ਜਲੰਧਰ, 16 ਫਰਵਰੀ (ਨਰਿੰਦਰ ਗੁਪਤਾ)-ਐਤਵਾਰ ਸਥਾਨਕ ਕੰਪਨੀ ਬਾਗ ਚੌਕ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਵਿਸ਼ਾਲ ਝਾੜੂ ਰੈਲੀ ਕੱਢੀ ਗਈ। ਇਸ ਰੈਲੀ ਦਾ ਮਕਸਦ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਤਾਂ ਜੋ ਅੱਜ ਤੱਕ ਸਾਰੀਆਂ ਸਰਕਾਰਾਂ ਨੇ ਆਮ ਲੋਕਾਂ ਨਾਲ ਜੋ ਲੁੱਟ-ਖਸੁੱਟ ਕੀਤੀ ਲੋਕਾਂ ਨੂੰ ਲਤਾੜਿਆ ਤੇ ਦੇਸ਼ ਨੂੰ ਬਰਬਾਦੀ ਦੀ ਕਗਾਰ ਤੇ ਖੜ੍ਹਾ ਕੀਤਾ ਹੈ ਉਸ ਨੂੰ ਮੁੜ੍ਹ ਤੋਂ ਆਪਣੇ ਪੈਰਾਂ ਤੇ ਲਿਆਂਦਾ ਜਾਵੇ। 65 ਸਾਲਾਂ ਦੀ ਗੰਦੀ ਰਾਜਨੀਤੀ ਦਾ ਇਹ ਨਤੀਜਾ ਹੈ ਕਿ ਆਮ ਬੰਦੇ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੈ ਜਿਸ ਨਾਲ ਦੇਸ਼ ਵਿਚ ਅੱਜ ਅਰਾਜਕਤਾ ਦਾ ਮਾਹੌਲ ਹੈ। ਇਨ੍ਹਾਂ ਪਾਰਟੀਆਂ ਨੇ ਅੱਜ ਤੱਕ ਦੇਸ਼ ਵਾਸੀਆਂ ਨੂੰ ਜਾਤਾਂ ਪਾਤਾਂ, ਧਰਮਾਂ ਤੇ ਰਾਜਨੀਤਿਕ ਪਾਰਟੀਆਂ ਵਿਚ ਵੰਡ ਕੇ ਇਕ ਦੂਜੇ ਦਾ ਦੁਸ਼ਮਣ ਬਣਾ ਦਿੱਤਾ।
ਆਪਣੇ ਦੇਸ਼ ਦੀ ਤੇ ਆਪਣੀਆਂ ਧੀਆਂ-ਭੈਣਾਂ ਦੀ ਇਜੱਤ ਹਰ ਦਿਨ ਬਜਾਰਾਂ ਵਿਚ ਤਾਰ-ਤਾਰ ਹੋ ਰਹੀ ਹੈ। ਆਮ ਆਦਮੀ ਪਾਰਟੀ ਇਕ ਪਾਰਟੀ ਨਹੀਂ ਇਹ ਇਕ ਰਾਜਨੀਤਿਕ ਕ੍ਰਾਂਤੀ ਹੈ ਤੇ ਹਰ ਦੇਸ਼ ਵਾਸੀ ਨੂੰ ਇਸ ਕ੍ਰਾਂਤੀ ਦੀ ਲਹਿਰ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਅੱਜ ਦੀ ਇਹ ਕ੍ਰਾਂਤੀ ਪੂਰੀ ਦੁਨੀਆਂ ਵਿਚ ਮਿਸਾਲ ਬਣ ਗਈ ਹੈ।ਆਮ ਆਦਮੀ ਪਾਰਟੀ ਰਾਜਨੀਤੀ ਕਰਨ ਨਹੀਂ ਬਲਕਿ ਰਾਜਨੀਤੀ ਨੂੰ ਸੁਧਾਰਨ ਲਈ ਹੋਂਦ ਵਿਚ ਆਈ ਹੈ।ਅੱਜ ਹਰ ਉਹ ਆਦਮੀ, ਔਰਤ, ਬਜੁਰਗ ਤੇ ਬੱਚਾ ਇਹ ਲਹਿਰ ਨਾਲ ਜੁੜ ਰਿਹਾ ਹੈ ਜਿਹੜਾ ਕਦੀਂ ਇਹ ਸੋਚਦਾ ਸੀ ਕਿ ਇਸ ਦੇਸ਼ ਦਾ ਸੁਧਾਰ ਨਹੀਂ ਕਰ ਸਕਦਾ ਪਰ ਅੱਜ ਉਹ ਹੀ ਦੇਸ਼ ਵਾਸੀ ਇਹ ਸੋਚਦਾ ਹੈ ਕਿ ਦੇਸ਼ ਬਰਬਾਦੀ ਤੋਂ ਬੱਚ ਸਕਦਾ ਹੈ ਤੇ ਅਸੀਂ ਇਸਦੇ ਪਹਿਰੇਦਾਰ ਬਣਾਂਗੇ। ਇਹ ਝਾੜੂ ਰੈਲੀਆਂ ਪੂਰੇ ਦੇਸ਼ ਵਿਚ 23 ਫਰਵਰੀ ਤੱਕ ਚੱਲਣਗੀਆਂ। ਇਨ੍ਹਾਂ ਰੈਲੀਆਂ ਦਾ ਇਕ ਹੀ ਨਾਰਾ ਹੈ ‘ਝਾੜੂ ਚਲਾਓ ਬੇਈਮਾਨ ਭਜਾਓ’। ਇਸ ਰੈਲੀ ਵਿਚ ਜੋਗਿੰਦਰ ਸਿੰਘ ਮੁਲਤਾਨੀ, ਹਿਮਾਂਸ਼ੂ ਪਾਠਕ, ਤਰਨਦੀਪ ਸਿੰਘ, ਕੁਲਦੀਪ ਕੌਰ, ਕਮਲਦੀਪ ਸਿੰਘ, ਐਸ.ਕੇ. ਹਾਂਡਾ, ਅਰੁਣ ਕੁਮਾਰ, ਉਦੇ ਪਰਤਾਪ ਸਿੰਘ, ਪਰਭਾਰ, ਕਮਲ ਸ਼ਰਮਾ ਤੋਂ ਇਲਾਵਾਂ 60 ਵਾਰਡਾਂ ਤੇ ਬਲਾਕਾਂ ਦੇ ਪ੍ਰਤੀਨਿਧੀ ਵੀ ਹਾਜਰ ਸਨ।