ਸਮਾਜ ਸੇਵੀ, ਸਾਹਿਤਕਾਰ ਅਤੇ ਬੱਚਿਆਂ ਦੇ ਰੋਗਾਂ ਦੀ ਮਾਹਿਰ : ਡਾ.ਹਰਸ਼ਿੰਦਰ ਕੌਰ

ਰਵਾਇਤੀ ਕੰਮ ਕਾਰ ਤਾਂ ਹਰ ਵਿਅਕਤੀ ਕਰ ਸਕਦਾ ਹੈ ਪ੍ਰੰਤੂ ਪੁਰਾਣੇ ਰਾਹਾਂ ਉਪਰ ਚਲਣ ਦੀ ਥਾਂ ਆਪਣੀਆਂ ਪਗਡੰਡੀਆਂ ਬਣਾਕੇ ਚਲਣਾ ਵਿਲੱਖਣ ਕਿਸਮ ਦੇ ਇਨਸਾਨ ਦੇ ਹਿੱਸੇ ਹੀ ਆਉਂਦਾ ਹੈ। ਉਸ ਵਿਅਕਤੀ ਲਈ ਸ਼ੋਹਰਤ ਪ੍ਰਾਪਤ ਕਰਨਾ ਹੋਰ ਵੀ ਮੁਸ਼ਕਲ ਹੁੰਦਾ ਹੈ, ਜਿਹੜਾ ਸਰਕਾਰੀ ਨੌਕਰੀ ਕਰਦਾ ਹੋਵੇ ਕਿਉਂਕਿ ਉਸਦੇ ਸੀਨੀਅਰ ਅਧਿਕਾਰੀਆਂ ਨੂੰ ਉਸ ਵਿਅਕਤੀ ਦੀ ਪ੍ਰਸੰਸਾ ਹਜ਼ਮ ਨਹੀਂ ਹੁੰਦੀ। ਸਰਕਾਰੀ ਅਧਿਕਾਰੀ ਨੂੰ ਆਪਣੇ ਤੋਂ ਕਿਸੇ ਜੂਨੀਅਰ ਅਧਿਕਾਰੀ ਦੀ ਸ਼ਲਾਘਾ ਬਰਦਾਸ਼ਤ ਨਹੀਂ ਹੁੰਦੀ। ਅਜਿਹੇ ਹਾਲਾਤ ਵਿਚ ਇਕ ਦਬੰਗ ਅਤੇ ਬਹਾਦਰ ਇਸਤਰੀ ਡਾਕਟਰ ਹਰਸ਼ਿੰਦਰ ਕੌਰ ਹੈ, ਜਿਹੜੀ ਅਨੇਕਾਂ ਸਰਕਾਰੀ ਅੜਿਕਿਆਂ, ਅੜਚਣਾਂ ਅਤੇ ਸਮਾਜਿਕ ਪਾਬੰਦੀਆਂ ਦੇ ਬਾਵਜੂਦ ਆਪਣੇ ਮਿਸ਼ਨ ਵਿਚ ਰੁਝੀ ਹੋਈ ਹੈ। ਉਹ ਹੈ ਤਾਂ ਸਰਕਾਰੀ ਹਸਪਤਾਲ ਵਿਚ ਬੱਚਿਆਂ ਦੀਆਂ ਬਿਮਾਰੀਆਂ ਦੇ ਇਲਾਜ ਦੀ ਡਾਕਟਰ ਪ੍ਰੰਤੂ ਉਸਨੂੰ ਆਪਣੇ ਪਿਤਾ ਦੀ ਵਿਰਾਸਤ ਤੋਂ ਸਮਾਜ ਸੇਵਾ ਸਾਹਿਤਕ ਗੁੜ੍ਹਤੀ ਮਿਲੀ ਹੋਈ ਹੈ, ਜਿਸ ਕਰਕੇ ਉਹ ਹਮੇਸ਼ਾ ਰੁਝੀ ਰਹਿੰਦੀ ਹੈ। ਸਮਾਜ ਸੇਵਾ ਦੀਆਂ ਸਰਗਰਮੀਆਂ ਕਰਦਿਆਂ ਉਸਨੇ ਸਮਾਜ ਵਿਚ ਵਾਪਰ ਰਹੀਆਂ ਅਨੇਕਾਂ ਸਮਾਜਿਕ ਬੁਰਾਈਆਂ ਨੂੰ ਨੇੜੇ ਹੋ ਕੇ ਵੇਖਿਆ ਹੈ। ਭਰੂਣ ਹੱਤਿਆ ਸਾਡੇ ਸਮਾਜ ਵਿਚ ਅਜਿਹੀ ਸਮਾਜਿਕ ਬਿਮਾਰੀ ਹੈ ਜੋ ਕਿ ਸਦੀਆਂ ਤੋਂ ਚਲੀ ਆ ਰਹੀ ਹੈ। ਇਸ ਸਮਾਜਿਕ ਬਿਮਾਰੀ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹਨ ਪ੍ਰੰਤੂ ਇਸਦੇ ਢੰਗ ਤਰੀਕੇ ਸਮੇਂ ਅਨੁਸਾਰ ਬਦਲਦੇ ਰਹੇ ਹਨ। ਪੁਰਾਣੇ ਸਮੇਂ ਵਿਚ ਲੜਕੀ ਨੂੰ ਜਨਮ ਤੋਂ ਬਾਅਦ ਮਾਰ ਦਿੱਤਾ ਜਾਂਦਾ ਸੀ ਪ੍ਰੰਤੂ ਹੁਣ ਆਧੁਨਿਕ ਤਕਨਾਲੋਜੀ ਦੇ ਆ ਜਾਣ ਨਾਲ ਨਾਲ ਜਨਮ ਤੋਂ ਪਹਿਲਾਂ ਹੀ ਜਾਂਚ ਕਰਕੇ ਭਰੂਣ ਨੂੰ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ। ਇਸ ਬੁਰਾਈ ਦੀ ਜ਼ਿੰਮੇਵਾਰ ਮੁੱਢਲੇ ਤੌਰ ਤੇ ਇਸਤਰੀ ਨੂੰ ਹੀ ਗਿਣਿਆਂ ਜਾਂਦਾ ਹੈ। ਇਸ ਗੱਲ ਦੀ ਖ਼ੁਸ਼ੀ ਹੈ ਕਿ ਪੰਜਾਬ ਵਿਚ ਇਸ ਬੁਰਾਈ ਦੇ ਖ਼ਾਤਮੇ ਦਾ ਤਹੱਈਆ ਕਰਨ ਲਈ ਵੀ ਇਕ ਡਾ.ਹਰਸ਼ਿੰਦਰ ਕੌਰ ਦੇ ਨਾਂ ਦੀ ਇਸਤਰੀ ਨੇ ਹੀ ਕੀਤਾ ਹੈ, ਜਿਹੜੀ ਭਰੂਣ ਹੱਤਿਆ ਦੇ ਵਿਰੁਧ ਆਯੋਜਤ ਕੀਤੇ ਜਾ ਰਹੇ ਸਮਾਗਮਾ ਵਿਚ ਆਪਣੇ ਪੱਲਿਓਂ ਪੈਸੇ ਖ਼ਰਚ ਕਰਕੇ ਸੈਂਕੜੇ ਮੀਲ ਸਫ਼ਰ ਤਹਿ ਕਰਕੇ ਹਰ ਹੀਲੇ ਪਹੁੰਚਣ ਦੀ ਕੋਸ਼ਿਸ ਕਰਦੀ ਹੈ। ਉਸਦਾ ਭਾਸ਼ਣ ਬੜਾ ਹੀ ਸੰਵੇਦਨਸ਼ੀਲ ਅਤੇ ਦਿਲਾਂ ਨੂੰ ਹਲੂੰਨਣ ਵਾਲਾ ਹੁੰਦਾ ਹੈ। ਉਹ ਆਪਣੇ ਭਾਸ਼ਣ ਵਿਚ ਦਲੀਲਾਂ ਅਤੇ ਤਸਬੀਹਾਂ ਅਜਿਹੀਆਂ ਦਿੰਦੀ ਹੈ ਕਿ ਸੁਣਨ ਵਾਲੇ ਗ਼ਮਗ਼ੀਨ ਹੋ ਕੇ ਭਾਵਨਾਵਾਂ ਵਿਚ ਵਹਿ ਜਾਂਦੇ ਹਨ। ਉਸਨੇ ਲਗਪਗ 1450 ਲੈਕਚਰ ਦੇਸ਼ ਵਿਦੇਸ਼ ਵਿਚ ਦਿੱਤੇ ਹਨ। ਉਸਨੇ 2009 ਵਿਚ ਜਨੇਵਾ ਵਿਖੇ ਯੂ.ਐਨ.ਓ.ਵੱਲੋਂ ਆਯੋਜਤ ਅੰਤਰਰਾਸ਼ਟਰੀ ਸੈਮੀਨਾਰ ਵਿਚ ਮਨੁੱਖੀ ਅਧਿਕਾਰਾਂ ਦੇ ਵਿਸ਼ੇ ਉਪਰ ਭਾਸ਼ਣ ਦਿੱਤਾ ਜਿਸਦੀ ਸੰਸਾਰ ਵਿਚ ਪ੍ਰਸੰਸਾ ਹੋਈ। ਇਸਤੋਂ ਬਾਅਦ ਉਹ ਸਰਕਾਰੇ ਦਰਬਾਰੇ ਰੜਕਣ ਲੱਗ ਗਈ। ਉਸਦੇ ਭਾਸ਼ਣ ਦੇ ਵੀ ਗ਼ਲਤ ਅਰਥ ਕੱਢੇ ਗਏ। ਡਾ.ਹਰਸ਼ਿੰਦਰ ਕੌਰ ਦਾ ਜਨਮ ਇਕ ਸਾਹਿਤਕ ਪਰਿਵਾਰ ਵਿਚ ਪੰਜਾਬੀ ਅਤੇ ਅੰਗਰੇਜ਼ੀ ਦੇ ਵਿਦਵਾਨ ਪ੍ਰੋ.ਪ੍ਰੀਤਮ ਸਿੰਘ ਅਤੇ ਮਾਤਾ ਸ਼੍ਰੀਮਤੀ ਨਰਿੰਦਰ ਕੌਰ ਦੇ ਘਰ 6 ਸਤੰਬਰ 1962 ਨੂੰ ਹੋਇਆ। ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਪਟਿਆਲਾ ਮੈਡੀਕਲ ਕਾਲਜ ਤੋਂ ਉਸਨੇ ਐਮ.ਬੀ.ਬੀ.ਐਸ ਦੀ ਡਿਗਰੀ ਪਾਸ ਕੀਤੀ। ਇਸ ਤੋਂ ਬਾਅਦ ਉਸਨੇ ਬੱਚਿਆਂ ਦੀਆਂ ਬਿਮਾਰੀਆਂ ਦੇ ਇਲਾਜ ਦੀ ਪੋਸਟ ਗ੍ਰੈਜੂਏਸਨ ਕੀਤੀ। ਉਸਦਾ ਵਿਆਹ ਡਾ.ਗੁਰਪਾਲ ਸਿੰਘ ਸਚਦੇਵਾ ਜੋ ਕਿ ਮੈਡੀਸਨ ਦੇ ਮਾਹਿਰ ਹਨ ਨਾਲ ਹੋਇਆ ਜਿਨ੍ਹਾਂ ਦੇ ਇਕ ਲੜਕਾ ਅਤੇ ਲੜਕੀ ਹੈ। ਡਾ.ਹਰਸ਼ਿੰਦਰ ਕੌਰ ਅਤੇ ਡਾ.ਗੁਰਪਾਲ ਸਿੰਘ ਦੋਵੇਂ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਸਹਾਇਕ ਪ੍ਰੋਫ਼ੈਸਰ ਹਨ। ਪਿਛਲੇ 25 ਸਾਲਾਂ ਤੋਂ ਉਹ ਸਮਾਜ ਸੇਵਾ ਦੇ ਕੰਮ ਵਿਚ ਜੁਟੀ ਹੋਈ ਹੈ। ਸਮਾਜ ਸੇਵਾ ਦੇ ਨਾਲ ਉਹ ਭਰੂਣ ਹੱਤਿਆ, ਦਾਜ, ਆਤਮ ਹੱਤਿਆ ਅਤੇ ਇਸਤਰੀਆਂ ਉਪਰ ਹੋ ਰਹੇ ਜ਼ੁਲਮਾਂ ਦੇ ਵਿਰੁਧ ਲਗਾਤਾਰ ਲਾਮਬੰਦ ਢੰਗ ਨਾਲ ਮੁਹਿੰਮ ਚਲਾ ਕੇ ਕੰਮ ਕਰ ਰਹੀ ਹੈ। ਡਾ.ਹਰਸ਼ਿੰਦਰ ਕੌਰ ਅਤੇ ਡਾ.ਗੁਰਪਾਲ ਸਿੰਘ ਸਚਦੇਵਾ ਨੇ ਮਿਲ ਕੇ ਇਕ ‘ਹਰਸ਼ ਚੈਰੀਟੇਬਲ ਟਰੱਸਟ’ ਸਥਾਪਤ ਕੀਤੀ ਹੋਈ ਹੈ ਜਿਸ ਰਾਹੀਂ ਗ਼ਰੀਬ ਬੱਚਿਆਂ ਦੀ ਮੁਫ਼ਤ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਂਦਾ ਹੈ। ਲਗਪਗ 500 ਲੜਕੀਆਂ ਨੂੰ ਪੜ੍ਹਾਈ ਲਈ ਆਰਥਿਕ ਮਦਦ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਹੜੇ ਕਿਸਾਨਾਂ ਨੇ ਖ਼ੁਦਕਸ਼ੀਆਂ ਕੀਤੀਆਂ ਹਨ, ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਜ਼ਿੰਮਾ ਵੀ ਉਨ੍ਹਾਂ ਨੇ ਲਿਆ ਹੋਇਆ ਹੈ। ਦੂਰ ਦੁਰਾਡੇ ਦਿਹਾਤੀ ਇਲਾਕਿਆਂ ਵਿਚ ਉਹ ਮੁਫ਼ਤ ਮੈਡੀਕਲ ਕੈਂਪ ਲਗਾਉਂਦੇ ਹਨ, ਜਿਥੇ ਗ਼ਰੀਬ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਹੁਣ ਤੱਕ ਅਜਿਹੇ 400 ਕੈਂਪ ਲਗਾਏ ਜਾ ਚੁੱਕੇ ਹਨ। ਇਸੇ ਤਰ੍ਹਾਂ ਇਕ ਨੋ ਡਾਉਰੀ ਕੰਪੇਨ ਕਰਕੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਦਾਜ ਨਾ ਲੈਣ ਦੀ ਪ੍ਰੇਰਨਾ ਕਰਦੀ ਹੈ ਅਤੇ ਹੁਣ ਤੱਕ 30 ਹਜ਼ਾਰ ਲੜਕੇ ਅਤੇ ਲੜਕੀਆਂ ਨੂੰ ਦਾਜ ਨਾ ਲੈਣ ਅਤੇ ਦੇਣ ਦੀ ਸਹੁੰ ਚੁਕਾਈ ਹੈ। ਉਸਨੇ ਇਨ੍ਹਾਂ ਵਿਸ਼ਿਆਂ ਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਅਖ਼ਬਾਰਾਂ ਵਿਚ ਲੇਖ ਲਿਖਕੇ ਵੀ ਲੋਕਾਂ ਵਿਚ ਜਾਗ੍ਰਿਤੀ ਪੈਦਾ ਕਰਨ ਦੀ ਕੋਸ਼ਿਸ ਕੀਤੀ ਹੈ। ਡਾ.ਹਰਸ਼ਿੰਦਰ ਕੌਰ ਦੀਆਂ ਹੁਣ ਤੱਕ ਪੰਜਾਬੀ, ਹਿੰਦੀ, ਸ਼ਾਹਮੁਖੀ ਅਤੇ ਅੰਗਰੇਜ਼ੀ ਵਿਚ ਲਗਪਗ 35 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਨ੍ਹਾਂ ਪੁਸਤਕਾਂ ਉਪਰ ਫਿਲਮਾਂ ਵੀ ਬਣ ਚੁੱਕੀਆਂ ਹਨ। ਡਾ.ਹਰਸ਼ਿੰਦਰ ਕੌਰ ਵੱਲੋਂ ਸਮਾਜ ਸੇਵਾ ਦੇ ਖ਼ੇਤਰ ਵਿਚ ਪਾਏ ਯੋਗਦਾਨ ਕਰਕੇ ਉਸਦਾ ਮਾਨ ਸਨਮਾਨ ਭਾਰਤ ਅਤੇ ਵਿਦੇਸ਼ਾਂ ਵਿਚ ਕੀਤਾ ਗਿਆ ਹੈ। ਭਾਰਤ ਸਰਕਾਰ ਦੇ ਇਸਤਰੀਆਂ ਅਤੇ ਬਾਲ ਵਿਕਾਸ ਵਿਭਾਗ ਨੇ ਭਾਰਤ ਦੀਆਂ 100 ਵਿਮੈਨ ਅਚੀਵਰਜ਼ ਆਫ਼ ਇੰਡੀਆ ਵਿਚ ਡਾ.ਹਰਸ਼ਿੰਦਰ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ। ਉਸਨੂੰ ਫ਼ਖਰੇ ਕੌਮ, ਮਾਈ ਭਾਗੋ ਅਵਾਰਡ, ਗੌਰਵ ਪੰਜਾਬ ਅਵਾਰਡ ਆਦਿ ਦੇ ਕੇ ਸਨਮਾਨਤ ਕੀਤਾ ਗਿਆ ਹੈ। ਕੈਨੇਡਾ, ਅਮਰੀਕਾ, ਨਿਊਜੀਲੈਂਡ, ਆਸਟਰੇਲੀਆ, ਮਲੇਸ਼ੀਆ ਅਤੇ ਹਾਂਗਕਾਂਗ ਵਿਚ ਵੀ ਸਨਮਾਨਤ ਕੀਤਾ ਗਿਆ ਹੈ। ਯੂ.ਐਨ.ਓ ਵਲੋਂ ਜਨੇਵਾ ਵਿਖੇ ਵੀ ਸਨਮਾਨਤ ਕੀਤਾ ਗਿਆ ਹੈ ਕਿਉਂਕਿ ਉਹ ਸਮੁੱਚੀ ਦੁਨੀਆਂ ਦੇ ਦੇਸ਼ਾਂ ਵਿਚ ਜਾ ਕੇ ਭਾਰਤੀ ਭਾਈਚਾਰੇ ਵਿਚ ਭਰੂਣ ਹੱਤਿਆ , ਇਸਤਰੀਆਂ ਦੇ ਹੱਕਾਂ ਅਤੇ ਮਨੁਖੀ ਅਧਿਕਾਰਾਂ ਦੇ ਹੱਕ ਵਿਚ ਜਾਗ੍ਰਿਤੀ ਲਈ ਭਾਸ਼ਣ ਦੇ ਕੇ ਲਹਿਰ ਪੈਦਾ ਕਰ ਰਹੇ ਹਨ। ਆਪਦਾ ਭਰਾ ਜੈਰੂਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦਾ ਉਪ ਕੁਲ ਪਤੀ ਰਿਹਾ ਹੈ। ਉਸਦਾ ਪਰਿਵਾਰਿਕ ਵਿਰਸਾ ਅਮੀਰ ਹੈ, ਆਪਦਾ ਨਾਨਾ ਡਾ.ਸਾਹਿਬ ਸਿੰਘ ਅਤੇ ਮਾਮਾ ਡਾ.ਦਲਜੀਤ ਸਿੰਘ ਧਰਮ ਅਤੇ ਮੈਡੀਕਲ ਖੇਤਰ ਦੇ ਮੰਨੇ ਪ੍ਰਮੰਨੇ ਵਿਅਕਤੀ ਹਨ।

Send this to a friend