ਨਿੱਤ ਖੂਹ ਪੁੱਟ ਕੇ ਪਾਣੀ ਪੀਣ ਵਾਲੇ ਕਦੋਂ ਜਾਗਣਗੇ

ਜ਼ਿੰਦਗੀ ’ਚ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਕਰਨ ਵਾਲਿਆਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ, ਪਰ ਜਿਹੜੇ ਬਾਕੀ ਹਨ, ਉਨ੍ਹਾਂ ਨੂੰ ਆਟਾ ਹਾਸਲ ਕਰਨ ਲਈ ਨਿੱਤ ਖੂਹ ਪੁੱਟ ਕੇ ਪਾਣੀ ਪੀਣਾ ਪੈਂਦਾ ਹੈ। ਰੋਜ਼ਾਨਾ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ‘ਮੀਂਹ ਜਾਵੇ ਨੇਰ੍ਹੀ ਆਵੇ’ ਉਨ੍ਹਾਂ ਲਈ ਰੁਕਾਵਟ ਨਹੀਂ ਬਣਦੀ। ਇਨ੍ਹਾਂ ਲਈ ਖੂਹ ਕਿੱਥੇ, ਕਦੋਂ ਤੇ ਕਿੰਨਾਂ ਡੂੰਘਾ ਪੁੱਟਣਾ ਹੈ, ਇਸ ਦੀ ਵੀ ਖ਼ਬਰ ਨਹੀਂ ਹੁੰਦੀ। ਉਨ੍ਹਾਂ ਨੂੰ ਤਾਂ ਸ਼ਿਕਾਰੀ ਵਾਂਗ ਹੱਥਿਆਰ ਤੇ ਔਜ਼ਾਰ ਲੈ ਕੇ ਰੋਟੀ ਦੀ ਭਾਲ ਵਿਚ ਜਾਣਾ ਪੈਂਦਾ ਹੈ। ਅੱਗਿਓਂ ਸ਼ਿਕਾਰ ਕੀ ਹਾਸਲ ਹੁੰਦਾ ਹੈ? ਇਹ ਵੀ ਪਤਾ ਨਹੀਂ ਹੁੰਦਾ। ਕਦੀ ਤਾਂ ਸ਼ਿਕਾਰ ਵੱਡਾ ਵੀ ਮਿਲ ਜਾਂਦਾ ਹੈ, ਕਈ ਵਾਰੀ ਸਾਰੀ ਦਿਹਾੜੀ ਭਰ ਮਿਹਨਤ ਕਰਨ ਤੇ ਕੋਈ ਬਿੱਲੀ, ਗਿੱਦੜ ਵੀ ਨਹੀਂ ਹੱਥ ਲਗਦਾ। ਪਰ ਉਹ ਕਦੇ ਨਿਰਾਸ਼ ਨਹੀਂ ਹੁੰਦੇ, ਹਾਂ ਉਦਾਸ ਜਰੂਰ ਹੁੰਦੇ ਹਨ। ਉਨ੍ਹਾਂ ਦੀ ਹਾਲਤ ‘ਬੁੱਢਾ ਤੇ ਸਮੁੰਦਰ’ ਦੇ ਉਸ ਨਾਇਕ ਵਰਗੀ ਹੁੰਦੀ ਹੈ, ਜਿਹੜਾ ਆਸ ਨਹੀਂ ਛੱਡਦਾ। ਜਦੋਂ ਅਸੀਂ ਆਸ ਦਾ ਪੱਲਾ ਛੱਡ ਦਿੰਦੇ ਹਾਂ ਤਾਂ ਪੱਲ੍ਹਾ ਵੀ ਸਾਡੇ ਕੋਲੋਂ ਕੋਹਾਂ ਦੂਰ ਚਲੇ ਜਾਂਦਾ ਹੈ।ਪਰ ਨਿੱਤ ਦੀ ਦਿਹਾੜੀ ਲਾਉਣ ਵਾਲਿਆਂ ਲਈ ਆਸ ਦਾ ਪੱਲ੍ਹਾ ਛੱਡਣਾ ਮੁਸ਼ਕਿਲ ਹੁੰਦਾ ਹੈ, ਉਨ੍ਹਾਂ ਨੂੰ ਆਪਣਾ ਹੀ ਨਹੀਂ ਸਗੋਂ ਪਰਿਵਾਰ ਦਾ ਫਿਕਰ ਹੁੰਦਾ ਹੈ।
ਇਹ ਨਿੱਤ ਆਪਣੇ ਦਿਨ ਦਾ ਸਫ਼ਰ ਮੂੰਹ ਹਨੇਰੇ ਤੋਂ ਕਰਦੇ ਹਨ, ਤੇ ਮੂੰਹ ਹਨੇਰੇ ਹੀ ਆਪਣੇ ਘਰਾਂ ਨੂੰ ਪਰਤਦੇ ਹਨ, ਇਨ੍ਹਾਂ ਦੇ ਘਰਾਂ ਅੰਦਰ ਇਨ੍ਹਾਂ ਦੀ ਉਡੀਕ ਕਰਨ ਵਾਲੇ ਬਰੂਹਾਂ ’ਤੇ ਖੜੇ ਇੰਤਜ਼ਾਰ ਕਰਦੇ ਹਨ। ਉਨ੍ਹਾਂ ਲਈ ਘਰੋਂ ਗਿਆਂ ਦੀ ਉਡੀਕ ਕਰਨੀ ਉਨ੍ਹਾਂ ਦੇ ਜੀਵਨ ਦਾ ਹਿੱਸਾ ਹੁੰਦੀ ਹੈ। ਉਨ੍ਹਾਂ ਦੀ ਜ਼ਿੰਦਗੀ ਕਿਸੇ ਨਰਕ ਦੇ ਨਾਲੋਂ ਘੱਟ ਨਹੀਂ ਹੁੰਦੀ ਪਰ ਉਹ ਆਪਣੇ ਜੀਵਨ ਵਿੱਚ ਆਈਆਂ, ਨਿੱਕੀਆਂ-ਨਿੱਕੀਆਂ ਖੁਸ਼ੀਆਂ ਨੂੰ ਕਦੇ ਵੀ ਹੱਥੋਂ ਨਹੀਂ ਜਾਣ ਦਿੰਦੇ, ਪਰ ਬਹੁਤੇ ਲੋਕ ਨਿੱਕੀਆਂ ਖੁਸ਼ੀਆਂ ਨੂੰ ਅੱਖੋਂ ਪਰੋਖੇ ਕਰਕੇ ਜਦੋਂ ਕਿਸੇ ਵੱਡੀ ਖੁਸ਼ੀ ਦੀ ਤਲਾਸ਼ ਵਿੱਚ ਨਿਕਲਦੇ ਹਨ ਤਾਂ ਉਹ ਭਟਕ ਜਾਂਦੇ ਹਨ, ਭਟਕਿਆ ਮਨੁੱਖ ਕਦੇ ਵੀ ਵਾਪਸ ਨਹੀਂ ਪਰਤਦਾ। ਉਸ ਲਈ ਜੰਗਲ ਹੀ ਅਜਿਹੀ ਗੁਫਾ ਬਣ ਜਾਂਦਾ ਹੈ, ਜਿੱਥੋਂ ਨਿਕਲਣ ਦਾ ਕੋਈ ਰਸਤਾ ਨਹੀਂ ਦਿਖਦਾ। ਜ਼ਿੰਦਗੀ ਵਿੱਚ ਅਸੀਂ ਭਟਕਦੇ ਵਧੇਰੇ ਹਾਂ, ਸਹੀ ਰਸਤਿਆਂ ਉੱਤੇ ਘੱਟ ਤੁਰਦੇ ਹਾਂ। ਇਸੇ ਕਰਕੇ ਕਈ ਵਾਰ ਅਸੀਂ ਕੋਹਲੂ ਦੇ ਬਲ਼ਦ ਵਾਂਗ ਇੱਕ ਹੀ ਥਾਂ ਉੱਤੇ ਘੁੰਮੀਂ ਜਾਂਦੇ ਹਾਂ। ਨਾ ਸਫ਼ਰ ਮੁਕਦਾ ਹੈ ਤੇ ਨਾ ਹੀ ਭਟਕਣਾ ਮੁਕਦੀ ਹੈ। ਇਸ ਭਟਕਣਾਂ ਵਿੱਚ ਕਈ ਵਾਰ ਜ਼ਿੰਦਗੀ ਵੀ ਮੁੱਕ ਜਾਂਦੀ ਹੈ। ਬਾਅਦ ਵਿੰਚ ਉਸ ਜ਼ਿੰਦਗੀ ਦੇ ਨਾਲ ਜੁੜੀਆਂ ਕਥਾ-ਕਹਾਣੀਆਂ ਰਹਿ ਜਾਂਦੀਆਂ ਹਨ।
ਨਿੱਤ ਖੂਹ ਪੁਟਣ ਵਾਲਿਆਂ ਨੂੰ ਸਮਾਜ ਦੀਆਂ ਬਹੁਤ ਸਾਰੀਆਂ ਅਜਿਹੀਆਂ ਬੋਲੀਆਂ ਤੇ ਬੋਲ ਕਬੋਲ ਵੀ ਸੁਨਣੇ ਪੈਂਦੇ ਹਨ, ਜਿਹੜੇ ਉਨ੍ਹਾਂ ਨੇ ਕਦੇ ਸੋਚੇ ਵੀ ਨਹੀਂ ਹੁੰਦੇ, ਕਈ ਵਾਰ ਤਾਂ ਅਜਿਹੇ ਅਪ-ਸ਼ਬਦ ਵੀ ਸੁਨਣੇ ਪੈਂਦੇ ਹਨ, ਜਿਹੜੇ ਖੰਜਰ ਨਾਲੋਂ ਵੀ ਤਿੱਖੇ ਤੇ ਜ਼ਹਿਰ ਨਾਲੋਂ ਜ਼ਹਿਰੀਲੇ ਹੁੰਦੇ ਹਨ। ਪਰ ਉਨ੍ਹਾਂ ਲਈ ਤਾਂ ਇਹ ਸਭ ਕੁੱਝ ਸੁਨਣ ਦੀ ਇੱਕ ਆਦਤ ਬਣ ਜਾਂਦੀ ਹੈ।
ਉਨ੍ਹਾਂ ਕੋਲ ਇਨ੍ਹਾਂ ਸ਼ਬਦਾਂ ਦੇ ਬਦਲੇ ਵਿੱਚ ਬੋਲਣ ਲਈ ਬੜਾ ਕੁੱਝ ਹੁੰਦਾ ਹੈ, ਪਰ ਢਿੱਡ ਦੀ ਮਜ਼ਬੂਰੀ , ਉਨ੍ਹਾਂ ਦੇ ਮੂੰਹ ਉੱਤੇ ਛਿੱਕਲੀ ਲਾ ਦਿੰਦੀ ਹੈ। ਨਿੱਤ ਖੂਹ ਪੁੱਟਣ ਵਾਲਿਆਂ ਵਿੱਚ ਸਬਜ਼ੀ ਵਾਲੇ, ਡੱਗੀ ਵਾਲੇ, ਪਾਨ ਵਾਲੇ, ਕੁਲਚਿਆਂ ਵਾਲੇ, ਮੋਚੀ , ਚੂੜੀਆਂ ਵੇਚਣ ਵਾਲੇ, ਕਬਾੜੀਏ, ਰਾਜ ਮਿਸਤਰੀ, ਤਰਖਾਣ, ਅਚਾਰ ਵੇਚਣ ਵਾਲੇ, ਮੱਝ-ਕੱਟਾ ਖਰੀਦਣ ਵਾਲੇ, ਗੋਲ ਗੱਪਿਆਂ ਵਾਲੇ, ਟਿੱਕੀਆਂ-ਬਰੈੱਡ-ਪਕੌੜੇ ਬਣਾਉਣ ਵਾਲੇ, ਚਾਹ-ਦੁੱਧ ਵਾਲੇ, ਪਰੌਠੇ ਦੀ ਰੇਹੜੀ ਵਾਲੇ, ਦਿਹਾੜੀਦਾਰ ਮਜ਼ਦੂਰ-ਸਫੈਦੀ ਕਰਨ ਵਾਲੇ, ਮਾਰਬਲ ਲਾਉਣ ਵਾਲੇ, ਲੁੱਕ ਪਾਉਣ ਵਾਲੇ, ਕਰਦਾਂ-ਚਾਕੂ ਤੇ ਜਿੰਦੇ ਕੁੰਜੀਆਂ ਲਗਾਉਣ ਵਾਲੇ, ਛੱਜ ਵੇਚਣ ਵਾਲੇ, ਪਾਨ ਬੀੜ੍ਹੀ ਵੇਚਣ ਵਾਲੇ, ਰੇਹੜੀ-ਫੜ੍ਹੀ ਲਗਾਉਣ ਵਾਲੇ, ਗਜ਼ਾ ਕਰਨ ਵਾਲੇ, ਭਾਂਡੇ-ਢੋਂਸੀ-ਬਰਫ਼-ਕੁਲਫੀਆਂ ਵੇਚਣ ਵਾਲੇ, ਦਾਣੇ-ਛੋਲੇ ਵੇਚਣ ਵਾਲੇ, ਦਹੀ ਵੇਚਣ ਵਾਲੇ, ਫਲੱਸ਼ਾਂ ਠੀਕ ਕਰਨ ਵਾਲੇ, ਗਲੀਆਂ ਵਿੱਚੋਂ ਕਾਗਜ਼ ਚੁੱਕਣ ਵਾਲੇ, ਲੋਹਾ ਚੁੱਕਣ ਵਾਲੇ, ਗੱਡੀਆਂ ਵਾਲੇ, ਤੱਸਲੇ-ਖੁਰਚਣੇ ਵੇਚਣ ਵਾਲੇ, ਤਸਲੇ ਵੇਚਣ ਤੇ ਥੱਲੇ ਲਗਾਉਣ ਵਾਲੇ, ਖਿਡੌਣੇ ਵੇਚਣ ਵਾਲੇ, ਬੱਸਾਂ ਤੇ ਗੱਡੀਆਂ ਵਿੱਚ ਖਾਣ-ਪੀਣ ਦਾ ਸਮਾਨ ਤੇ ਛੱਲੇ-ਮੁੰਦੀਆਂ-ਦਵਾਈ ਵੇਚਣ ਵਾਲੇ, ਸ਼ਰੀਰ ਤੇ ਨਾ ਖੁੱਬਣ ਵਾਲੀਆਂ-ਬੇਰ ਵੇਚਣ ਵਾਲੇ, ਮਿੱਟੀ ਦੇ ਭਾਂਡੇ ਵੇਚਣ ਵਾਲੇ, ਪਾਂਡੂ ਵੇਚਣ ਵਾਲੇ, ਸਾਗ-ਮੇਥੇ-ਪਾਲਕ ਵੇਚਣ ਵਾਲੇ, ਫਲ ਵੇਚਣ ਵਾਲੇ, ਹਜ਼ਾਮਤ ਕਰਨ ਵਾਲੇ, ਦਾਤਣਾਂ ਵੇਚਣ ਵਾਲੇ, ਪੁਰਾਣੇ ਕੱਪੜੇ ਵੇਚਣ ਵਾਲੇ, ਨਿੰਬੂ ਪਾਣੀ-ਸੋਡਾ ਵੇਚਣ ਵਾਲੇ, ਆਈਸ ਕਰੀਮ ਵੇਚਣ ਵਾਲੇ, ਗੱਡੀਆਂ ਠੀਕ ਕਰਨ ਵਾਲੇ, ਟਾਂਕੇ ਲਾਉਣ ਵਾਲੇ, ਰਿਕਸ਼ਾ-ਆਟੋ ਚਲਾਉਣ ਵਾਲੇ, ਜੁੱਤੀਆਂ ਵੇਚਣ ਵਾਲੇ, ਦਰੀਆਂ-ਚਾਦਰਾਂ ਵੇਚਣ ਵਾਲੇ ਸ਼ਾਮਲ ਹਨ।
ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਸਿੱਖਿਆ ਦੀ ਨਾ ਬਰਾਬਰੀ ਨੇ ਇਨ੍ਹਾਂ ਕਿਰਤੀਆਂ ਦੇ ਕੋਲੋਂ ਬਹੁਤ ਕੁੱਝ ਖੋਹ ਲਿਆ ਹੈ। ਇਨ੍ਹਾਂ ਲਈ ਸਦੀਆਂ ਤੋਂ ਕੁੱਲੀ-ਗੁੱਲੀ-ਜੁੱਲੀ ਦੀ ਜੰਗ ਹੀ ਜਿੱਤ ਨਹੀਂ ਹੋਈ। ਇਸੇ ਹੀ ਕਰਕੇ ਹੁਣ ਸਮਾਜ ਅੰਦਰ ਮਨੁੱਖ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਉਪਰਲਾ ਵਰਗ ਜਿਹੜਾ ਸੋਨੇ ਦਾ ਚਮਚਾ ਲੈ ਕੇ ਜੰਮਿਆ ਹੈ, ਉਨ੍ਹਾਂ ਕੋਲ ਜ਼ਮੀਨ ਜਾਇਦਾਦ ਤੇ ਮਾਇਆ ਵਧੀ ਜਾ ਰਹੀ ਹੈ-ਉਨ੍ਹਾਂ ਲਈ ਕਿਸੇ ਵੀ ਸਹੂਲਤ ਦੀ ਕੋਈ ਵੀ ਘਾਟ ਨਹੀਂ। ਵਿਚਕਾਰਲਾ ਵਰਗ ਉਹ ਹੈ, ਜਿਹੜੇ ਆਪਣਿਆਂ ਨਾਲੋਂ ਟੁੱਟ ਗਿਆ ਹੈ, ਉਹ ਉੱਪਰਲਿਆਂ ਦੇ ਨਾਲ ਜੁੜਨ ਲਈ ਕਿਸ਼ਤਾਂ ਦੇ ਚੱਕਰ ਵਿੱਚ ਗੁਆਚ ਗਿਆ ਹੈ। ਇਨ੍ਹਾਂ ਦੋਹਾਂ ਵਰਗਾਂ ਦੀ ਗਿਣਤੀ ਵੀ ਬਹੁਤ ਥੋੜ੍ਹੀ ਹੈ। ਬਹੁਗਿਣਤੀ ਤਾਂ ਥੱਲੜੇ ਵਰਗ ਦੀ ਹੈ, ਜਿਹੜਾ ਨਾ ਜਿਉਂਦਿਆਂ ਵਿੱਚ ਹੈ ਤੇ ਨਾ ਮਰਿਆਂ ਵਿੱਚ ਹੈ, ਉਨ੍ਹਾਂ ਕੋਲੋਂ ਜ਼ਿੰਦਗੀ ਦੀਆਂ ਸਾਰੀਆਂ ਹੀ ਸੰਵਿਧਾਨਿਕ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ। ਉਹ ਨਾ ਸਿੱਖਿਆ ਹੀ ਹਾਸਲ ਕਰ ਸਕਦੇ ਹਨ ਤੇ ਨਾ ਹੀ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਲਈ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਹੀ ਨਹੀਂ ਪੂਰੀਆਂ ਹੁੰਦੀਆਂ ਜਿਹੜੇ ਮਿਹਨਤ ਮੁਸ਼ੱਕਤ ਕਰਕੇ ਸਿੱਖਿਆ ਪ੍ਰਾਪਤ ਕਰ ਵੀ ਲੈਂਦੇ ਹਨ, ਉਨ੍ਹਾਂ ਲਈ ਕੋਈ ਰੁਜ਼ਗਾਰ ਨਹੀਂ। ਉਹ ਬੇਰੁਜ਼ਗਾਰ ਹੋਏ-ਸੜਕਾਂ ਉੱਤੇ ਪੁਲਿਸ ਦੀਆਂ ਲਾਠੀਆਂ ਖਾਣ ਜੋਗੇ ਰਹਿ ਗਏ ਹਨ। ਦੂਸਰੇ ਪਾਸੇ ਸਰਕਾਰ ਨੇ ਉਪਰਲੇ ਵਰਗ ਨੂੰ ਐਨੀਆਂ ਸਹੂਲਤਾਂ ਦੇ ਦਿੱਤੀਆਂ ਹਨ, ਸਿੱਖਿਆ ਦੇ ਨਾਂ ਉੱਤੇ, ਹਸਪਤਾਲਾਂ ਦੇ ਨਾਂ ਉੱਤੇ ਅਜਿਹੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਹਨ , ਜਿਹੜੀਆਂ ਦੋਵੇਂ ਹੱਥੀਂ ਦਿਨ ਤੇ ਰਾਤ ਲੁੱਟ ਰਹੀਆਂ ਹਨ। ਜਿਹੜੇ ਲੋਕ ਆਲੀਸ਼ਾਨ ਕੋਠੀਆਂ, ਮਕਾਨਾਂ ਵਿੱਚ ਰਹਿੰਦੇ ਹਨ, ਉਨ੍ਹਾਂ ਵੱਲੋਂ ਸਮਾਜ ਵਿੱਚ ਪਾਏ ਗੰਦ ਨੂੰ ਸਾਫ਼ ਕਰਨ ਵਾਲੇ ਉਹ ਹੀ ਲੋਕ ਹਨ, ਜਿਹੜੇ ਕੁੜੇ ਕਰਕਟ ਤੇ ਗੰਦਗੀ ਵਿੱਚੋਂ ਆਪਣਾ ਪੇਟ ਭਰਨ ਲਈ ‘ਰੋਟੀ’ ਲੱਭਦੇ ਹਨ। ਇਨ੍ਹਾਂ ਕੋਠੀਆਂ ਵਿੱਚ ਜ਼ਿੰਦਗੀ ਨਾਲੋਂ-ਮਸ਼ੀਨਾਂ ਦੀ ਗਿਣਤੀ ਵੱਧ ਗਈ ਹੈ। ਗਲੈਮਰ ਦੀ ਚਕਾਚੌਂਧ ਨੇ ਸਮਾਜਕ ਰਿਸ਼ਤਿਆਂ ਦਾ ਗਲਾ ਘੁੱਟ ਦਿੱਤਾ ਹੈ। ਸਮਾਜ ਅੰਦਰ ਤਨਾਅ ਤਕਰਾਰ ਤੇ ਨਿੱਜੀ ਦੁਸ਼ਮਣੀਆਂ ’ਚ ਨਿਰੰਤਰ ਵਾਧਾ ਹੋ ਰਿਹਾ ਹੈ। ਨਿੱਤ ਖੂਹ ਪੁੱਟ ਕੇ ਪਾਣੀ ਪੀਣ ਵਾਲੇ , ਜਿਹੜੇ ਛੋਟੇ-ਮੋਟੇ ਅਦਾਰਿਆਂ ਵਿੱਚ ਕੰਮ ਕਰਦੇ ਹਨ, ਉੱਥੇ ਉਨ੍ਹਾਂ ਦਾ ਆਰਥਿਕ, ਸ਼ਰੀਰਿਕ ਤੇ ਮਾਨਸਿਕ ਸ਼ੋਸ਼ਣ ਕਰਨਾ ਉਨ੍ਹਾਂ ਅਦਾਰਿਆਂ ਦੇ ਮਾਲਕਾਂ ਦਾ ਹੱਕ ਬਣ ਗਿਆ ਹੈ। ਜਿਹੜਾ ਵੀ ਕੋਈ ਵਿਅਕਤੀ ਇਨ੍ਹਾਂ ਅਦਾਰਿਆਂ ਅੰਦਰ ਹੁੰਦੀ ਲੁੱਟ ਦਾ ਕਿੱਧਰੇ ਪਰਦਾ ਚਾਕ ਕਰਦਾ ਹੈ, ਉਸ ਨੂੰ ਨੌਕਰੀਓਂ ਬਾਹਰ ਕਰ ਦਿੱਤਾ ਜਾਂਦਾ ਹੈ, ਜਿਸ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ। ਕਰੋੜਾਂ ਲੋਕ ਅੱਜ ਨਿੱਤ ਖੂਹ ਪੁੱਟ ਕੇ ਪਾਣੀ ਪੀਂਦੇ ਹਨ ਤੇ ਉਨ੍ਹਾਂ ਨੂੰ ਅਜੇ ਤੱਕ ਸਮਝ ਹੁੰਦਿਆਂ ਉਪਰਲਿਆਂ ਦੇ ਵਿਰੁੱਧ ਬਗ਼ਾਵਤ ਕਰਨ ਦਾ ਮੌਕਾ ਨਹੀਂ ਮਿਲਿਆ। ਜਦੋਂ ਕਦੇ ਇਨ੍ਹਾਂ ਲੋਕਾਂ ਨੂੰ ਗਿਆਨ ਹੋ ਗਿਆ-ਲੁੱਟੇ ਜਾਣ ਦਾ ਅਹਿਸਾਸ ਹੋ ਗਿਆ ਤਾਂ ਉਪਰਲਿਆਂ ਲਈ ਆਪਦੀ ਜਾਨ ਬਚਾ ਕੇ ਭੱਜਣਾ ਮੁਸ਼ਕਿਲ ਹੋਵੇਗਾ-ਪਰ ਦੁੱਖ ਦੀ ਗੱਲ ਤਾਂ ਇਹੋ ਹੀ ਹੈ ਕਿ ਇਨ੍ਹਾਂ ਲੋਕਾਂ ਦੀ ਅਗਵਾਈ ਕਰਨ ਵਾਲਾ ਕੋਈ ਸੁਹਿਰਦ, ਪ੍ਰਤੀਵੱਧ ਆਗੂ ਨਹੀਂ, ਜਿਹੜਾ ਇਨ੍ਹਾਂ ਦੀ ਹੜ੍ਹ ਤੇ ਸੁਨਾਮੀ ਵਰਗੇ ਵੇਗ ਨੂੰ ਕੋਈ ਦਿਸ਼ਾ ਦੇ ਕੇ ਮੰਜਿਲ ਤੱਕ ਲੈ ਕੇ ਜਾਵੇ। ਜਿਸ ਤਰ੍ਹਾਂ ਹੁਣ ਜ਼ਿੰਦਗੀ ਜਿਉਣੀ ਮਸ਼ਕਿਲ ਹੋ ਰਹੀ ਹੈ, ਉਹ ਦਿਨ ਦੂਰ ਨਹੀਂ ਜਦੋਂ ਨਿੱਤ ਖੂਹ ਪੁੱਟ ਕੇ ਪਾਣੀ ਪੀਣ ਵਾਲੇ ਵੀ ਚੰਗੀ ਜ਼ਿੰਦਗੀ ਜਿੳਂੁ ਸਕਣਗੇ-ਉਹ ਦਿਨ ਕਦੋਂ ਆਵੇਗਾ? ਇਸ ਦੀ ਉਡੀਕ ਹੈ।

Send this to a friend