ਜਥੇਦਾਰਾਂ ਨੇ 5 ਨੂੰ ਜਲੰਧਰ ਵਿਖੇ ਸੱਦੀ ਜਥੇਬੰਦੀਆਂ ਦੀ ਮੀਟਿੰਗ

ਤਲਵੰਡੀ ਸਾਬੋ, 3 ਅਪ੍ਰੈਲ (ਰਾਮ ਰੇਸ਼ਮ ਨਥੇਹਾ)- ਸਿੱਖ ਪੰਥ ਦੇ ਬਹੁਤ ਸਾਰੇ ਮਸਲੇ ਪੇਚੀਦਾ ਹੁੰਦੇ ਜਾ ਰਹੇ ਹਨ ਜਿਨਾਂ ਦਾ ਹੱਲ ਬਹੁਤ ਜਰੂਰੀ ਹੈ। ਇਨਾਂ ਮਸਲਿਆਂ ਤੇ ਪੰਥ ਦੀ ਸਾਂਝੀ ਰਾਇ ਬਣਾਉਣ ਲਈ ਕੌਮੀ ਦਰਦ ਰੱਖਣ ਵਾਲੀਆਂ ਸਿੱਖ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ ਅਤੇ ਪ੍ਰਚਾਰਕਾਂ ਦੀ ਇੱਕ ਅਹਿਮ ਮੀਟਿੰਗ 5 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਗੁ:ਗੁਰੂੁ ਤੇਗ ਬਹਾਦੁਰ ਸਾਹਿਬ,ਗੁਰੁੂ ਤੇਗ ਬਹਾਦੁਰ ਨਗਰ ਜਲੰਧਰ ਵਿਖੇ ਬੁਲਾਈ ਗਈ ਹੈ। ਉਕਤ ਜਾਣਕਾਰੀ ਸਰਬੱਤ ਖਾਲਸਾ ਵੱਲੋਂ ਥਾਪੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਨੇ ਇੱਥੋਂ ਜਾਰੀ ਪ੍ਰੈਸ ਬਿਆਨ ਰਾਂਹੀ ਦਿੱਤੀ। ਪ੍ਰੈਸ ਬਿਆਨ ਵਿੱਚ ਜਥੇ:ਦਾਦੂਵਾਲ ਨੇ ਕਿਹਾ ਕਿ ਉਕਤ ਪੰਥਕ ਮਸਲਿਆਂ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ),ਸੰਯੁਕਤ ਅਕਾਲੀ ਦਲ, ਦਲ ਖਾਲਸਾ,ਸੁਤੰਤਰ ਅਕਾਲੀ ਦਲ, ਅਕਾਲੀ ਦਲ (1920), ਅਕਾਲੀ ਦਲ ਦਿੱਲੀ, ਜਨਤਾ ਅਕਾਲੀ ਦਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ,ਸਦਭਾਵਨਾ ਦਲ,ਸ਼੍ਰੋਮਣੀ ਕਮੇਟੀ ਮੈਂਬਰ ਫਰੰਟ,ਸੰਤ ਮਹਾਂਪੁਰਸ਼ਾਂ ਅਤੇ ਪ੍ਰਚਾਰਕਾਂ ਨੂੰ ਸੁਨੇਹੇ ਲਾ ਦਿੱਤੇ ਗਏ ਹਨ।ਉਨਾਂ ਕਿਹਾ ਕਿ ਮੀਟਿੰਗ ਵਿੱਚ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਥਾਂ ਥਾਂ ਪੰਥ ਦੋਖੀਆਂ ਵੱਲੋ ਕੀਤੀ ਗਈ ਬੇਅਦਬੀ ਦੇ ਦੋਸ਼ੀਆਂ ਸਮੇਤ ਬਰਗਾੜੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜਾ ਦੁਆਉਣ,ਭਾਰਤ ਦੀਆਂ ਜੇਲ੍ਹਾਂ ਵਿੱਚ ਸਜਾਵਾਂ ਪੂਰੀਆਂ ਕਰ ਚੁੱਕਣ ਦੇ ਬਾਵਜੂਦ ਬੰਦੀ ਸਿੰਘਾਂ ਦੀ ਰਿਹਾਈ,ਨਾਨਕ ਸ਼ਾਹ ਫਕੀਰ ਫਿਲਮ ਦਾ ਮਸਲਾ ਆਦਿ ਪੰਥਕ ਮੁੱਦੇ ਅਤੇ ਹੋਰ ਧਾਰਮਿਕ ਮਸਲੇ ਸਮੇਂ ਅਨੁਸਾਰ ਵਿਚਾਰੇ ਜਾਣਗੇ।ਜਥੇ:ਦਾਦੂਵਾਲ੍ਹ ਨੇ ਇਸ ਮੌਕੇ ਸਰਬੱਤ ਖਾਲਸਾ ਦੇ ਸਮੁੱਚੇ ਜਥੇਦਾਰ ਸਾਹਿਬਾਨ ਵੱਲੋਂ ਸਿੱਖ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਦੇ ਆਗੂਆਂ ਨੂੰ ਸਾਰੇ ਰੁਝੇਵੇਂ ਰੱਦ ਕਰਕੇ ਉਕਤ ਅਹਿਮ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

Send this to a friend