ਅਕਾਲੀ ਨੇਤਾ ਗਦਾਰੀ ਨਾ ਕਰਦੇ ਤਾਂ ਸਿੱਖ ਕੌਮ ਦਾ ’84 ਵਾਲਾ ਨੁਕਸਾਨ ਨਾ ਹੁੰਦਾ

image ਅੰਮ੍ਰਿਤਸਰ, 13 ਫਰਵਰੀ (ਪੀ.ਟੀ.ਲਾਈਵ)-ਦਮਦਮੀ ਟਕਸਾਲ ਦੇ ਮੁਖ ਬੁਲਾਰੇ ਅਤੇ ਅਤੇ ਆਮ ਆਦਮੀ ਪਾਰਟੀ ਦੀ ਪ੍ਰਮੁਖ ਸਹਿਯੋਗੀ ਧਿਰ ਯੂਨਾਇਟਿਡ ਸਿੱਖ ਮੂਵਮੈਂਟ ਦੇ ਮੁਖੀ ਭਾਈ ਮੋਹਕਮ ਸਿੰਘ ਨੇ ਆਖਿਆ ਹੈ ਕਿ ਜੇਕਰ ਅਕਾਲੀ ਦਲ ਦੇ ਕੁਝ ਨੇਤਾ ਸਿੱਖ ਧਰਮ ਯੁੱਧ ਮੋਰਚੇ ਨਾਲ ਗਦਾਰੀ ਨਾ ਕਰਦੇ ਤਾਂ ਸਿੱਖ ਕੌਮ ਦਾ 1984 ਵਾਲਾ ਨੁਕਸਾਨ ਕਦੇ ਨਾ ਹੁੰਦਾ। ਸਾਕਾ ਨੀਲਾ ਤਾਰਾ ਬਾਰੇ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੇਤਾਵਾਂ ’ਚ ਚਲ ਰਹੀ ਸਿਆਸੀ ਬਹਿਸ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਤਿੰਨੇ ਧਿਰਾਂ ਸਿੱਖਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਹਨ ਅਤੇ ਹੁਣ ਫੇਰ ਸਿੱਖਾਂ ਦੀਆਂ ਲਾਸ਼ਾਂ ਉੱਪਰ ਰਾਜਨੀਤੀ ਕਰ ਰਹੀਆਂ ਹਨ।ਭਾਈ ਮੋਹਕਮ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ ਸਾਹਮਣੇ ਆਏ ਦਸਤਾਵੇਜੀ ਸਬੂਤਾਂ ਅਤੇ ਬਿਆਨਾਂ ਤੋਂ ਇਹ

ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ ਕਿ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਮੇਤ ਕੁਝ ਚੋਟੀ ਦੇ ਅਕਾਲੀ ਨੇਤਾਵਾਂ ਨੇ ਸਿੱਖ ਧਰਮ ਯੁੱਧ ਮੋਰਚੇ ਨਾਲ ਗਦਾਰੀ ਕਰਕੇ ਸਿੱਖ ਦੁਸ਼ਮਣ ਕਾਂਗਰਸ ਅਤੇ ਭਾਜਪਾ ਦਾ ਸਾਥ ਦਿੱਤਾ ਜਿਸ ਦੇ ਚਲਦਿਆਂ ਹੀ ਸ੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ’ਚ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਉਨ੍ਹਾਂ ਨੇ ਅਕਾਲੀ ਅਤੇ ਕਾਂਗਰਸੀ ਨੇਤਾਵਾਂ ਨੂੰ ਸਲਾਹ ਦਿੱਤੀ ਕਿ ਉਹ ਇਸ ਮੁੱਦੇ ’ਤੇ ਸਿੱਖਾਂ ਦੇ ਜ਼ਖਮ ਹਰੇ ਨਾ ਕਰਨ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਉਸ ਦੌਰ ਦੀਆਂ ਦੋਸ਼ੀ ਧਿਰਾਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਬਾਦਲ ਆਪਸੀ ਬਹਿਸ ’ਚ ਉਲਝਿਆ ਹੋਇਆ ਹੈ ਜਦ ਕਿ ਉਸ ਸਮੇਂ ਦੀ ਪੀੜਤ ਧਿਰ ਦਾ ਕੋਈ ਵਜੂਦ ਤੱਕ ਨਜ਼ਰ ਨਹੀਂ ਆ ਰਿਹਾ।

Send this to a friend