ਤਲਵੰਡੀ ਸਾਬੋ, 20 ਅਪ੍ਰੈਲ (ਰਾਮ ਰੇਸ਼ਮ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਪਲਾਈਡ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿਤੀ।ਇਸ ਮੌਕੇ ਜਿਥੇ ਨਵੇਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਰਵਾਇਤਾਂ ਨੂੰ ਜਾਰੀ ਰਖਦਿਆਂ ਪਾਰਟੀ ਮੌਕੇ ਵਖ ਵਖ ਸਭਿਆਚਾਰਕ ਪ੍ਰੋਗਰਾਮ ਕਰਵਾਏ ਉਥੇ ਸੀਨੀਅਰ ਵਿਦਿਆਰਥੀਆਂ ਨੇ ਵੀ ਭਰੋਸਾ ਦਿਵਾਇਆ ਕਿ ਉਹ ਵਖ ਵਖ ਖੇਤਰਾਂ ਵਿਚ ਜਾ ਕੇ ਯੂਨੀਵਰਸਿਟੀ ਦੀ ਸ਼ਾਨ ਵਿਚ ਵਾਧਾ ਕਰਨਗੇ।ਇਸ ਸਮਾਗਮ ਵਿਚ ਐਮ. ਐਸ. ਸੀ. ਅਤੇ ਬੀ. ਐਸ. ਸੀ. ਦੇ ਯੂਨੀਅਰ ਵਿਦਿਆਰਥੀਆਂ ਨੇ ਸੰਗੀਤ, ਗਿਧੇ ਅਤੇ ਭੰਗੜੇ ਰਾਹੀਂ ਪੰਜਾਬੀ ਸਭਿਆਚਾਰ ਦੀਆਂ ਵਿਭਿੰਨ ਵੰਨਗੀਆਂ ਨੂੰ ਪੇਸ਼ ਕੀਤਾ।ਇਸ ਮੌਕੇ ਵਿਦਿਆਰਥੀਆਂ ਦੇ ਵਿਅਕਤੀਤਵ ਨੂੰ ਧਿਆਨ ਹੋਏ ਇਸ ਸੁਨਹਿਰੀ ਪਲ ਨੂੰ ਯਾਦ ਰਖਣ ਲਈ ਉਹਨਾਂ ਨੂੰ ਸਨਮਾਨ ਚਿੰਨ੍ਹ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਬਾਅਦ ਮਾਡਲਿੰਗ ਦੌਰ ਵਿਚੋਂ ਮਨਪ੍ਰੀਤ ਕੌਰ ਅਤੇ ਰਨਵੀਰ ਸਿੰਘ ਨੂੰ ਖਿਤਾਬ ਦੇ ਨਾਲ ਨਿਵਾਜਿਆ ਗਿਆ।ਇਸ ਮੌਕੇ ਮੁਖ ਮਹਿਮਾਨ ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਆਸ਼ਰੀਵਾਦ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਮੰਜਿਲ ਪਾ ਕੇ ਮਾਤਾ ਪਿਤਾ ਅਤੇ ਮਹਾਂ ਵਿਦਿਆਲਿਆ ਦਾ ਨਾਮ ਰੋਸ਼ਨ ਕਰਨ ਤਾਂ ਜੋ ਭਵਿਖ ਵਿਚ ਚੰਗੇ ਇਨਸਾਨ ਬਣ ਕੇ ਉਭਰ ਸਕਣ।ਉਨ੍ਹਾਂ ਕੋਰਸ ਪੂਰਾ ਕਰ ਕੇ ਜਾ ਰਹੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਭਵਿਖ ਵਿਚ ਵੀ ਯੂਨੀਵਰਸਿਟੀ ਨਾਲ ਜੁੜੇ ਰਹਿਣ।ਇਸ ਮੌਕੇ ਵਿਸ਼ੇਸ ਮਹਿਮਾਨ ਦੇ ਤੌਰ ਤੇ ਪਹੁੰਚੇ ਡੀਨ ਇੰਜੀ. ਡਾ. ਜੀ. ਐਸ. ਬਰਾੜ ਨੇ ਵੀ ਵਿਦਿਆਰਥੀਆਂ ਨੂੰ ਸ਼ੁਭ ਇਛਾਵਾਂ ਭੇਂਟ ਕੀਤੀਆਂ। ਸਮਾਗਮ ਦੇ ਅੰਤ ਵਿਚ ਵਿਭਾਗ ਦੇ ਮੁਖੀ ਡਾ. ਸੁਨੀਤਾ ਮਿਤਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਦੇ ਸੁਨਹਿਰੀ ਭਵਿਖ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਉਹ ਭਵਿਖ ਵਿਚ ਵੀ ਵਿਦਿਆਰਥੀਆਂ ਨੂੰ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਵਿਦਿਆਰਥੀਆਂ ਨੇ ਸਮਾਗਮ ਦੇ ਹਰ ਇਕ ਪਲ ਦਾ ਆਨੰਦ ਮਾਣਿਆ ਅਤੇ ਕਾਲਜ ਤੋਂ ਹੰਝੂਆਂ ਭਰੀ ਵਿਦਾਇਗੀ ਲਈ।