ਡਾਕਟਰ ਦੀ ਅਣਗਹਿਲੀ ਨਾਲ ਮੌਤ ਦਾ ਸ਼ਿਕਾਰ ਹੋਈ ਸੀਤੋ ਦੇਵੀ ਦੀ ਲਾਸ਼ ਵਾਰਸਾਂ ਵੱਲੋਂ ਐਸ ਡੀ ਐਮ ਦਫਤਰ ਤਲਵੰਡੀ ਸਾਬੋ ਅੱਗੇ ਧਰਨੇ ਦੌਰਾਨ ਪੁਲਿਸ ਨੇ ਧੱਕੇ ਨਾਲ ਚੁੱਕੀ

ਤਲਵੰਡੀ ਸਾਬੋ, 25 ਅਪ੍ਰੈਲ (ਰਾਮ ਰੇਸ਼ਮ ਸ਼ਰਨ)- ਬੀਤੀ ਰਾਤ ਤਲਵੰਡੀ ਸਾਬੋ ਦੀ 62 ਸਾਲਾ ਸੀਤੋ ਦੇਵੀ ਨਾਂ ਦੀ ਔਰਤ ਦੀ ਮੌਤ ਹੋ ਜਾਣ ਕਾਰਨ ਉਸਦੇ ਪਰਿਵਾਰ ਵਾਲਿਆਂ ਨੇ ਸਥਾਨਕ ਐਸ ਡੀ ਐਮ ਦਫਤਰ ਮੂਹਰੇ ਲਾਸ਼ ਰੱਖ ਕੇ ਧਰਨਾ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖਬਰ ਲਿਖੇ ਜਾਣ ਤੱਕ ਧਰਨਾ ਜਿਉਂ ਦਾ ਤਿਉਂ ਲੱਗਿਆ ਹੋਇਆ ਹੈ ਅਤੇ ਪੁਲਿਸ ਪੀੜਿਤ ਪਰਿਵਾਰ ਨਾਲ ਕਥਿਤ ਧੱਕਾ ਕਰਕੇ ਮ੍ਰਿਤਕਾ ਦੀ ਲਾਸ਼ ਚੁੱਕਣ ਦੀਆਂ ਤਿਆਰੀਆਂ ਕਰ ਰਹੀ ਹੈ। ਮਾਮਲੇ ਸਬੰਧੀ ਤਾਜ਼ਾ ਲਿਖਤੀ ਸ਼ਿਕਾਇਤ ਅਨੁਸਾਰ ਮ੍ਰਿਤਕਾ ਦੇ ਪੁੱਤਰ ਭੋਲਾ ੰਿਘ ਨੇ ਦੱਸਿਆ ਕਿ ਉਸਦੀ ਮਾਤਾ ਦਾ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਵੱਲੋਂ ਉਸਦਾ ਅਪ੍ਰੇਸ਼ਨ ਕੀਤੇ ਜਾਣ ਦਾ ਨਾਟਕ ਕਰਕੇ ਉਸਤੋਂ ਲੱਖਾਂ ਰੁਪਏ ਵਸੂਲ ਲਏ ਪ੍ਰੰਤੂ ਉਹਨਾਂ ਦੀ ਮਾਤਾ ਨੂੰ ਬਚਾਉਣ ਲਈ ਡਾਕਟਰਾਂ ਵੱਲੋਂ ਅਸਲ ਵਿੱਚ ਕੀਤਾ ਕੁੱਝ ਵੀ ਨਹੀਂ ਸੀ ਗਿਆ। ਘਟਨਾ ਦਾ ਵਿਸਥਾਰ ਦਸਦਿਆਂ ਭੋਲਾ ਸਿੰਘ ਨੇ ਕਿਹਾ ਕਿ ਫਰਵਰੀ ਮਹੀਨੇ ਸੀਤੋ ਦੇਵੀ ਨੂੰ ਉਸਦੀ ਡਿਸਕ ਸਮੱਸਿਆ ਦੇ ਚਲਦਿਆਂ ਬਠਿੰਡਾ ਦੇ ਇੰਦਰਾਨੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਮ੍ਰਿਤਕਾ ਦੇ ਵਾਰਸ ਅਨੁਸਾਰ ਪਹਿਲਾਂ ਟੈਸਟ ਕਰਨ ਦਾ ਆਖ ਡਾਕਟਰਾਂ ਨੇ ਵੀਹ ਹਜ਼ਾਰ ਰੁਪਏ ਭਰਵਾ ਲਏ ਤੇ ਫਿਰ ਅਪਰੇਸ਼ਨ ਲਈ ਇੱਕ ਲੱਖ ਵੀਹ ਹਜ਼ਾਰ ਦਾ ਖਰਚਾ ਦੱਸ ਕੇ 58000 ਰੁਪਏ ਹੋਰ ਭਰਵਾ ਲਏ। ਤਾਜ਼ਾ ਸ਼ਿਕਾਇਤ ਅਨੁਸਾਰ ਉਸਦੀ ਮਾਤਾ ਨੂੰ ਡਾਕਟਰਾਂ ਵੱਲੋਂ ਬਕਾਇਦਾ ਅਪਰੇਸ਼ਨ ਰੂਮ ਵਿੱਚ ਨਾ ਸਿਰਫ ਲੈ ਕੇ ਗਏ ਸਗੋਂ ਕਾਫੀ ਸਮੇਂ ਬਾਅਦ ਅਪਰੇਸ਼ਨ ਸਫਲ ਹੋ ਗਿਆ ਕਹਿ ਕੇ ਬਾਕੀ ਬਚਦੀ ਰਕਮ ਵੀ ਜਮਾਂ ਕਰਵਾ ਲਈ ਅਤੇ ਉਕਤ ਅਪਰੇਸ਼ਨ ਤੋਂ ਪੰਜ ਦਿਨ ਬਾਅਦ ਉਥੇ ਦਾਖਲ ਰੱਖ ਕੇ ਉਹਨਾਂ ਨੂੰ ਖਾਣ ਲਈ ਦਵਾਈ ਦੇ ਕੇ ਘਰ ਜਾਣ ਲਈ ਕਹਿ ਦਿੱਤਾ। ਭੋਲਾ ਸਿੰਘ ਮੁਤਾਬਿਕ ਜਦੋਂ ਉਸਦੀ ਮਾਤਾ ਦੀ ਹਾਲਤ ਵਿੱਚ ਕੋਈ ਸੁਦਾਰ ਨਾ ਹੋਇਆ ਤਾਂ ਉਕਤ ਹਸਪਤਾਲ ਤੋਂ ਮੁੜ ਮੁੜ ਕਈ ਵਾਰ ਮਰੀਜ਼ ਨੂੰ ਚੈਕ-ਅੱਪ ਕਰਵਾਉਣ ਪਿੱਛੋਂ ਉਹ ਉਸਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਲੈ ਗਏ ਅਤੇ ਉਹਨਾਂ ਦੇ ਹੋਸ਼ ਉਸ ਵੇਲੇ ੳੇਡ ਗਏ ਜਦੋਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਦਾ ਕੋਈ ਅਪਰੇਸ਼ਨ ਹੋਇਆ ਹੀ ਨਹੀਂ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਦੇ ਮਸ਼ਵਰੇ ਤੋਂ ਬਾਅਦ ਉਹ ਮੁੜ ਮਰੀਜ਼ ਨੂੰ ਉਸੇ ਹਸਪਤਾਲ ਵਿਖੇ ਲੈ ਕੇ ਗਏ ਤਾਂ ਉਕਤ ਹਸਪਤਾਲ ਦੇ ਡਾਕਟਰਾਂ ਨੇ ਮਰੀਜ਼ ਨੂੰ ਪਛਾਨਣ ਤੋਂ ਹੀ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਉਕਤ ਮਰੀਜ਼ ਉਹਨਾਂ ਕੋਲ ਦਾਖਲ ਹੀ ਨਹੀਂ ਹੋਇਆ ਅਤੇ ਇਸ ਮਰੀਜ਼ ਦਾ ਅਸੀਂ ਕੋਈ ਅਪਰੇਸ਼ਨ ਨਹੀਂ ਕੀਤਾ ਸਗੋਂ ਹਸਪਤਾਲ ਆ ਕੇ ਭੰਨ ਤੋੜ ਕਰਨ ਦਾ ਇੱਕ ਮੁਕੱਦਮਾ ਸੀਤੋ ਕੌਰ ਦੇ ਵਾਰਸਾਂ ਉਪਰ ਦਰਜ਼ ਕਰਵਾ ਦਿੱਤਾ। ਖਬਰ ਲਿਖੇ ਜਾਣ ਤੱਕ ਪੁਲਿਸ ਪ੍ਰਸ਼ਾਸ਼ਨ ਮ੍ਰਿਤਕਾ ਸੀਤੋ ਦੇਵੀ ਦੀ ਲਾਸ਼ ਪੁਲਿਸ ਵਾਰਿਸਾਂ ਨਾਲ ਧੱਕਾ ਮੁੱਕੀ ਕਰਦੇ ਹੋਏ ਲਾਸ਼ ਧਰਨੇ ਵਾਲੀ ਥਾਂ ਤੋਂ ਲੈ ਗਈ ਹੈ। ਵਾਰਿਸਾਂ ਦੇ ਦੱਸਣ ਮੁਤਾਬਿਕ ਪੁਲਿਸ ਨੇ ਉਹਨਾਂ ਦੇ ਮੋਬਾਇਲ ਵੀ ਖੋਹ ਲਏ ਤਾਂ ਕਿ ਉਹ ਕਿਸੇ ਕਿਸਮ ਦੀ ਵੀਡੀਓਗ੍ਰਾਫੀ ਨਾ ਕਰ ਸਕਣ। ਧਰਨੇ ਵਾਲੀ ਥਾਂ ਤੋਂ ਸੀਤੋ ਦੇਵੀ ਦੀ ਲਾਸ਼ ਦੱਕੇ ਨਾਲ ਚੁੱਕਣ ਉਪਰੰਤ ਡੀ ਐਸ ਪੀ ਬਰਿੰਦਰ ਸਿੰਘ ਗਿੱਲ ਦੇ ਹੁਕਮਾਂ ਤੇ ਐਸ ਐਚ ਓ ਤਲਵੰਡੀ ਸਾਬੋ ਜਸਵਿੰਦਰ ਸਿੰਘ ਨੇ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਡਾਕਟਰ ਮੋਨਿਕਾ ਗੁਪਤਾ ਦੇ ਸਪੁਰਦ ਕਰ ਦਿੱਤੀ। ਮ੍ਰਿਤਕ ਦੇਹ ਦੇ ਸਬੰਧ ਵਿੱਚ ਡਾਕਟਰ ਮੋਨਕਾ ਗੁਪਤਾ ਨੂੰ ਜਦੋਂ ਪੱਤਰਕਾਰਾਂ ਨੇ ਉਕਤ ਸੀਤੋ ਦੇਵੀ ਦੀ ਲਾਸ਼ ਧਰਨੇ ਤੋਂ ਆਈ ਹੋਣ ਬਾਰੇ ਜਾਣਕਾਰੀ ਦਿੰਦਿਆਂ ਸਵਾਲ ਕੀਤਾ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਮੈਂ ਤੁਹਾਡੇ ਕਿਸੇ ਵੀ ਸਵਾਲ ਦੀ ਜਵਾਬਦੇਹ ਨਹੀਂ ਹਾਂ। ਤੁਸੀਂ ਜੋ ਕੁੱਝ ਲਿਖਣਾ ਹੈ ਲਿਖ ਦਿਓ। ਇੱਥੇ ਇਹ ਵੀ ਪਤਾ ਲੱਗਿਆ ਹੈ ਕਿ ਪੁਲਿਸ ਹਸਪਤਾਲ ਵਿੱਚ ਲਾਸ਼ ਨੂੰ ਲਾਵਾਰਸ਼ ਕਹਿ ਡਾਕਟਰਾਂ ਦੇ ਸਪੁਰਦ ਕਰਕੇ ਆਈ ਹੈ।

Send this to a friend