ਬਠਿੰਡਾ, 20 ਅਪ੍ਰੈਲ (ਇੰਦਰਜੀਤ ਨਥਾਣਾ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਵਿਖੇ ਬਾਬਾ ਫ਼ਰੀਦ ਕਾਲਜ ਵੱਲੋਂ ਬੈਚ 2010-2013 ਅਤੇ 2013-16 ਦੇ ਬੀ.ਐਸ.ਸੀ. (ਨਾਨ ਮੈਡੀਕਲ, ਕੰਪਿਊਟਰ ਸਾਇੰਸ, ਸੀ.ਐਸ.ਐਮ. ਅਤੇ ਐਮ.ਸੀ.ਐਮ.) ਦੇ ਸਾਰੇ ਪਾਸ ਹੋ ਚੁੱਕੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਕਾਲਜ ਦੀ ਤੀਸਰੀ ਸਾਲਾਨਾ ਕਨਵੋਕੇਸ਼ਨ ਆਯੋਜਿਤ ਕੀਤੀ ਗਈ । ਇਸ ਕਾਨਵੋਕੇਸ਼ਨ ਦੇ ਮੁੱਖ ਮਹਿਮਾਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਰਜਿਸਟਰਾਰ ਪ੍ਰੋਫੈਸਰ (ਡਾ.) ਜਸਬੀਰ ਸਿੰਘ ਹੁੰਦਲ ਸਨ।ਕਾਨਵੋਕੇਸ਼ਨ ਆਰੰਭ ਕਰਨ ਦੀ ਘੋਸ਼ਣਾ ਤੋਂ ਬਾਦ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਦੇ ਡਿਪਟੀ ਡਾਇਰੈਕਟਰ ਡਾ. ਪ੍ਰਦੀਪ ਕੌੜਾ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਦੀਆਂ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿੱਚ ਕੀਤੀਆਂ ਅਹਿਮ ਪ੍ਰਾਪਤੀਆਂ ਬਾਰੇ ਦੱਸਿਆ। ਇਸ ਸਾਲਾਨਾ ਕਨਵੋਕੇਸ਼ਨ ਵਿੱਚ ਬੈਚ 2010-2013 ਅਤੇ 2013-16 ਦੇ ਬੀ.ਐਸ.ਸੀ. (ਕੰਪਿਊਟਰ ਸਾਇੰਸ) , ਬੀ.ਐਸ.ਸੀ. (ਨਾਨ ਮੈਡੀਕਲ), ਬੀ.ਐਸ.ਸੀ. (ਸੀ.ਐਸ.ਐਮ.) ਅਤੇ ਬੀ.ਐਸ.ਸੀ. (ਐਮ.ਸੀ.ਐਮ.) ਆਦਿ ਕੋਰਸਾਂ ਦੇ ਲੱਗਭਗ 204 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਿਯਮਾਂ ਅਨੁਸਾਰ ਗ੍ਰੈਜ਼ੂਏਸ਼ਨ ਦੀ ਡਿਗਰੀ ਪ੍ਰਾਪਤ ਕਰਨ ਦੇ ਯੋਗ ਵਿਦਿਆਰਥੀਆਂ ਨੂੰ ਪੇਸ਼ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਰਜਿਸਟਰਾਰ ਪ੍ਰੋਫੈਸਰ (ਡਾ.) ਜਸਬੀਰ ਸਿੰਘ ਹੁੰਦਲ, ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ), ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ੍ਰੀ ਬੀ.ਡੀ. ਸ਼ਰਮਾਂ, ਡਿਪਟੀ ਡਾਇਰੈਕਟਰ (ਸਹੂਲਤ ਪ੍ਰਬੰਧਨ) ਸ. ਹਰਪਾਲ ਸਿੰਘ ਅਤੇ ਬਾਬਾ ਫ਼ਰੀਦ ਕਾਲਜ ਦੇ ਪਿੰ੍ਰਸੀਪਲ ਡਾ. ਜੈ ਅਸ਼ੀਸ਼ ਸੇਠੀ ਨੇ ਇਹਨਾਂ ਯੋਗ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਦੀ ਰਸਮ ਨਿਭਾਈ।