ਨੌਜਵਾਨਾਂ ਨੂੰ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ : ਭਾਈ ਲੌਂਗੋਵਾਲ

ਬੁਢਲਾਡਾ, 20 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਵਿੱਚ ਚੱਲ ਰਹੇ ਸਥਾਨਕ ਗੁਰੂ ਨਾਨਕ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰਆਤ ਗੁਰਬਾਣੀ ਸ਼ਬਦ ਨਾਲ ਕਰਨ ਉਪਰੰਤ ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਸਮੇਤ ਪ੍ਰਧਾਨ ਜੀ ਦਾ ਕਾਲਜ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਕਾਲਜ ਦੇ ਵੱਖ ਵੱਖ ਵਿਭਾਗਾਂ ਦੀਆਂ ਮਾਣ ਮੱਤੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਅਤੇ ਪਿਛਲੇ ਸਮੇਂ ਦੌਰਾਨ ਕਾਲਜ ਵਿਖੇ ਸ਼ੁਰੂ ਕੀਤੇ ਗਏ ਕਿੱਤਾ ਮੁਖੀ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸ਼੍ਰੋਮਣੀ ਕਮੇਟੀ ਦੁਆਰਾ ਕਾਲਜ ਨੂੰ ਸਮੇਂ ਸਮੇਂ ਤੇ ਦਿੱਤੇ ਜਾਂਦੇ ਸਹਿਯੋਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਕਾਲਜ ਨੂੰ ਸਹਿਯੌਗ ਦੇਣ ਲਈ ਆਸ ਦਾ ਪ੍ਰਗਟਾਵਾ ਕੀਤਾ ਤਾਂ ਜੋ ਗੁਰੂਆਂ ਦੀ ਛੋਹ ਪ੍ਰਾਪਤ ਪੰਜਾਬ ਦੇ ਮਾਲਵਾ ਖਿੱਤੇ ਨੂੰ ਵਿਦਿਆ ਦੇ ਖੇਤਰ ਵਿੱਚ ਮੋਹਰੀ ਬਣਾਇਆ ਜਾ ਸਕੇ। ਪ੍ਰੋਗਰਾਮ ਦੌਰਾਨ ਅਕਾਦਮਿਕ, ਸੱਭਿਆਚਾਰਕ, ਖੇਡਾਂ ਅਤੇ ਐਨ.ਸੀ.ਸੀ. ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਈ ਲੌਂਗੋਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਾਲਜ ਦੇ ਵੱਖ ਵੱਖ ਵਿਭਾਗਾ ਦਾ ਦੌਰਾ ਕਰਨ ਤੋਂ ਬਾਅਦ ਮੈਂ ਇਹ ਯਕੀਨੀ ਤੌਰ ਤੇ ਕਿਹ ਸਕਦਾ ਹਾਂ ਕਿ ਇਹ ਸੰਸਥਾ ਪੰਜਾਬ ਦੀ ਨਹੀਂ ਬਲਕਿ ਪੂਰੇ ਭਾਰਤ ਦੇਸ਼ ਦੀ ਸਿਰਮੌਰ ਵਿਦਿਅਕ ਸੰਸਥਾ ਹੈ। ਉਨ੍ਹਾਂ ਕਾਲਜ ਦੇ ਲਾਇਬਰੇਰੀ, ਸਾਇੰਸ, ਅੰਗ੍ਰੇਜ਼ੀ, ਕਾਮਰਸ, ਕੰਪਿਉਟਰ, ਫਾਈਨ ਆਰਟ, ਫੈਸ਼ਨ, ਹੋਮ ਸਾਇੰਸ, ਫੂਡ ਪ੍ਰੋਸੈਸਿੰਗ, ਖੇਤੀਬਾੜੀ ਵਿਭਾਗਾਂ ਦੀਆਂ ਲੈਬਜ਼ ਦੀ ਵਿਸ਼ੇਸ਼ ਤੌਰ ਤੇ ਪ੍ਰਸੰਸਾ ਕੀਤੀ। ਉਨ੍ਹਾਂ ਕਾਲਜ ਦੇ ਵਿਦਿਆਰਥੀਆਂ ਦੀਆਂ ਰਾਸ਼ਟਰੀ ਪ੍ਰਾਪਤੀਆਂ ਅਤੇ ਉਨ੍ਹਾਂ ਵੱਲੋਂ ਦਿਖਾਏ ਗਏ ਅਨੂਸ਼ਾਸ਼ਨ ਦੀ ਸ਼ਲਾਘਾ ਕਰਦਿਆਂ ਇਸ ਦਾ ਸਿਹਰਾ ਕਾਲਜ ਪ੍ਰਿੰਸੀਪਲ ਅਤੇ ਸਮੂਹ ਸਟਾਫ ਦੇ ਸਿਰ ਬੰਨਿਆਂ। ਆਖਿਰ ਵਿੱਚ ਨੌਜਵਾਨ ਪੀੜ੍ਹੀ ਨੂੰ ਬਾਬੇ ਨਾਨਕ ਦੁਆਰਾ ਦਿਖਾਏ ਗਏ ਰਸਤੇ ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਮਾਰੋਹ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਦੀ ਆਮਦ ਤੇ ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀਆਂ ਹਾਜਿਰ ਸਨ।

Send this to a friend