ਚੰਡੀਗੜ੍ਹ, 11 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਨੌਜਵਾਨ ਅਤੇ ਦ੍ਰਿੜ ਕਾਂਗਰਸੀ ਆਗੂ ਸ੍ਰੀ ਗੋਬਿੰਦ ਖਟੜਾ ਦੇ ਬੇਵਕਤੀ ਦਿਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਰਾਹੁਲ ਗਾਂਧੀ ਨੇ ਸ੍ਰੀ ਖਟੜਾ ਦੇ ਪਰਿਵਾਰਕ ਮੈਂਬਰਾਂ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਖਟੜਾ ਇੱਕ ਦ੍ਰਿੜ ਆਗੂ ਸਨ ਅਤੇ ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ ਨੂੰ ਹੀ ਨਹੀਂ ਬਲਕਿ ਪਾਰਟੀ ਨੂੰ ਵੀ ਵੱਡਾ ਘਾਟਾ ਪਿਆ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਹ ਇਸ ਔਖੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੇ ਹਨ। ਸ੍ਰੀ ਗੋਬਿੰਦ ਖਟੜਾ ਦਾ ਬੀਤੇ ਦਿਨ ਪੀ.ਜੀ.ਆਈ. ਚੰਡੀਗੜ੍ਹ ਵਿਖੇ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ, ਉਹ 30 ਸਾਲਾਂ ਦੇ ਸਨ। ਉਹ ਬਜ਼ੁਰਗ ਸੀਨੀਅਰ ਅਕਾਲੀ ਆਗੂ ਅਤੇ ਟ੍ਰਾਂਸਪੋਰਟਰ ਸ. ਪ੍ਰੀਤਮ ਸਿੰਘ ਖਟੜਾ ਦੇ ਪੋਤਰੇ ਸਨ। ਸ੍ਰੀ ਗੋਬਿੰਦ ਖਟੜਾ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ ਸਾਲ 2007 ਵਿੱਚ ਐਸ.ਓ.ਪੀ.ਯੂ ਦੇ ਚੇਅਰਮੈਨ ਬਣੇ। ਉਹ ਸਾਲ 2009 ਤੋਂ 2013 ਤੱਕ ਐਨ.ਐਸ.ਯੂ.ਆਈ ਦੇ ਸੂਬਾ ਪ੍ਰਧਾਨ ਅਤੇ ਸਾਲ 2013 ਤੋਂ 2018 ਤੱਕ ਆਲ ਇੰਡੀਆ ਜਨਰਲ ਸੈਕਟਰੀ ਰਹੇ। ਇਸ ਵੇਲੇ ਉਹ ਐਨ.ਐਸ.ਯੂ.ਆਈ ਦੇ ਮਾਮਲਿਆਂ ਬਾਰੇ ਹਰਿਆਣਾ, ਗੋਆ, ਉੜੀਸਾ, ਜੇ.ਐਨ.ਯੂ, ਉਤਰਾਖੰਡ, ਆਂਧਰਾ ਪ੍ਰਦੇਸ਼ ਦੇ ਇੰਚਾਰਜ ਸਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸਨ। ਸੂਬੇ ’ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਲ ਰ2016-17 ਦੌਰਾਨ ਸ੍ਰੀ ਗੋਬਿੰਦ ਖਟੜਾ ਕੈਪਟਨ ਅਮਰਿੰਦਰ ਸਿੰਘ ਦੇ ਵਲੰਟੀਅਰ ਪ੍ਰੋਗਰਾਮ ‘ਜਾਗੋ ਪੰਜਾਬ’ ਵਿੱਚ ਉਨ੍ਹਾਂ ਦੇ ਕਨਵੀਨਰ ਵਜੋਂ ਸੇਵਾ ਨਿਭਾਈ। ਉਨ੍ਹਾਂ ਦੇ ਅਚਾਨਕ ਹੋਏ ਦਿਹਾਂਤ ਕਾਰਨ ਖਟੜਾ ਪਰਿਵਾਰ ਦੇ ਨਾਲ-ਨਾਲ ਸੰਗਰੂਰ ਜ਼ਿਲ੍ਹੇ ਦੇ ਅਮਰਗੜ੍ਹ ਹਲਕੇ ਨੂੰ ਵੱਡਾ ਝਟਕਾ ਲੱਗਾ ਹੈ, ਜਿਸ ਹਲਕੇ ਲਈ ਉਹ ਬੀਤੇ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਸਨ।