਂ 5 ਕਮਰਿਆਂ ਤੇ ਬਰਾਂਡੇ ਲਈ ਲੈਂਟਰ ਪਾਇਆ ਗਿਆ ਹੈ।

Send this to a friend