ਮੌੜ ਮੰਡੀ, 10 ਅਪ੍ਰੈਲ (ਰੇਸ਼ਮ ਸਿੰਘ ਕੁੱਬੇ)- ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਅੱਜ ਸਵਰਨ ਸਮਾਜ ਵਲੋਂ ਦਿੱਤੇ ਗਏ ਮੌੜ ਮੰਡੀ ਦੀਆਂ ਸਮਾਜਿਕ, ਧਾਰਮਿਕ ਅਤੇ ਵਪਾਰਿਕ ਸੰਸਥਾਵਾਂ ਵਲੋਂ ਆਪਣੇ ਆਪਣੇ ਅਦਾਰੇ ਬੰਦ ਰੱਖ ਕੇ ਬੰਦ ਨੂੰ ਭਰਵਾਂ ਸਹਿਯੋਗ ਦਿੱਤਾ। ਬੰਦ ਦੇ ਸੱਦੇ ਦੇ ਮੱਦੇਨਜ਼ਰ ਅੱਜ ਡੀ.ਐਸ.ਪੀ ਮੌੜ ਸ਼੍ਰੀ ਸੁਰਿੰਦਰ ਕੁਮਾਰ ਅਤੇ ਐਸ.ਐਚ.ਓ. ਸ਼੍ਰੀ ਮਨੋਜ ਕੁਮਾਰ ਸ਼ਰਮਾ ਵਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਬੰਦ ਦੌਰਾਨ ਸ਼ਹਿਰ ਅੰਦਰ ਮਾਹੌਲ ਸ਼ਾਂਤੀ ਪੂਰਨ ਅਤੇ ਸੁੰਨਸਾਨ ਰਿਹਾ ਕਿਉਂਕਿ ਜਥੇਬੰਦੀਆਂ ਵਲੋਂ ਪਹਿਲਾ ਹੀ ਇਹ ਐਲਾਨ ਕੀਤਾ ਗਿਆ ਸੀ ਕਿ ਸ਼ਹਿਰ ਅੰਦਰ ਕਿਸੇ ਵੀ ਵਿਅਕਤੀ ਨੂੰ ਦੁਕਾਨ ਖੋਲ੍ਹਣ ਜਾ ਬੰਦ ਕਰਨ ਲਈ ਮਜ਼ਬੂਰ ਨਹੀ ਕੀਤਾ ਜਾਵੇਗਾ ਅਤੇ ਨਾ ਹੀ ਕੋਈ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਬੰਦ ਦਾ ਸੱਦਾ ਦੇਣ ਵਾਲੀਆਂ ਜਥੇਬੰਦੀਆਂ ਨੇ ਬੰਦ ਨੂੰ ਭਰਪੂਰ ਸਮੱਰਥਨ ਦੇਣ ਲਈ ਮੰਡੀ ਵਾਸੀਆਂ ਦਾ ਧੰਨਵਾਦ ਵੀ ਕੀਤਾ।