ਬੋਹਾ, 1 ਅਪ੍ਰੈਲ (ਸੰਤੋਖ ਸਾਗਰ)- ਸਥਾਨਕ ਬਾਗ ਵਿਹੜਾ ਧਰਮਸ਼ਾਲਾ ਵਿਖੇ ਐਸ.ਸੀ/ਬੀ.ਸੀ ਭਾਈਚਾਰੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ।ਇਸ ਮੌਕੇ ਨਗਰ ਪੰਚਾਇਤ ਬੋਹਾ ਦੇ ਮੈਂਬਰ ਜੀਤਾ ਰਾਮ ਲਾਲਕਾ,ਸਮਾਜ ਸੇਵੀ ਹਰਪਾਲ ਸਿੰਘ ਪੰਮੀ ਨੇ ਇਸ ਮੀਟਿੰਗ ਵਿੱਚ ਹਾਜਰ ਹੋਏ ਬੋਹਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਰੀਬ ਦੇ ਹੱਕਾਂ ਲਈ ਬਣੇ ਕਨੂੰਨ ਐਸ.ਸੀ/ਐਸ.ਟੀ ਨੂੰ ਤੋੜ ਮਰੋੜਕੇ ਜਨਰਲ ਵਿਅਕਤੀਆਂ ਦੇ ਹੱਕ ਵਿੱਚ ਕਰਨ ਦੀ ਸਾਡੇ ਵੱਲੋਂ ਪੁਰਜੋਰ ਨਿਖੇਦੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਭਾਰਤ ਦੇ ਗਰੀਬ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਵਿੱਚ ਇਹੋ ਇੱਕੋ ਇੱਕ ਕਨੂੰਨ ਸੀ ਜੋ ਐਸ.ਸੀ/ਬੀ.ਸੀ ਅਤੇ ਪੱਛੜੇ ਵਰਗ ਦੇ ਲੋਕਾਂ ਨੂੰ ਇੰਨਸਾਫ ਦਵਾ ਸਕਦਾ ਸੀ ਪਰ ਭਾਰਤ ਸਰਕਾਰ ਨੇ ਗਰੀਬ ਨੂੰ ਮਾਰਨ,ਲਿਤਾੜਨ,ਕੁੱਟਣ ਅਤੇ ਲੁੱਟਣ ਦੀ ਮਾੜੀ ਅਤੇ ਸੋਚੀ ਸਮਝੀ ਕੋਝੀ ਨੀਤੀ ਕਾਰਨ ਭਾਰਤੀ ਸੰਵਿਧਾਨ ਨਾਲ ਛੇੜ ਛਾੜ ਕੀਤੀ ਹੈ ਅਤੇ ਗਰੀਬ ਦੇ ਹੱਕਾਂ ਲਈ ਬਣੇ ਕਨੂੰਨ ਇਹਨਾਂ ਅਮੀਰ ਤੇ ਉਚ ਵਰਗ ਦੇ ਧਿਨਾਂਡਾ ਹੱਕ ਵਿੱਚ ਕਰਨ ਦੀ ਕੋਸ਼ਿਸ ਕੀਤੀ ਗਈ ਹੈ।ਉਹਨਾਂ ਕਿਹਾ ਇਸਦੇ ਰੋਸ ਵਜੋਂ ਅਮਨ ਸ਼ਾਂਤੀ ਨਾਲ 2 ਅਪ੍ਰੈਲ ਨੂੰ ਜਿਲਾ ਪੱਧਰ ਤੇ ਮੁਜਾਹਰੇ ਕੀਤੇ ਜਾਣਗੇ।ਉਹਨਾਂ ਕਿਹਾ ਕਿ ਅੱਜ ਦੇ ਗਰੀਬ ਮਾਰੂ ਭਾਰਤੀ ਸ਼ਾਸ਼ਨ ਨੇ ਡਾ. ਭੀਮ ਰਾਓ ਅੰਬੇਦਕਰ ਸਾਹਿਬ ਵੱਲੋਂ ਲਿਖੇ ਸੰਵਿਧਾਨ ਵਿੱਚ ਨਿੱਤ ਹੀ ਅਮੀਰ ਵਰਗ ਦੇ ਹੱਕਾਂ ਵਿੱਚ ਛੇੜਛਾੜ ਕੀਤੀ ਜਾਂਦੀ ਹੈ ਅਤੇ ਗਰੀਬ ਮਾਰੂ ਮਾੜੀ ਸੋਚ ਕਾਰਨ ਧੱਕੇ ਨਾਲ ਐਸ.ਸੀ/ਐਸ.ਟੀ ਨੂੰ ਤੋੜਨ ਦੀ ਕੋਸ਼ਿਸ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਐਸ.ਸੀ/ਬੀ.ਸੀ ਅਤੇ ਪੱਛੜੇ ਵਰਗ ਦੇ ਖਿਲਾਫ ਸੰਵਿਧਾਨ ਵਿੱਚ ਕੀਤੀ ਘਟੀਆਂ ਸੋਧ ਨੂੰ ਤੁਰੰਤ ਵਾਪਿਸ ਨਾ ਲਿਆ ਤਾਂ ਸਮੁੱਚੇ ਭਾਰਤ ਵਿੱਚ ਐਸ.ਸੀ/ਬੀ.ਸੀ ਅਤੇ ਪੱਛੜੇ ਵਰਗ ਵੱਲੋਂ ਵੱਡੇ ਅਤੇ ਤਿੱਖੇ ਮੁਜਾਹਰੇ ਕੀਤੇ ਜਾਣਗੇ।ਇਸ ਮੌਕੇ ਅਪਨਾ ਪੰਜਾਬ ਪਾਰਟੀ ਆਗੂ ਕਿਰਪਾਲ ਸਿੰਘ ਬੋਹਾ,ਗੁਰਦੀਪ ਸਿੰਘ ਹੀਰਾ,ਸੀ.ਪੀ.ਐਮ.ਐਲ ਲਿਬਰੇਸ਼ਨ ਪਾਰਟੀ ਆਗੂ ਕਾਮਰੇਡ ਜੀਤ ਸਿੰਘ ਬੋਹਾ ਅਤੇ ਕਾਮਰੇਡ ਸੁਖਵਿੰਦਰ ਸਿੰਘ ਬੋਹਾ,ਸਾਬਕਾ ਸਰਪੰਚ ਬੋਹਾ ਭੋਲਾ ਸਿੰਘ ਨਰਸੋਤ,ਸਾਬਕਾ ਪੰਚ ਸਿੰਗਾਰਾ ਸਿੰਘ, ਮਿੱਠੂ ਸਿੰਘ ਖਾਲਸਾ, ਆਦਿ ਨੇ ਭਰਵੇਂ ਇੱਕਠ ਨੂੰ ਸੰਬੋਧਨ ਕੀਤਾ।