ਸਥਾਨਕ ਸਰਕਾਰਾਂ ਵਿਭਾਗ ਵੱਲੋਂ ਚਾਰ ਅਧਿਕਾਰੀ ਮੁਅਤਲ-ਚਾਰਾਂ ਸਣੇ ਪੰਜ ਨੂੰ ਚਾਰਜਸ਼ੀਟ ਜਾਰੀ

ਚੰਡੀਗੜ੍ਹ, 30 ਮਾਰਚ- ਬਰਨਾਲਾ ਵਿਖੇ ਮਹਾਰਾਜਾ ਅਗਰਸੈਨ ਇਨਕਲੇਵ ਚ ਫ਼ਲੈਟਾਂ ਦੀ ਉਸਾਰੀ ਚ ਗੰਭੀਰ ਵਿਤੀ ਊਣਤਾਈਆਂ ਦਾ ਮਾਮਲੇ ਉਤੇ ਸਖ਼ਤ ਕਾਰਵਾਈ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਚਾਰ ਅਧਿਕਾਰੀਆਂ ਨੂੰ ਮੁਅਤਲ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਕਤ ਚਾਰ ਅਧਿਕਾਰੀਆਂ ਸਣੇ ਪੰਜ ਨੂੰ ਚਾਰਜਸ਼ੀਟ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰੀ ਬੁਲਾਰੇ ਵਲੋਂ ਦਿਤੀ ਜਾਣਕਾਰੀ ਅਨੁਸਾਰ ਬਰਨਾਲਾ ਸ਼ਹਿਰ ਦੇ ਨਿਵਾਸੀਆਂ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਨਗਰ ਸੁਧਾਰ ਟਰਸਟ ਬਰਨਾਲਾ ਵਲੋਂ ਸ਼ਹਿਰ ਵਿਖੇ ਬਣਾਈ ਮਹਾਰਾਜਾ ਅਗਰਸੈਨ ਇਨਕਲੇਵ ਸਕੀਮ ਦੇ ਬਲਾਕ ਬੀ ਦੇ ਐਲ.ਆਈ.ਜੀ. ਫ਼ਲੈਟਾਂ ਦੀ ਉਸਾਰੀ ਵਿਚ ਘਪਲੇਬਾਜ਼ੀ ਕੀਤੀ ਗਈ ਹਨ। ਵਿਭਾਗ ਵਲੋਂ ਕਰਵਾਈ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਬੇਨਿਯਮੀਆਂ ਪਾਈਆਂ ਗਈਆਂ ਜਿਸ ਕਰਕੇ ਸਰਕਾਰ ਨੂੰ ਵਿਤੀ ਨੁਕਸਾਨ ਵੀ ਹੋਇਆ। ਜਾਂਚ ਵਿਚ ਪਾਇਆ ਗਿਆ ਕਿ ਜਿਹੜਾ ਕੰਮ ਨਹੀਂ ਹੋਇਆਂ, ਉਸ ਦਾ ਵੀ ਭੁਗਤਾਨ ਕੀਤਾ ਗਿਆ ਹੈ। ਸ਼ਿਕਾਇਤਕਰਤਾ ਵਲੋਂ ਸ਼ਿਕਾਇਤ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਬੇਨਿਯਮੀਆਂ ਲੁਕਾਉਣ ਲਈ ਭੁਗਤਾਨ ਰੋਕ ਕੇ ਬਿਲ ਐਡਜੈਸਟ ਕੀਤੇ ਗਏ। ਸਮਾਂ ਰਹਿੰਦੇ ਫ਼ਲੈਟਾਂ ਦਾ ਕਬਜ਼ਾ ਨਾ ਦੇ ਕੇ ਆਰਥਿਕ ਨੁਕਸਾਨ ਝਲਣਾ ਪਿਆ। ਕੰਮ ਦੀ ਕੁਆਲਟੀ ਮਾੜੀ ਸੀ ਅਤੇ ਕੋਈ ਕੁਆਲਟੀ ਕੰਟਰੋਲ ਦਾ ਪ੍ਰਬੰਧ ਨਹੀਂ ਕੀਤਾ ਗਿਆ। ਬੁਲਾਰੇ ਨੇ ਦਸਿਆ ਕਿ ਉਕਤ ਮਾਮਲਿਆਂ ਨੂੰ ਗੰਭੀਰ ਸਮਝਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਇਸ ਉਤੇ ਸਖ਼ਤ ਕਾਰਵਾਈ ਕਰਦਿਆਂ ਸਹਾਇਕ ਟਰਸਟ ਇੰਜਨੀਅਰ ਬਲਜੀਤ ਸਿੰਘ, ਟਰਸਟ ਇੰਜਨੀਅਰ ਸਤਭੂਸ਼ਣ ਸਚਦੇਵਾ, ਕਾਰਜ ਸਾਧਕ ਅਧਿਕਾਰੀ ਜਤਿੰਦਰ ਸਿੰਘ ਅਤੇ ਕਾਰਜ ਸਾਧਕ ਅਧਿਕਾਰੀ ਜੀਵਨ ਬਾਂਸਲ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰਨ ਦੇ ਹੁਕਮ ਕੀਤੇ ਗਏ। ਇਸ ਤੋਂ ਇਲਾਵਾ ਉਕਤ ਚਾਰ ਅਧਿਕਾਰੀਆਂ ਅਤੇ ਜੂਨੀਅਰ ਇੰਜਨੀਅਰ ਰਾਮ ਸਿੰਘ ਨੂੰ ਧਾਰਾ (8) ਤਹਿਤ ਚਾਰਜਸ਼ੀਟ ਜਾਰੀ ਕਰਨ ਦੇ ਆਦੇਸ਼ ਦਿਤੇ ਹਨ।ਸ. ਨਵਜੋਤ ਸਿੰਘ ਸਿਧੂ ਨੇ ਕਿਹਾ ਕਿ ਵਿਭਾਗ ਦੇ ਕੰਮ ਕਾਜ ਵਿਚ ਭ੍ਰਿਸ਼ਟਾਚਾਰ ਨੂੰ ਕਿਸੇ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Send this to a friend