ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ

ਸ਼ਿਲਪਾ ਅਤੇ ਸ਼ਰਦ ਨੂੰ 20 ਸਾਲ ਦੀ ਕੈਦ-2 ਬਰੀ

ਜੋਧਪੁਰ, 25 ਅਪਰੈਲ- ਹਿੰਦੂ ਕਥਾਵਾਚਕ ‘ਬਾਪੂ’ ਆਸਾਰਾਮ ਨੂੰ ਇੱਕ ਦਲਿਤ ਨਾਬਾਲਗ ਲੜਕੀ ਨਾਲ ਰੇਪ ਦੇ ਦੋਸ਼ ’ਚ ਜੋਧਪੁਰ ਦੀ ਵਿਸ਼ੇਸ਼ ਅਦਾਲਤ ਨੇ ਉਮਰ ਭਰ ਲਈ ਕੈਦ ਦੀ ਸਜ਼ਾ ਸੁਣਾਈ ਹੈ। ਐਸਸੀਐਸਟੀ ਐਕਟ ਦੇ ਤਹਿਤ ਬਣਾਈ ਗਈ ਵਿਸ਼ੇਸ਼ ਅਦਾਲਤ ਦੇ ਵਿਸ਼ੇਸ਼ ਜੱਜ ਜਸਟਿਸ ਮਧੂਸੂਦਨ ਸ਼ਰਮਾ ਨੇ ਆਸਾਰਾਮ ਦੇ ਦੋ ਸਹਿਯੋਗੀਆਂ ਸ਼ਿਲਪਾ ਅਤੇ ਸ਼ਰਦ ਚੰਦਰ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਸੌਦਾ ਸਾਧ ਰਾਮ ਰਹੀਮ ਤੋਂ ਬਾਅਦ ਉਹ ਦੂਸਰਾ ਕਥਿਤ ਧਾਰਮਿਕ ਆਗੂ ਹੈ ਜਿਸ ਨੂੰ ਅਦਾਲਤ ਵੱਲੋਂ ਬਲਾਤਕਾਰ ਦੇ ਕੇਸ ਵਿੱਚ ਸਖਤ ਸਜ਼ਾ ਸੁਣਾਈ ਗਈ ਹੈ। ਆਸਾਰਾਮ ਨੇ 5 ਸਾਲ ਪਹਿਲਾਂ ਇੱਕ ਮਾਸੂਮ ਲੜਕੀ ਨਾਲ ਜੋਧਪੁਰ ਦੇ ਬਾਹਰ ਸਥਿਤ ਆਪਣੇ ਆਸ਼ਰਮ ਵਿੱਚ ਜ਼ਿਆਦਤੀ ਕੀਤੀ ਸੀ। ਉਸ ਨੇ ਇਸ ਕੇਸ ’ਚੋਂ ਬਰੀ ਹੋਣ ਲਈ 9 ਗਵਾਹਾਂ ’ਤੇ ਹਮਲੇ ਕਰਵਾਏ ਅਤੇ ਤਿੰਨ ਦੀ ਹੱਤਿਆ ਤੱਕ ਕਰ ਦਿੱਤੀ। ਪੀੜਤ ਲੜਕੀ ਵੱਲੋਂ ਬਿਆਨ ਨਾ ਬਦਲੇ ਜਾਣ ਕਾਰਨ ਆਖਰ ਉਸ ਨੂੰ ਰਹਿੰਦੀ ਉਮਰ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ। ਜੱਜ ਨੇ ਸਜ਼ਾ ਸੁਣਾਉਂਦੇ ਹੋਏ ਆਖਿਆ ਕਿ ਦੋਸ਼ੀ ਆਸਾਰਾਮ ਨੇ ਆਮ ਲੋਕਾਂ ਵਿੱਚ ਸੰਤਾਂ ਦੀ ਸਾਖ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਆਸਾਰਾਮ ਦੇ ਖਿਲਾਫ ਰੇਪ ਤੋਂ ਇਲਾਵਾ ਗਿਰੋਹ ਬਣਾ ਕੇ ਬਲਾਤਕਾਰ ਕਰਨ ਅਤੇ ਗੈਰਕਾਨੂੰਨੀ ਵਪਾਰ ਦੇ ਦੋਸ਼ ਵੀ ਹਨ। ਆਸਾਰਾਮ ਦੇ ਚੇਲਿਆਂ ਵੱਲੋਂ ਪੀੜਤ ਪਰਿਵਾਰ ਨੂੰ ਲਗਾਤਾਰ ਡਰਾਇਆ ਧਮਕਾਇਆ ਗਿਆ। ਇਸ ਕੇਸ ਦੀ ਸੁਣਵਾਈ ਲਈ ਜੇਲ੍ਹ ਦੇ ਅੰਦਰ ਹੀ ਕਾਇਮ ਕੀਤੀ ਗਈ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਹੋਈ। ਲਗਾਤਾਰ 27 ਦਿਨ ਅਦਾਲਤ ਵਿੱਚ ਬਹਿਸ ਹੁੰਦੀ ਰਹੀ। ਪੀੜਤ ਲੜਕੀ ਦੇ ਪਰਿਵਾਰ ਨੂੰ ਇਹ ਕੇਸ ਲੜਣ ਲਈ ਆਪਣੇ ਟਰੱਕ ਤੱਕ ਵੇਚਣੇ ਪਏ। ਦੇਸ਼ ਵਿੱਚ ਇਹ ਚੌਥਾ ਵੱਡਾ ਮਾਮਲਾ ਹੈ ਜਿਸ ਦੀ ਸੁਣਵਾਈ ਲਈ ਜੱਜ ਨੂੰ ਜੇਲ੍ਹ ਵਿੱਚ ਅਦਾਲਤ ਲਗਾਉਣੀ ਪਈ। ਆਸਾਰਾਮ 1696 ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹੈ। ਉਹ ਇਸ ਫੈਸਲੇ ਖਿਲਾਫ ਹਾਈਕੋਰਟ ਵਿੱਚ ਅਪੀਲ ਲਾ ਸਕਦਾ ਹੈ। ਉਸ ਦੇ ਖਿਲਾਫ ਗੁਜਰਾਤ ਵਿੱਚ ਵੀ ਬਲਾਤਕਾਰ ਦਾ ਇੱਕ ਕੇਸ ਬਕਾਇਆ ਹੈ। ਇਸ ਕਾਰਨ ਉਸ ਦੇ ਜ਼ਮਾਨਤ ਉਪਰ ਬਾਹਰ ਆਉਣ ਦੀ ਕੋਈ ਵਜ੍ਹਾ ਨਹੀਂ ਹੈ। 70 ਸਾਲਾ ਆਸਾਰਾਮ ਦੀ ਹੁਣ ਤਾਅ ਉਮਰ ਜੇਲ੍ਹ ਵਿੱਚ ਹੀ ਗੁਜ਼ਰੇਗੀ।
ਜੋਧਪੁਰ ਜੇਲ੍ਹ ਵਿਚ ਅਦਾਲਤ ਦੇ ਜਜ ਮਧੁਸੂਦਨ ਸ਼ਰਮਾ ਨੇ ਜਦੋਂ ਫੈਸਲਾ ਸੁਣਾਉਂਦੇ ਹੋਏ ਆਸਾਰਾਮ ਨੂੰ ਦੋਸ਼ੀ ਕਰਾਰ ਦਿਤਾ ਤਾਂ ਉਸਦਾ ਚਿਹਰਾ ਉਤਰ ਗਿਆ। ਕੁਝ ਪਲ ਸ਼ਾਂਤ ਰਹਿਕੇ ਉਹ ਰਾਮ ਨਾਮ ਜਪਣ ਲਗਿਆ ਅਤੇ ਫਿਰ ਅਚਾਨਕ ਉਹ ਨਾਟਕੀ ਅੰਦਾਜ਼ ਵਿਚ ਹਸਣ ਲਗਾ। ਇਸਦੇ ਬਾਅਦ ਉਸਨੇ ਮੁਨਸਫ਼ ਤੋਂ ਰਹਿਮ ਦੀ ਗੁਹਾਰ ਵੀ ਲਗਾਈ ਫਿਰ ਆਸਾਰਾਮ ਨੇ ਵਕੀਲਾਂ ਦੇ ਮੋਡੇ ਉਤੇ ਹਥ ਰਖਕੇ ਕਿਹਾ – ਕੁਝ ਤਾਂ ਬੋਲੋ। ਪਰ ਕਿਸੇ ਨੇ ਕੋਈ ਖਾਸ ਜਵਾਬ ਨਹੀਂ ਦਿਤਾ।ਹਾਸਟਲ ਦੀ ਵਾਰਡਨ ਸ਼ਿਲਪੀ ਤੇ ਇਲਾਜ਼ ਲਈ ਲੜਕੀ ਨੂੰ ਪ੍ਰੇਰਿਤ ਕਰ ਕੇ ਆਸਾਰਾਮ ਕੋਲ ਭੇਜਣ ਦਾ ਆਰੋਪ ਹੈ। ਉਸ ਨੇ ਪੀੜਤਾ ਦੇ ਪਰਿਵਾਰ ਨੂੰ ਭੂਤ-ਪ੍ਰੇਤ ਦਾ ਡਰ ਵਿਖਾਇਆ ਸੀ।ਸ਼ਰਧ ਉਰਫ ਸ਼ਰਤਚੰਦਰ : ਆਸਾਰਾਮ ਦੇ ਗੁਰੂਕੁਲ ਦੇ ਸੰਚਾਲਕ ਸ਼ਰਤਚੰਦਰ ਤੇ ਆਰੋਪ ਸੀ ਕਿ ਉਸ ਨੇ ਲੜਕੀ ਦੀ ਬਿਮਾਰੀ ਦਾ ਇਲਾਜ ਨਹੀਂ ਕਰਵਾਇਆ ਅਤੇ ਉਸ ਨੇ ਪੀੜਤਾ ਦੇ ਪਰਿਵਾਰ ਵਾਲਿਆਂ ਨੂੰ ਧੋਖੇ ‘ਚ ਹੀ ਰਖਿਆ ਸੀ ਕਿ ਲੜਕੀ ਦਾ ਇਲਾਜ਼ ਸਿਰਫ ਆਸਾਰਾਮ ਹੀ ਕਰ ਸਕਦੇ ਹਨ।

Send this to a friend