ਚੰਡੀਗੜ੍ਹ, 13 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਵਿਭਾਗ ਦੇ ਕੰਮਾਂ ਦਾ ਜਾਇਜ਼ਾ ਲੈਂਦਿਆ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਸੂਬੇ ਵਿੱਚ ਏ. ਐੱਨ. ਐੱਮ./ ਜੀ. ਐੱਨ. ਐੱਮ. ਦੀਆਂ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦਾ ਸਾਰਾ ਸੰਚਾਲਨ ਕੰਪਿਊਟਰਾਈਜ਼ਡ ਕੀਤਾ ਜਾਵੇ ਅਤੇ ਸਿੱਖਿਆਰਥੀਆਂ ਦੇ ਨਤੀਜੇ ਸਮੇਂ ਸਿਰ ਐਲਾਨੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਪਿਛਲੇ ਸਮੇਂ ਦੌਰਾਨ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਠੇਕੇਦਾਰਾਂ ਵੱਲੋਂ ਟਾਈਲਾਂ ਆਦਿ ਲਗਾਉਣ ਦੇ ਮਾੜੇ ਕਰਵਾਏ ਗਏ ਕੰਮ ਦੀ ਵਿਜੀਲੈਂਸ ਤੋਂ ਜਾਂਚ ਕਰਾਉਣ ਦੇ ਵੀ ਹੁਕਮ ਦਿੱਤੇ।ਸ੍ਰੀ ਜੋਸ਼ੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਵਿਭਾਗੀ ਤਰੱਕੀ ਕਮੇਟੀ (ਡੀ.ਪੀ.ਸੀ.) ਦੀਆਂ ਮੀਟਿੰਗਾਂ ਕਰਕੇ
ਪਦਉਨਤੀਆਂ ਦੇ ਸਾਰੇ ਪੈਂਡਿੰਗ ਕੇਸਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਐਮ.ਬੀ.ਬੀ.ਐਸ. ਦੀਆਂ ਸੀਟਾਂ 150 ਤੋਂ 200 ਕਰਨ ਕਾਰਨ ਸੁਪਰ ਸਪੈਸ਼ਲਿਟੀ ਵਿਭਾਗ ਨੂੰ ਚਲਾਉਣ ਅਤੇ ਮੈਡੀਕਲ ਕਾਲਜਾਂ ਦਾ ਮਿਆਰ ਉੱਚਾ ਚੁੱਕਣ ਲਈ ਮਰੀਜ਼ਾਂ ਨੂੰ ਨਵੀਂ ਤਕਨਾਲੋਜੀ ਮੁਤਾਬਕ ਸਿਹਤ ਸ਼ਹੂਲਤਾਂ ਉਪਲਬਧ ਕਰਵਾਉਣ ਲਈ ਅਤੇ ਮੈਡੀਕਲ ਕੌਂਸਲ ਆਫ ਇੰਡੀਆ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਨਵੀਆਂ ਸੁਪਰ ਸਪੈਸ਼ਲਿਸਟ ਵਿਭਾਗਾਂ ਦੀ ਸਥਾਪਨਾ ਅਤੇ ਇਨ੍ਹਾਂ ਵਿਭਾਗਾਂ ਵਿੱਚ ਨਵੀਆਂ ਆਸਾਮੀਆਂ ਦੀ ਰਚਨਾ ਕੀਤੀ ਗਈ ਹੈ। ਉਨ੍ਹਾਂ ਨਵੀਆਂ ਆਸਾਮੀਆਂ ਲਈ ਨਿਯਮਾਂ ਵਿੱਚ ਇਕਸਾਰਤਾ ਲਿਆਉਣ ਲਈ ਪੀ.ਐਮ.ਈ.ਐਸ. ਨਿਯਮ ਬਣਾਉਣ ਦੀ ਮਨਜ਼ੂਰੀ ਦਿੰਦਿਆਂ ਹੁਕਮ ਕੀਤੇ ਹਨ ਕਿ ਜਦੋਂ ਤੱਕ ਨਵੇਂ ਨਿਯਮ ਤੈਅ ਨਹੀਂ ਹੁੰਦੇ 31 ਦਸੰਬਰ 2014 ਤੱਕ ਖਾਲੀ ਹੋਣ ਵਾਲੀਆਂ ਆਸਾਮੀਆਂ ਨੂੰ ਡੀ.ਪੀ.ਸੀ. ਦੇ ਮੌਜੂਦਾ ਨਿਯਮਾਂ ਰਾਹੀਂ ਹੀ ਪਦਉਨਤੀ ਲਈ ਵਿਚਾਰਿਆ ਜਾਵੇ।
ਸ੍ਰੀ ਜੋਸ਼ੀ ਨੇ ਮੈਡੀਕਲ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਦੇ ਰਾਸ਼ਟਰ ਨੂੰ ਸਮਰਪਿਤ ਜੀਵਨ ਤੋਂ ਪ੍ਰੇਰਿਤ ਹੋ ਕੇ ਸਮਾਜ ਵਿੱਚ ਨਸ਼ਾਖੋਰੀ, ਭਰੂਣ ਹੱਤਿਆ ਆਦਿ ਦੀਆਂ ਕੁਰੀਤੀਆਂ ਨੂੰ ਖਤਮ ਕਰਨ ਲਈ ਇੱਕ ਨਰੋਆ ਅਤੇ ਵਿਕਸਤ ਸਮਾਜ ਸਿਰਜਣ ਦੀ ਅਪੀਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਕਿ ਸਾਰੀਆਂ ਮੈਡੀਕਲ ਸਿੱਖਿਆ ਸੰਸਥਾਵਾਂ ਸੰਸਥਾ ਦੇ ਨੇੜੇ ਇੱਕ ਪਿੰਡ ਨੂੰ ਅਪਣਾ ਕੇ ਉਥੇ ਸਿਹਤ ਸਹੂਲਤਾਂ ਅਤੇ ਸਿਹਤ ਸਿੱਖਿਆ ਮੁਹੱਈਆ ਕਰਵਾਉਣ ਅਤੇ ਚਰਿੱਤਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਜਿਸ ਨਾਲ ਇੱਕ ਸੁਨਹਿਰੀ ਭਵਿੱਖ ਬਣੇ।