ਰੁਜ਼ਗਾਰ ਤਾਂ ਕੀ ਨੌਕਰੀ ’ਤੇ ਲੱਗੇ ਮੁਲਾਜ਼ਮਾਂ ਨੂੰ ਵੀ ਕਰ ਦਿੱਤਾ ਬੇਰੁਜ਼ਗਾਰ
ਸੰਗਰੂਰ, 8 ਅਪ੍ਰੈਲ (ਯੋਗੇਸ਼ ਸ਼ਰਮਾ)- ਕੈਪਟਨ ਸਰਕਾਰ ਨੇ ਚੋਣ ਲੜਨ ਤੋਂ ਪਹਿਲਾਂ ਜੋ ਵਾਅਦੇ ਕੀਤੇ ਸੀ। ਉਹ ਸਿਰਫ਼ ਖੋਖਲੇ ਸਾਬਿਤ ਹੋ ਗਏ ਹਨ।ਚੋਣਾਂ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਹਰ ਵਾਰ ਨਾਲ ਵੱਡੇ-ਵੱਡੇ ਦਾਅਵੇ ਕੀਤਾ ਸੀ ਜਿਵੇਂ ਕਿ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣਾ, ਘਰ-ਘਰ ਨੌਕਰੀ ਦੇਣਾ, ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ, ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਮੰਨਣਾ ਆਦਿ। ਬੇਸ਼ੱਕ ਪੰਜਾਬ ਦੀ ਜਨਤਾ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਬਹੁਤ ਆਸ ਸੀ ਕਿ ਕੈਪਟਨ ਸਰਕਾਰ ਆਉਣ ਨਾਲ ਸੋਨੇ ਦੀ ਚਿੜੀ ਕਹਾਉਣ ਵਾਲਾ ਪੰਜਾਬ ਫ਼ਿਰ ਤੋਂ ਖੁਸ਼ਹਾਲ ਹੋ ਜਾਵੇਗਾ ਪਰ ਹੋਣਾ ਕੀ ਸੀ ਕੈਪਟਨ ਸਾਹਿਬ ਨੇ ਤਾਂ ਬਹੁਮਤ ਨਾਲ ਜਿੱਤਣ ਉਪਰੰਤ ਉਨ੍ਹਾਂ ਨਾਲ ਕੀਤੇ ਵਾਅਦਿਆਂ ਦੇ ਪਾਣੀ ਫ਼ੇਰ ਕੇ ਰੱਖ ਦਿੱਤਾ ਹੈ, ਜਿਸ ਕਾਰਨ ਪੰਜਾਬ ਦਾ ਹਰ ਵਰਗ ਪਰੇਸ਼ਾਨ ਨਜ਼ਰ ਆਉਂਦਾ ਜਾਪਦਾ ਹੈ, ਚਾਹੇ ਉਹ ਪੰਜਾਬ ਸਰਕਾਰ ਦੇ ਮੁਲਾਜ਼ਮ ਹੋਣ, ਅਰਧ ਸਰਕਾਰੀ ਮੁਲਾਜ਼ਮ, ਅਧਿਆਪਕ ਹੋਣ ਅਤੇ ਬੇਰੁਜ਼ਗਾਰ ਨੌਜਵਾਨ।ਕੈਪਟਨ ਸਰਕਾਰ ਨੇ ਆਪਣੇ ਬਜਟ ਵਿੱਚ ਇਨ੍ਹਾਂ ਲਈ ਕੋਈ ਵੀ ਵਧੀਆਂ ਸੁਵਿਧਾ ਨਹੀਂ ਦਿੱਤੀ, ਬੱਸ ਜੋਬ ਅਫ਼ੇਅਰ ਦੇ ਮੇਲੇ ਲਗਵਾ ਕੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਦੀ ਸ਼ੌਸ਼ੇਬਾਜ਼ੀ ਹੀ ਕੀਤੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਦੀ ਜਨਤਾ ਹੁਣ ਅਕਾਲੀ-ਭਾਜਪਾ ਸਰਕਾਰ ਨੂੰ ਯਾਦ ਕਰਣ ਲੱਗ ਪਈ ਹੈ।ਜੇਕਰ ਅਕਾਲੀ-ਭਾਜਪਾ ਵੱਲੋਂ ਖੋਲ੍ਹੇ ਗਏ 2147 ਸੇਵਾ ਕੇਂਦਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚੋਂ ਵੀ ਕੈਪਟਨ ਸਰਕਾਰ ਨੇ ਆਉਂਦੇ ਸਾਰ 1847 ਸੇਵਾ ਕੇਂਦਰਾਂ ਨੂੰ ਬੰਦ ਕਰਣ ਦਾ ਫੁਰਮਾਨ ਜਾਰੀ ਕਰ ਦਿੱਤਾ ਜੋ ਕਿ ਪੰਜਾਬ ਦੇ ਨੌਜਵਾਨਾਂ ਲਈ ਬਹੁਤ ਹੀ ਮੰਦਭਾਗਾ ਹੈ। ਇਥੋਂ ਤੱਕ ਜਿਹੜੇ ਸੇਵਾ ਕੇਂਦਰ ਪੰਜਾਬ ਵਿੱਚ ਚੱਲ ਰਹੇ ਹਨ ਉਹ ਮੁਲਾਜ਼ਮ ਵੀ 5 ਮਹੀਨੇ ਤੋਂ ਤਨਖਾਹਾਂ ਤੋਂ ਵਾਂਝੇ ਹਨ।ਆਖਿਰ ਇਨ੍ਹਾਂ ਨੌਜਵਾਨਾਂ ਨੂੰ ਰੋਜ਼ਗਾਰ ਤੋਂ ਹਟਾ ਕੇ ਕੈਪਟਨ ਸਰਕਾਰ ਨੂੰ ਕੀ ਹਾਸਲ ਹੋਇਆ ਹੈ।ਪੰਜਾਬ ਸਰਕਾਰ ਆਪਣੀਆਂ ਰਾਜਨੀਤਿਕ ਰੋਟੀਆਂ ਹੀ ਸੇਕਣੀਆਂ ਜਾਣਦੀ ਹੈ। ਪੰਜਾਬ ਨੂੰ ਗ੍ਰਾਂਟ ਜਾਰੀ ਕਰਨ ਲਈ ਪੰਜਾਬ ਸਰਕਾਰ ਕੋਲ ਬਜਟ ਹੁੰਦਾ ਹੈ ਪਰ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੰਜਾਬ ਦਾ ਬਜਟ ਖਾਲੀ ਹੋ ਜਾਂਦਾ ਹੈ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤੋਂ ਹਰ ਮਹਿਕਮੇ ਵਿੱਚ ਸਰਕਾਰ ਵੱਲੋਂ ਖਜਾਨਾ ਖਾਲੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਸੀ ਪਰ ਇਸ ਖਜਾਨੇ ਨੂੰ ਪੂਰਾ ਕਰਨ ਦੇ ਲਈ ਡਰਾਇਵਿੰਗ ਲਾਇਸੰਸ ਦੀਆਂ ਫੀਸਾਂ, ਅਸਲਾਂ ਲਾਇਸੰਸ ਦੀਆਂ ਫੀਸਾਂ ਵਿੱਚ 2 ਜਾਂ 3 ਗੁਣਾ ਵਾਧਾ ਕਰ ਦਿੱਤਾ ਗਿਆ, ਜਿਸ ਦਾ ਸਾਰਾ ਬੋਝ ਆਮ ਜਨਤਾ ’ਤੇ ਹੀ ਪਿਆ ਹੈ।ਜੇਕਰ ਕੈਪਟਨ ਸਰਕਾਰ ਦਾ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਲੋਕ ਬੇਰੁਜ਼ਗਾਰੀ ਕਾਰਨ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਜਾਣਗੇ।
ਇਹ ਪੰਜਾਬ ਦੇ ਲਈ ਬਹੁਤ ਹੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ।ਆਖਿਰ ਸਮੇਂ-ਸਮੇਂ ਦੀਆਂ ਸਰਕਾਰਾਂ ਅਜਿਹਾ ਕਿਉਂ ਕਰਦੀਆਂ ਹਨ।ਚੋਣਾਂ ਤੋਂ ਪਹਿਲਾਂ ਤਾਂ ਜਨਤਾ ਨਾਲ ਬਹੁਤ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਚੋਣਾਂ ਉਪਰੰਤ ਉਨ੍ਹਾਂ ਨੂੰ ਮਿੱਠਾ ਲੋਲੀਪੱਾਪ ਦਿਖਾ ਦਿੱਤਾ ਜਾਂਦਾ ਹੈ ਅਤੇ ਆਮ ਜਨਤਾ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਬੇਸ਼ੱਕ ਪੰਜਾਬ ਸਰਕਾਰ ਵੱਲੋਂ ਵਿਕਾਸ ਅਤੇ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤਾ ਜਾਂਦੇ ਹਨ ਪਰ ਇਹ ਇੱਕ ਚਿੱਟਾ ਹਾਥੀ ਹੀ ਸਾਬਿਤ ਹੋ ਕੇ ਰਹਿ ਗਏ ਹਨ।ਪੰਜਾਬ ਦੇ ਨੌਜਵਾਨ ਵਰਗ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਹਰ ਵਰਗ ਨੂੰ ਬਰਾਬਰ ਸਮਝੇ ਨਾ ਕੀ ਰਾਜਨੀਤਿਕ ਰੋਟੀਆਂ ਸੇਕਣ ਵਾਸਤੇ ਲੋਕਾਂ ਨੂੰ ਗੁੰਮਰਾਹ ਕਰੇ।