ਮੈਂ ਆਸਿਫਾ ਹਾਂ, ਉਮਰ ਤਕਰੀਬਨ 8 ਕੁ ਸਾਲ। ਪੜਨਾ ਨਹੀਂ ਜਾਣਦੀ, ਪਰ ਗਿਣਤੀ ਕਰਨਾ ਸਿੱਖ ਲਿਆ ਹੈ, ਹਰ ਰੋਜ਼ ਹਰਾ-ਚਾਰਾ ਚਰਨ ਗਏ ਅੱਬਾ ਦੇ ਪਸ਼ੂਆਂ ਨੂੰ ਸ਼ਾਮ ਨੂੰ ਜੰਗਲ ਵਿਚੋਂ ਮੋੜ ਕੇ ਆਪਣੇ ਘਰ ਲਿਆਉਂਦੀ ਹਾਂ। ਕੱਲ ਵੀ ਮੈਂ ਪਿਤਾ ਦਾ ਘੋੜਾ ਜੰਗਲ ਵਿਚੋਂ ਲੱਭਣ ਗਈ ਸਾਂ। ਘੋੜਾ ਤਾਂ ਦੂਜੇ ਦਿਨ ਘਰ ਮੁੜ ਆਇਆ, ਪਰ ਮੈਂ ਨਾ ਮੁੜੀ! ਮੈਨੂੰ ਤਾਂ ਕੋਈ ਹੋਰ ਹੀ ਲੈ ਗਏ। ਸਿਆਣੇ ਜੇ ਅੰਕਲ ਲੱਗਦੇ ਸਨ, ਜੋ ਮੈਨੂੰ ਰੱਬ ਦੇ ਘਰ (ਮੰਦਿਰ) ’ਚ ਲੈ ਗਏ। ਕਹਿੰਦੇ ਬਾਹਰੀ ਦੁਨੀਆਂ ’ਚ ਕੁੜੀਆਂ ਸੁਰੱਖਿਅਤ ਨਹੀਂ ਹਨ। ਚਲੋ, ਮੈਂ ਵੀ ਖੁਸ਼ ਸੀ ਕਿ ਰੱਬ ਦੇ ਘਰ ਵਿਚ ਕਾਹਦਾ ਭੈਅ। ਜੰਗਲ ਜਾਣ ਤੋਂ ਮੈਂ ਬਿਲਕੁੱਲ ਵੀ ਡਰਦੀ ਨਹੀਂ ਸਾਂ, ਕਿਉਂਕਿ ਜੰਗਲ ਤਾਂ ਜਾਨਵਰਾਂ ਦਾ ਘਰ ਹੁੰਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਮਰਿਯਾਦਾ ਦਾ ਵੀ ਪਤਾ ਹੁੰਦਾ ਹੈ। ਲੇਕਿਨ ਮੈਂ ਭੁੱਲ ਜਾਂਦੀ ਹਾਂ ਕਿ ਜਦੋਂ ਮਨੁੱਖ ਅੰਦਰਲਾ ਜਾਨਵਰ ਬਾਹਰ ਆਉਂਦਾ ਹੈ ਤਾਂ ਉਹ ਸਾਰੀਆਂ ਮਰਿਯਾਦਾਵਾਂ ਭੁੱਲ ਜਾਂਦਾ ਹੈ। ਉਹ ਭੁੱਲ ਜਾਂਦਾ ਹੈ ਕਿ ਉਸਦੇ ਘਰ ਵਿਚ ਵੀ ਕੋਈ ਧੀ ਹੈ, ਭੈਣ ਹੈ ਜਾਂ ਮਾਂ ਹੈ। ਉਸਨੂੰ ਤਾਂ ਸਿਰਫ ਇਕ ਸਰੀਰ ਦਿਖਾਈ ਦਿੰਦਾ ਹੈ। ਸਰੀਰ ਜੋ ਉਸਦੀ ਹਵਸ਼ ਨੂੰ ਸ਼ਾਂਤ ਕਰ ਸਕੇ। ਅਜਿਹੀ ਹਵਸ਼ ਨੂੰ ਠੰਡਾ ਕਰਨ ਵੇਲੇ ਪਿਤਾ-ਪੁੱਤਰ, ਚਾਚਾ-ਭਤੀਜਾ, ਅਤੇ ਰੱਬ ਦੇ ਘਰ ਦਾ ਪੁਜਾਰੀ ਸਭ ਮਿਲ ਜਾਂਦੇ ਹਨ। ਉਹ ਉਮਰ ਦਾ ਲਿਹਾਜ ਵੀ ਨਹੀਂ ਕਰਦੇ, ਉਨ੍ਹਾਂ ਵਿਚੋਂ ਕੁਝ ਮੇਰੇ ਬਾਪ ਦੇ ਬਾਪ ਦੀ ਉਮਰ ਦੇ ਵੀ ਹਨ। ਫਿਰ ਕਿ, ਮਨੁੱਖ ਦੀ ਸ਼ਕਲ ਵਾਲੇ ਭੇੜੀਏ ਮੇਰੇ ਤੇ ਝਪਟ ਪੈਂਦੇ ਹਨ ਅਤੇ ਸਰੀਰ ਦੀ ਬੋਟੀ ਬੋਟੀ ਕਰ ਦਿੰਦੇ ਹਨ। ਇਸ ਦੌਰਾਨ ਉਹ ਅੰਕਲ ਚੰਗੇ ਵੀ ਬਹੁਤ ਹਨ ਮੇਰੇ ਦਰਦ ਦਾ ਧਿਆਨ ਰੱਖਦੇ ਹਨ, ਉਹ ਮੈਨੂੰ ਬੇਹੋਸ਼ੀ ਦੀਆਂ ਗੋਲੀਆਂ ਵੀ ਦਿੰਦੇ ਹਨ, ਤਾਂ ਜੋ ਮੈਨੂੰ ਕੋਈ ਪੀੜਾ ਨਾ ਹੋਵੇ। ਇਹ ਸਿਲਸਿਲਾ ਲਗਾਤਾਰ 7 ਦਿਨ ਚੱਲਦਾ ਰਹਿੰਦਾ ਹੈ। ਜਦੋਂ ਸਭ ਸ਼ਾਂਤ ਹੋ ਜਾਂਦੇ ਨੇ ਤਾਂ ਫਿਰ ਮੈਂ ਉਨ੍ਹਾਂ ਨੂੰ ਬੁਰੀ ਲੱਗਣ ਲੱਗ ਜਾਂਦੀ ਹਾਂ ਤੇ ਉਹ ਮੈਨੂੰ ਇਸ ਦੁਨੀਆਂ ਤੋਂ ਆਜ਼ਾਦ ਕਰ ਦੇਣਾ ਚਾਹੁੰਦੇ ਹਨ, ਅਤੇ ਇੱਟਾਂ-ਪੱਥਰ ਮਾਰ-ਮਾਰ ਕੇ ਮਾਰ ਮੁਕਾਉਂਦੇ ਹਨ। ਉਸਤੋਂ ਬਾਅਦ ਮੈਂ ਗੁੰਮਨਾਮ ਰਸਤਿਆਂ ਵੱਲ ਚੱਲ ਪੈਂਦੀ ਹਾਂ, ਉਹ ਰਸਤਾ ਜੋ ਸਿੱਧਾ ਰੱਬ ਦੇ ਘਰ ਜਾਂਦਾ ਹੈ। ਫਿਰ ਵਾਰੀ ਆਉਂਦੀ ਹੈ ਕਾਨੂੰਨ ਦੀ, ਕਾਨੂੰਨ ਵੀ ਆਪਣੇ ¦ਮੇ ਹੱਥ ਦਿਖਾਉਂਦਾ ਹੈ। ਕਾਨੂੰਨ ਦਾ ਇਕ ਰੱਖਵਾਲਾ ਵੀ ਕੁਝ ਬਚੀਆਂ ਖੁਚੀਆਂ ਬੋਟੀਆਂ ਚੱਬ ਲੈਣਾ ਲੋਚਦਾ ਹੈ ਅਤੇ ਉਹ ਵੀ ਆਪਣੀ ਭੁੱਖ ਨੂੰ ਸ਼ਾਂਤ ਕਰਦਾ ਹੈ। ਮੇਰਾ ਅੱਬਾ ਅਤੇ ਅੰਮੀ ਮੈਨੂੰ ਸਭ ਜਗ੍ਹਾ ਲੱਭਦੇ ਹਨ ਪਰ ਮੰਦਿਰ ਵਿਚ ਨਹੀਂ ਆਉਂਦੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਰੱਬ ਦੇ ਘਰ ਦਾ ਰਾਖਾ ਤਾਂ ਖੁਦ ਰੱਬ ਹੈ। ਮੈਂ ਉਥੇ ਕਿਵੇਂ ਹੋ ਸਕਦੀ ਹਾਂ, ਪਰ ਕੁਝ ਦਿਨਾਂ ਬਾਅਦ ਉਹ ਮੈਨੂੰ ਮੰਦਿਰ ਵਿਚੋਂ ਹੀ ਲੱਭ ਲੈਂਦੇ ਹਨ। ਉਸਤੋਂ ਬਾਅਦ ਸਮਾਜ ਦੇ ਜਿੰਮੇਵਾਰ ਕਹਾਉਣ ਵਾਲੇ ਲੋਕ ਦੋਸ਼ੀਆਂ ਦੀ ਪਿੱਠ ਤੇ ਆ ਖੜਦੇ ਹਨ, ਉਨ੍ਹਾਂ ਦੇ ਹੱਕ ਵਿਚ ਰੈਲੀਆਂ ਕੱਢਦੇ ਹਨ ਪਰੰਤੂ ਇਹ ਸਭ ਦੇਖਕੇ ਰੱਬ, ਅੱਲਾ, ਪ੍ਰਮਾਤਮਾ ਆਪਣੇ ਹੀ ਘਰ ਵਿਚ ਚੁੱਪ ਰਹਿੰਦੇ ਹਨ ਸ਼ਾਇਦ ਉਹ ਵੀ ਇਹਨਾਂ ਜਾਨਵਰਾਂ ਤੋਂ ਡਰਦੇ ਹਨ, ਕੋਈ ਨਾ ਰੱਬ ਜੀ!
ਬਾਕੀ ਗਿਲੇ ਸ਼ਿਕਵੇ ਮੈਂ ਤੁਹਾਡੇ ਪਾਸ ਪਹੁੰਚਕੇ ਹੀ ਕਰਾਂਗੀ। ਆ ਰਹੀ ਹਾਂ ਮੈਂ।
ਤੁਹਾਡੀ ਆਸਿਫਾ।
* ਇਨ੍ਹਾਂ ਸਤਰਾਂ ਨੂੰ ਲਿਖਣ ਵੇਲੇ ਤਕਰੀਬਨ ਰਾਤ ਦੇ 12 ਕੁ ਵੱਜ ਚੁੱਕੇ ਹਨ ਮੈਂ ਆਸਿਫਾ ਦੇ ਹਾਣ ਦੀ ਆਪਣੀ ਸੁੱਤੀ ਪਈ ਧੀ ਨੂੰ ਸੀਨੇ ਨਾਲ ਲਾ ਲੈਂਦਾ ਹਾਂ ਅਤੇ ਇਕ ਹੰਝੂਆ ਦਾ ਦਰਿਆ ਮੈਨੂੰ ਕਿਸੇ ਅਜੀਬ ਘਾਟੀਆਂ ਵਿਚ ਲਿਜਾ ਸੁੱਟਦਾ ਹੈ। ਉਥੋਂ ਨਿਕਲ ਮੈਂ ਕੁਝ ਸਾਥੀਆਂ ਨਾਲ ਮਿਲਕੇ ਇਨਸਾਫ ਦੀ ਮੰਗ ਕਰਦਾ। ਅਸੀਂ ਸਮੇਂ ਦੇ ਹਾਕਮਾਂ ਤੋਂ ਇਨਸਾਫ ਦੀ ਮੰਗ ਕਰਦੇ ਹਾਂ। ਪਰੰਤੂ ਇਨਸਾਫ ਦੇਣ ਵਾਲੇ ਤਾਂ ਖੁਦ ਇਸ ਘਿਨਾਉਣੀ ਵਾਰਦਾਤ ਵਿਚ ਸ਼ਾਮਲ ਸਨ, ਫਿਰ ਇਨਸਾਫ ਕੌਣ ਦੇਵੇਗਾ? ਅੰਤ ਇਨਸਾਫ ਦੀ ਪੁਕਾਰ ਕਰਦਿਆਂ ਬਜਾਰਾਂ ਨੂੰ ਤੁਰ ਪੈਂਦੇ ਹਾਂ, ਉਦੋਂ ਹੀ ਦੂਰ ਕਿਤੇ ਬਹੁਤ ਦੂਰ ਸਾਡੇ ਹੀ ਬਹੁਤ ਸਿਆਣੇ ਲੋਕਾਂ ਦੀ ਘੁਸਰ-ਮੁਸਰ ਸੁਣਾਈ ਦਿੰਦੀ ਹੈ ਕਿ ‘… ਵੱਡੇ ਸਮਾਜ ਸੇਵੀ… ਇਹ ਲੈਣਗੇ ਇਨਸਾਫ,… ਫਿਰ ਖਲਾਅ ਵਿਚ ਇਕ ਆਵਾਜ਼ ਗੂੰਜਦੀ ਹੈ, ਉਚੀ… ਹੋਰ ਉਚੀ, ਕੰਨ ਪਾੜਵੀਂ… ਇਨਸਾਫ ਕਿੱਥੋ… ਇਨਸਾਫ ਕਿਸਨੂੰ… ਕਠੂਆ… ਉਨਾਵ… ਬਿਹਾਰ… ਸੂਰਤ… ਜਾਂ ਫੱਗੂਵਾਲਾ?… ਫਿਰ ਵੀ ਜੰਗ ਜਾਰੀ ਹੈ ਅਤੇ ਜਾਰੀ ਰਹੇਗੀ।