ਅੰਮ੍ਰਿਤਸਰ, 24 ਅਪ੍ਰੈਲ (ਦਵਾਰਕਾ ਨਾਥ ਰਾਣਾ)- ਪੰਜਾਬ ਰਾਜ ਮਨੁਖੀ ਅਧਿਕਾਰ ਕਮਿਸ਼ਨ ਵਲੋਂ ਚੋਰੀ ਦੇ ਮਾਮਲੇ ’ਚ ਐਸਐਸਪੀ ਅੰਮ੍ਰਿਤਸਰ ਦਿਹਾਤੀ ਤੋਂ ਮੰਗੀ ਸਟੇਟਸ ਰਿਪੋਰਟ ਭੇਜਣ ’ਚ ਟਾਲ-ਮਟੌਲ ਕਰਨ ਦਾ ਮਾਮਲਾ ਧਿਆਨ ’ਚ ਆਇਆ ਹੈ।
ਪੁਲਸ ਥਾਣਾ ਬਿਆਸ ਅਧੀਨ ਆਉਂਦੇ ਪਿੰਡ ਗੁਰੂ ਨਾਨਕਪੁਰਾ (ਬਿਆਸ) ਦੇ ਵਸਨੀਕ ਸ਼ਿਕਾਇਤ ਕਰਤਾ ਜੁਗਰਾਜ ਸਿੰਘ ਦਿਲਬਾਗ ਸਿੰਘ ਤਹਿਸੀਲ ਬਾਬਾ ਬਕਾਲਾ ਸਾਹਿਬ ਨੇ ਪੰਜਾਬ ਰਾਜ ਮਨੁਖੀ ਅਧਿਕਾਰ ਕਮਿਸ਼ਨ ਚੰਡੀਗੜ ਨੂੰ ਭੇਜੀ ਲਿਖਤੀ ਸ਼ਿਕਾਇਤ ਦੇ ਹਵਾਲੇ ਨਾਲ ਦਸਿਆ ਮੇਰਾ ਡੀਜੇ ਮਿਤੀ 8/12/2015 ਨੂੰ ਚੋਰੀ ਹੋਇਆ ਸੀ। ਜਿਸ ਤੇ ਚੋਰੀ ਕਰਨ ਦੇ ਮਾਮਲੇ ’ਚ ਦਰਖਾਸ਼ਤ ਕਥਿਤ ਦੋਸ਼ੀ ਅਜੇ ਪੁਤਰ ਜਗਤਾਰ ਸਿੰਘ ਵਾਸੀ ਸਜ ਬੰਨ ਕਲੋਨੀ ਹਾਲ ਵਾਸੀ ਬੁਢਾਥੇਹ ਬਿਆਸ ਦੇ ਖਿਲਾਫ ਦਿਤੀ ਸੀ। ਪੁਲਸ ਵਲੋਂ ਕੀਤੀ ਜਾਂਚ ’ਚ ਅਜੇ ਨੇ ਸੁਲਤਾਨ ਸਿੰਘ ਉਰਫ ਮਾਨਾ ਪੁਤਰ ਬਲਬੀਰ ਸਿੰਘ ਕੌਮ ਬਾਜੀਗਰ ਵਾਸੀ ਗੁਰੂ ਨਾਨਕਪੁਰਾ ਬਿਆਸ ਨੂੰ ਵੇਚ ਦਿਤਾ ਸੀ। ਉਸ ਤੋਂ ਬਾਅਦ ਮੋਹਤਬਾਰਾਂ ’ਚ ਦੋਸ਼ੀ ਧਿਰ ਨੇ ਮੇਰੇ ਚੋਰੀ ਕੀਤੇ ਡੀਜੇ ਮੋੜਨ ਦੀ ਬਜਾਏ ਮੈਨੂੰ ਪੈਸੇ ਦੇਣ ਦੀ ਗਲ ਮੰਨੀ ਸੀ,ਪਰ ਬਾਅਦ ’ਚ ਮੁਕਰ ਗਏ। ਉਸ ਤੋਂ ਬਾਅਦ ਮੇਰੇ ਬਿਆਨਾ ਤੇ ਪੁਲਸ ਥਾਣਾ ਬਿਆਸ ਨੇ ਐਫਆਈਆਰ ਨੰ 107 17/05/2017 ਨੂੰ ਆਈਪੀਸੀ 1860 ਸੈਕਸ਼ਨ 457,380 ਤਹਿਤ ਦਰਜ ਕੀਤਾ ਗਿਆ ਸੀ,ਪਰ ਹੈਰਾਨੀ ਦੀ ਗਲ ਇਹ ਹੈ ਕਿ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਬਿਆਸ ਪੁਲਸ ਚੋਰੀ ਦੇ ਮਾਮਲੇ ’ਚ ਪੁਲੀਸ ਨੂੰ ਲੋੜੀਂਦੇ ਕਥਿਤ ਦੋਸ਼ੀ ਦੋਵਾਂ ਦੋਸ਼ੀਆਂ ਨੂੰ ਫੜਨ ’ਚ ਪੁਲਸ ਢਿਲ੍ਹ ਮਠ ਦਿਖਾ ਰਹੀ ਹੈ।