15 ਮਈ ਤੋਂ ਅੰਮ੍ਰਿਤਸਰ ਸ਼ਹਿਰ ’ਚ ਪਲਾਸਟਿਕ ਦੇ ਲਿਫਾਫੇ ਪੂਰੀ ਤਰ੍ਹਾਂ ਹੋਣਗੇ ਬੰਦ-ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 17 ਅਪ੍ਰੈਲ (ਦਵਾਰਕਾ ਨਾਥ ਰਾਣਾ)- ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਅੰਮ੍ਰਿਤਸਰ ਸ੍ਰੀ ਸੁਭਾਸ਼ ਚੰਦਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅੰਮ੍ਰਿਤਸਰ ਦੇ ਐਸ:ਈ ਸ੍ਰ ਹਰਬੀਰ ਸਿੰਘ ਵੱਲੋਂ ਅੰਮ੍ਰਿਤਸਰ ਦੇ ਪਲਾਸਟਿਕ ਲਿਫਾਫੇ ਵੇਚਣ ਵਾਲੇ ਡਿਸਟ੍ਰੀਬਿਊਟਰਾਂ, ਹੋਲ ਸੈਲਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿੱਚ 15 ਮਈ ਤੋਂ ਪਲਾਸਟਿਕ ਦੇ ਲਿਫਾਫੇ ਪੂਰੀ ਤਰ੍ਹਾਂ ਵਰਤਣ ਦੀ ਮਨਾਹੀ ਹੋਵੇਗੀ ਅਤੇ ਜੋ ਵੀ ਡਿਸਟ੍ਰੀਬਿਊਟਰ ਅਤੇ ਹੋਰ ਸੈਲਰ ਪਲਾਸਟਿਕ ਦੇ ਲਿਫਾਫਿਆਂ ਨੂੰ ਵੇਚੇਗਾ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2016 ਵਿੱਚ ਹੀ ਪਲਾਸਟਿਕ ਦੇ ਲਿਫਾਫਿਆਂ ਨੂੰ ਵੇਚਣ ਅਤੇ ਵਰਤਣ ’ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪ੍ਰੰਤੂ ਅਜੇ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਲਾਸਟਿਕ ਦੇ ਲਿਫਾਫਿਆਂ ਨਾਲ ਜਿਥੇ ਵਾਤਾਰਵਣ ਖਰਾਬ ਹੁੰਦਾ ਹੈ ਉਥੇ ਇਹ ਸੀਵਰੇਜ ਨੂੰ ਬਲਾਕਿਜ ਕਰਦੇ ਹਨ। ਇਸ ਮੌਕੇ ਸ੍ਰ ਹਰਬੀਰ ਸਿੰਘ ਐਸ:ਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵਿਦੇਸ਼ ਦੀਆਂ ਚਾਰ ਕੰਪਨੀਆਂ ਨਾਲ ਸਮਝੋਤਾ ਕੀਤਾ ਗਿਆ ਹੈ ਜਿਸ ਤਹਿਤ ਇਹ ਕੰਪਨੀਆਂ ਆਲੂ ਅਤੇ ਮੱਕੀ ਦੇ ਸਟਾਰਚ ਤੋਂ ਕੈਰੀਬੈਗ ਤਿਆਰ ਕਰਨਗੀਆਂ ਅਤੇ ਇਹ ਕੈਰੀਬੇਗ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਆਪ ਹੀ ਨਸ਼ਟ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਪਨੀਆਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਲਿਫਾਫਿਆਂ ਲਈ ਵਰਤਿਆ ਜਾ ਰਿਹਾ ਕੱਚਾ ਮਾਲ ਵੀ ਇਥੇ ਹੀ ਤਿਆਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਆਉਂਦੇ ਦੋ-ਤਿੰਨ ਮਹੀਨਿਆਂ ਦੌਰਾਨ ਪੰਜਾਬ ਦੇ ਗੁਰਾਇਆ ਵਿੱਚ ਕੰਪੋਸਟਏਬਲ ਪਲਾਸਟਿਕ ਲਿਫਾਫੇ ਬਣਾਉਣ ਦਾ ਪਲਾਂਟ ਲਗਾਇਆ ਜਾ ਰਿਹਾ ਹੈ ਜਿਥੇ ਇਹ ਲਿਫਾਫੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਕੱਚੇ ਮਾਲ ਦੀ ਸਪਲਾਈ ਕਰੇਗਾ। ਸ੍ਰ ਹਰਬੀਰ ਸਿੰਘ ਨੇ ਅੱਗੇ ਕਿਹਾ ਕਿ ਇਹ ਕੈਰੀਬੇਗ ਦੀ ਕੀਮਤ ਵੀ ਕੋਈ ਜਿਆਦਾ ਨਹੀਂ ਹੈ ਅਤੇ ਜਿੰਨਾ ਕੈਰੀਬੇਗ ਦਾ ਉਤਪਾਦਨ ਵਧੇਗਾ ਉਸੇ ਤਰ੍ਹਾਂ ਇਸ ਦੀ ਕੀਮਤ ਵਿੱਚ ਗਿਰਾਵਟ ਆਵੇਗੀ। ਐਸ:ਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੱਸਿਆ ਕਿ ਇਨ੍ਹਾਂ ਕੈਰੀਬੇਗਾਂ ਦੀ ਸ਼ੁਰੂਆਤ 1 ਅਪ੍ਰੈਲ ਤੋਂ ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੂ ਹੋ ਗਈ ਹੈ ਅਤੇ ਸੰਗਤਾਂ ਵੱਲੋਂ ਇਸ ਨੂੰ ਬਹੁਤ ਪਸੰਦ ਕੀਤਾ ਹੈ। ਇਸ ਮੌਕੇ ਹੋਲ ਸੈਲਰ ਵਪਾਰੀਆਂ ਦੇ ਪ੍ਰਧਾਨ ਸ੍ਰੀ ਅਨਿਲ ਮਹਾਜਨ, ਸ੍ਰੀ ਸਤੀਸ਼ ਕੁਮਾਰ, ਉਤਪਾਦਕ ਹਰਪ੍ਰੀਤ ਸਿੰਘ, ਗੁਰਸਿਮਰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਪਾਰੀ ਹਾਜ਼ਰ ਸਨ।

Send this to a friend