ਮੁੱਖ ਮੰਤਰੀ ਵੱਲੋਂ 9 ਅਤਿ ਆਧੁਨਿਕ ਐਂਬੂਲੈਂਸਾਂ ਨੂੰ ਹਰੀ ਝੰਡੀ

ਐਸਏਐਸ ਨਗਰ (ਮੁਹਾਲੀ), 16 ਅਪ੍ਰੈਲ (ਧੱਮੀ ਸ਼ਰਮਾ)- ਸੂਬੇ ਵਿੱਚ ਸਿਹਤ ਸੰਭਾਲ ਸਹੂਲਤਾਂ ਨੂੰ ਮਜ਼ਬੂਤ ਕਰਨ ਬਾਰੇ ਆਪਣੀ ਸਰਕਾਰ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਮੁਹਾਲੀ ਤੋਂ ਵਿਸ਼ਵ ਪੱਧਰੀ ਸਾਜ਼ੋ-ਸਾਮਾਨ ਨਾਲ ਲੈਸ 9 ਅਤਿ-ਆਧੁਨਿਕ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ ਨੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਐਮਪੀਲੈਡ ਫੰਡ ਨਾਲ ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕੇ ਅਧੀਨ ਆਉਂਦੇ 9 ਹਲਕਿਆਂ ਲਈ ਇਹ ਐਂਬੂਲੈਂਸਾਂ ਖਰੀਦੀਆਂ ਹਨ। ਇਸ ਵਿੱਚ ਮੁਹਾਲੀ ਵੀ ਸ਼ਾਮਲ ਹੈ। ਕਾਂਗਰਸ ਦੇ ਹੋਰ ਸੰਸਦ ਮੈਂਬਰਾਂ ਨੂੰ ਅੰਬਿਕਾ ਸੋਨੀ ਵੱਲੋਂ ਕੀਤੀ ਗਈ ਇਸ ਗ਼ਰੀਬ ਪੱਖੀ ਪਹਿਲ ਦੀ ਤਰਜ਼ ’ਤੇ ਕਦਮ ਚੁੱਕਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਸੂਬੇ, ਜਿਸ ਵਿੱਚ ਪਿਛਲੇ ਇਕ ਸਾਲ ਦੌਰਾਨ ਸਿਹਤ ਢਾਂਚਾ ਪ੍ਰਭਾਵਸ਼ਾਲੀ ਢੰਗ ਨਾਲ ਮਜ਼ਬੂਤ ਹੋਇਆ ਹੈ, ਵਿੱਚ ਸਿਹਤ ਸਹੂਲਤਾਂ ਦੇ ਸੁਧਾਰ ਵਿੱਚ ਅਹਿਮ ਯੋਗਦਾਨ ਪਾਉਣਗੇ। ਸੜਕ ਹਾਦਸਿਆਂ ਦੀ ਗਿਣਤੀ ਘਟਣ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਐਂਬੂਲੈਂਸਾਂ ਰਾਹੀਂ ਹਾਦਸਾ ਸਥਾਨ ’ਤੇ ਸਮੇਂ ਸਿਰ ਮੈਡੀਕਲ ਮਦਦ ਮੁਹੱਈਆ ਕਰਾ ਕੇ ਮੌਤਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ।

Send this to a friend