ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਵਿਸ਼ਾਲ ਦਸਤਾਰ ਮਾਰਚ ਅੱਜ-ਤਿਆਰੀਆਂ ਮੁਕੰਮਲ

ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ (ਦਵਿੰਦਰਪਾਲ ਸਿੰਘ, ਅੰਕੁਸ਼)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਅੱਜ ਸ਼ਨਿੱਚਰਵਾਰ ਨੂੰ ਗੁਰਦੁਆਰਾ ਮੰਜੀ ਸਾਹਿਬ, ਆਲਮਗੀਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਏ ਜਾਣ ਵਾਲੇ ਵਿਸ਼ਾਲ ਦਸਤਾਰ ਮਾਰਚ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਇੱਥੇ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਨੂੰ ਪੂਰੀ ਖ਼ਾਲਸਈ ਸ਼ਾਨੋ-ਸ਼ੌਕਤ ਨਾਲ ਸਜਾਇਆ ਜਾ ਰਿਹਾ ਹੈ, ਜਿੱਥੇ ਪਹੁੰਚ ਕੇ ਦਸਤਾਰ ਮਾਰਚ ਦੀ ਸਮਾਪਤੀ ਹੋਵੇਗੀ। ਇਸ ਤੋਂ ਉਪਰੰਤ ਇਸ ਅਸਥਾਨ ’ਤੇ ਗੁਰਮਤਿ ਸਮਾਗਮ ਵੀ ਹੋਵੇਗਾ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਦਸ ਗੁਰੂ ਸਾਹਿਬਾਨ ਦੁਆਰਾ ਲਾਸਾਨੀ ਕੁਰਬਾਨੀਆਂ ਦੇ ਕੇ ਸਾਡੇ ਸਿਰਾਂ ’ਤੇ ਦਸਤਾਰ ਸਜਾਈ ਗਈ ਸੀ ਪਰ ਦੁੱਖ ਦੀ ਗੱਲ ਹੈ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਪਤਿਤਪੁਣੇ ਦਾ ਸ਼ਿਕਾਰ ਹੋ ਕੇ ਦਸਤਾਰ ਅਤੇ ਕੇਸਾਂ ਨੂੰ ਤਿਲਾਂਜਲੀ ਦੇ ਰਹੀ ਹੈ। ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੋਂ ਸਵੇਰੇ 9 ਵਜੇ ਅਰਦਾਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਰਵਾਨਾ ਕਰਨਗੀਆਂ, ਜੋ ਕਿ ਸ਼ਾਮੀਂ 4 ਵਜੇ ਗੁਰਦੁਆਰਾ ਦੁਮਾਲਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ।

Send this to a friend