ਅਜ ਕੋਈ ਘਰ ਅਜਿਹਾ ਨਹੀਂ ਹੈ ਜਿਥੇ ਟੈਲੀਵਿਜ਼ਨ ਨਾ ਹੋਵੇ। ਆਧੁਨਿਕਤਾ ਦੇ ਇਸ ਦੌਰ ਵਿਚ ਹਰ ਕੋਈ ਟੈਲੀਵਿਜ਼ਨ ਨਾਲ ਜੁੜਿਆ ਹੋਇਆ ਹੈ। ਕੁਝ ਇਕ ਚੈਨਲਾਂ ਨੂੰ ਛਡ ਕੇ ਬਾਕੀ ਬਹੁਤਾਤ ਅਜਿਹੇ ਚੈਨਲਾਂ ਦੀ ਹੈ ਜੋ ਹਕੀਕੀ, ਅਸਲ ਤੇ ਸਚਾਈ ਭਰੀ ਜ਼ਿੰਦਗੀ ਤੇ ਜੀਵਨ – ਸ਼ੈਲੀ ਤੋਂ ਦੂਰ ਦੇ ਪ੍ਰੋਗਰਾਮ ਦਿਖਾਉਂਦੇ ਹਨ। ਬਹੁਤਿਆਂ ਟੀ .ਵੀ. ਪ੍ਰੋਗਰਾਮਾਂ ਵਿਚ ਦਿਖਾਇਆ ਜਾਂਦਾ ਹੈ ਕਿ ਬਹੁਤੇ ਲੜਕੇ – ਲੜਕੀਆਂ ਪ੍ਰੇਮ – ਵਿਆਹ ਕਰਵਾਕੇ ਬਾਅਦ ਵਿਚ ਖ਼ੁਸ਼ੀ – ਖ਼ੁਸ਼ੀ ਜੀਵਨ ਬਸਰ ਕਰ ਸਕਦੇ ਹਨ ਤੇ ਉਨ੍ਹਾਂ ਦੇ ਮਾਪੇ ਵੀ ਪ੍ਰੇਮ – ਵਿਆਹ ਤੋਂ ਬਾਅਦ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਨਾਲ ਸਹਿਮਤ ਹੋ ਜਾਂਦੇ ਹਨ , ਪਰ ਜ਼ਿੰਦਗੀ ਦੀ ਸਚਾਈ ਕਈ ਵਾਰ ਕੁਝ ਹੋਰ ਹੀ ਹੁੰਦੀ ਹੈ। ਟੈਲੀਵਿਜ਼ਨ ਵਿਚ ਬਹੁਤੀ ਮਾਤਰਾ ਵਿਚ ਦਿਖਾਇਆ ਜਾਂਦਾ ਹੈ ਕਿ ਮਰਦਾਂ ਤੇ ਔਰਤਾਂ ਨੇ ਅਤਿ ਮਹਿੰਗੇ ਕਪੜੇ, ਗਹਿਣੇ ,ਬੂਟ – ਸੂਟ ਆਦਿ ਪਾਏ ਹੁੰਦੇ ਹਨ, ਉਨ੍ਹਾਂ ਕੋਲ ਵਡੀਆਂ – ਵਡੀਆਂ ਕੋਠੀਆਂ ਤੇ ਮਹਿੰਗੀਆਂ – ਮਹਿੰਗੀਆਂ ਕਾਰਾਂ ,ਨੌਕਰ – ਚਾਕਰ, ਮਹਿਲਾਂ ਵਰਗੇ ਘਰ, ਮਹਿੰਗੇ ਮੋਬਾਈਲ ਫੋਨ ਤੇ ਅਨੇਕਾਂ ਐਸ਼ੋ- ਆਰਾਮ ਦੇ ਸੁਖ ਸਾਧਨ ਹਨ, ਪਰ ਇਹ ਬਹੁਤ ਘਟ ਜਾਂ ਦਿਖਾਇਆ ਹੀ ਨਹੀਂ ਹੁੰਦਾ ਕਿ ਉਹ ਕੀ ਕੰਮ ਕਾਰ ਕਰਦੇ ਹਨ। ਇਹ ਸਭ ਐਸ਼ੋ – ਇਸ਼ਰਤ ਤੇ ਸੁਖ – ਸਹੂਲਤਾਂ ਉਨ੍ਹਾਂ ਨੂੰ ਕਿਵੇਂ ਕੜੀ ਮਿਹਨਤ ਕਰਕੇ ਪ੍ਰਾਪਤ ਹੋਏ ਹਨ। ਬੰਦੇ ਦੀ ਅਤੇ ਉਸ ਦੇ ਵਡੇ ਵਡੇਰਿਆਂ ਦੀ ਮਿਹਨਤ,ਬਚਤ ,ਘਾਲੀ ਹੋਈ ਘਾਲਣਾ, ਸਿਦਕ ,ਸਿਰੜ ਅਤੇ ਹੌਸਲੇ ਦੀ ਗਲ ਇਨ੍ਹਾਂ ਟੈਲੀਵਿਜ਼ਨ ਸੀਰੀਅਲਾਂ ਵਿਚ ਨਾਂ ਮਾਤਰ ਹੀ ਹੁੰਦੀ ਹੈ ,ਬਲਕਿ ਤਾਂ ਹੁੰਦੀ ਹੀ ਨਹੀਂ। ਵਧੇਰੇ ਟੈਲੀਵਿਜ਼ਨ ਪ੍ਰੋਗਰਾਮਾਂ ਵਿਚ ਜ਼ਿਆਦਾ ਸਮੇਂ ਤਕ ਲੜਕਾ – ਲੜਕੀ ਜਾਂ ਪਤੀ – ਪਤਨੀ ਦੀ ਕਹਾਣੀ ਜਾਂ ਗਲਬਾਤ ਹੀ ਦਰਸਾਈ ਜਾਂਦੀ ਹੈ ਤੇ ਉਹ ਵੀ ਵਾਰ – ਵਾਰ। ਇਨ੍ਹਾਂ ਵਿਚ ਮਾਤਾ -ਪਿਤਾ, ਪਿਤਾ- ਪੁਤਰ, ਪਿਓ- ਧੀ, ਮਾਤਾ – ਪੁਤਰ ,ਭੈਣ – ਭਰਾ, ਭਰਾ – ਭਰਾ ਜਾਂ ਗੁਆਂਢੀਆਂ ਨਾਲ ਚੰਗੇ ਰਿਸ਼ਤੇ ਸਬੰਧੀ ਪ੍ਰੋਗਰਾਮਾਂ ਵਿਚ ਥਾਂ ਬਹੁਤ ਹੀ ਘਟ ਜਾਂ ਕਹਿ ਲਈਏ ਕਿ ਤਾਂ ਦਿਤੀ ਹੀ ਨਹੀਂ ਜਾਂਦੀ। ਪਤੀ – ਪਤਨੀ ਤੋਂ ਇਲਾਵਾ ਹੋਰ ਰਿਸ਼ਤਿਆਂ ਜਿਵੇਂ : ਮਾਮੇ ,ਮਾਸੀਆਂ, ਨਾਨਕੇ, ਦਾਦਕੇ ,ਭੂਆ ,ਫੁਫੜ ,ਚਾਚਾ ,ਚਾਚੀ,ਤਾਇਆ, ਤਾਈ ਆਦਿ ਬਾਰੇ ਵੀ ਪ੍ਰੋਗਰਾਮ ਦੇਣੇ ਚਾਹੀਦੇ ਹਨ।
ਚੰਗਾ ਹੋਵੇਗਾ ਜੇ ਅਧਿਆਪਕ ਤੇ ਵਿਦਿਆਰਥੀ (ਗੁਰੂ – ਚੇਲੇ )ਦੇ ਪਵਿਤਰ ਰਿਸ਼ਤੇ ਬਾਰੇ ਟੈਲੀਵਿਜ਼ਨ ਪ੍ਰੋਗਰਾਮ ਪ੍ਰਸਾਰਿਤ ਹੋਣ ਲਗ ਜਾਣ। ਬਹੁਤਿਆਂ ਪ੍ਰੋਗਰਾਮਾਂ ਤੇ ਦਿਖਾਇਆ ਜਾਂਦਾ ਵਿਸ਼ਾ – ਵਸਤੂ ਜਾਂ ਕਹਾਣੀ ਮਨਘੜੰਤ, ਕਾਲਪਨਿਕ ਜਾਂ ਹਕੀਕਤ ਤੋਂ ਦੂਰ ਹੀ ਹੁੰਦੀ ਹੈ। ਜਿਸ ਦਾ ਸਮਾਜ ਅਤੇ ਨਵੀਂ ਪਨੀਰੀ ਤੇ ਠੀਕ ਪ੍ਰਭਾਵ ਦੀ ਤਾਂ ਗਲਤ ਪ੍ਰਭਾਵ ਪੈ ਸਕਦਾ ਹੈ। ਕ?ੀ ਨਾਟਕਾਂ ,ਪ੍ਰੋਗਰਾਮਾਂ ਆਦਿ ਵਿਚ ਭੂਤਾਂ – ਪ੍ਰੇਤਾਂ ,ਰਾਖਸ਼ਾਂ, ਇਛਾਧਾਰੀ ਸਪ ,ਰੂਪ ਬਦਲਦੇ ਪਾਤਰਾਂ ਆਦਿ ਦੀਆਂ ਮਨ ਘੜੰਤ ਗਪਾਂ ,ਗਲਾਂ ਆਦਿ ਨਾਲ ਸਮਾਜ ਵਿਚ ਅੰਧ – ਵਿਸ਼ਵਾਸ ਨੂੰ ਵੀ ਤਵਜੋ ਦਿਤੀ ਜਾਂਦੀ ਹੈ। ਹਕੀਕਤ ਤੋਂ ਦੂਰ ਟੀ.ਵੀ .ਪ੍ਰੋਗਰਾਮ ਕਦੇ ਵੀ ਸਮਾਜ ਨੂੰ ਸਹੀ ਸੇਧ ਨਹੀਂ ਦੇ ਸਕਦੇ ,ਹਾਂ ਜੋ ਹਕੀਕਤ ਤੇ ਜ਼ਿੰਦਗੀ ਦੀ ਅਸਲ ਤਸਵੀਰ ਦਰਸ਼ਕਾਂ ਅਗੇ ਰਖਦੇ ਹਨ ਉਹ ਵਧਾਈ ਦੇ ਪਾਤਰ ਵੀ ਹਨ। ਜਿਥੇ ਬਹੁਤੇ ਟੀ.ਵੀ. ਪ੍ਰੋਗਰਾਮਾਂ ਵਿਚ ਮਹਿੰਗੀਆਂ ਕਾਰਾਂ, ਗਹਿਣੇ -ਗਠੇ, ਸੁਖ – ਸਹੂਲਤਾਂ ਦਿਖਾਈਆਂ ਜਾਂਦੀਆਂ ਹਨ, ਉਥੇ ਇਹ ਵੀ ਦਿਖਾਉਣਾ ਜ਼ਰੂਰੀ ਬਣਦਾ ਹੈ ਕਿ ਟੀ .ਵੀ. ਪ੍ਰੋਗਰਾਮਾਂ ਦੇ ਇਨ੍ਹਾਂ ਕਾਲਪਨਿਕ( ਨਾਟਕੀ) ਪਾਤਰਾਂ ਕੋਲ ਇਹ ਸੁਖ ਸਾਧਨ ਕਿਵੇਂ ਸਖਤ ਮਿਹਨਤ ਅਤੇ ਦਿਨ – ਰਾਤ ਘਾਲਣਾ ਘਾਲ ਕੇ ਪ੍ਰਾਪਤ ਹੋਏ ਹਨ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਅਸਲ ਜੀਵਨ ਸ਼ੈਲੀ ਦੇ ਨਜ਼ਦੀਕ ਦਰਸਾਏ ਜਾਂਦੇ ਟੈਲੀਵਿਜ਼ਨ ਪ੍ਰੋਗਰਾਮ ਬਚਿਆਂ ਨੂੰ ਦੇਖਣ ਲਈ ਪ੍ਰੇਰਿਤ ਕਰਨ। ਟੈਲੀਵਿਜ਼ਨ ਸਾਡੇ ਸਮਾਜ ਦਾ ਬਹੁਤ ਵਡਾ ਦਰਪਣ ਹੈ ਅਤੇ ਪ੍ਰਭਾਵੀ ਸੰਚਾਰ ਦਾ ਸਾਧਨ ਹੈ। ਜੇਕਰ ਇਸ ਵਿਚ ਦਿਖਾਏ ਜਾਂਦੇ ਪ੍ਰੋਗਰਾਮ ਜਾਂ ਸੀਰੀਅਲ ਆਦਿ ਜ਼ਮੀਨੀ ਹਕੀਕਤ ,ਸਚਾਈ ਤੇ ਸਮੁਚੇ ਰਿਸ਼ਤਿਆਂ- ਸਬੰਧਾਂ ਤੇ ਆਧਾਰਿਤ ਹੋ ਕੇ ਹੋਰ ਵਧੇਰੇ ਸੁਚਜੇ ਢੰਗ ਨਾਲ ਪੇਸ਼ ਕੀਤੇ ਜਾਣ ਤਾਂ ਸਾਡੇ ਸਮਾਜ ਵਿਚੋਂ ਕਈ ਕੁਰੀਤੀਆਂ ਵੀ ਸੁਤੇ – ਸਿਧ ਹੀ ਦੂਰ ਹੋ ਸਕਦੀਆਂ ਹਨ ਅਤੇ ਟੈਲੀਵਿਜ਼ਨ ਨਰੋਏ ਸਮਾਜ ਦੇ ਨਿਰਮਾਣ ਵਿਚ ਹੋਰ ਵੀ ਵਧੇਰੇ ਸੁਚਾਰੂ ਅਤੇ ਉਸਾਰੂ ਯੋਗਦਾਨ ਪਾ ਸਕਦਾ ਹੈ। ਪਰ ਹਕੀਕਤ ਤੋਂ ਦੂਰ ,ਸਚਾਈ ਅਤੇ ਸਮੁਚੇ ਰਿਸ਼ਤਿਆਂ ਦੀਆਂ ਤੰਦਾਂ ਤੋਂ ਦੂਰ, ਮਿਹਨਤ, ਸਿਦਕ ,ਸਿਰੜ ਆਦਿ ਤੋਂ ਦੂਰ ਅਤੇ ਕੇਵਲ ਕਾਲਪਨਿਕ ਤੇ ਅੰਧ – ਵਿਸ਼ਵਾਸ ਭਰੇ ਪ੍ਰੋਗਰਾਮ ਸ਼ਾਇਦ ਕਦੇ ਵੀ ਸਹੀ ਸੇਧ ਨਾ ਦੇ ਸਕਣ।