ਤਲਵੰਡੀ ਸਾਬੋ, 30 ਮਾਰਚ (ਰਾਮ ਰੇਸ਼ਮ ਨਥੇਹਾ)- ਨਾਨਕ ਸ਼ਾਹ ਫਕੀਰ ਫਿਲਮ ਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਕ ਲਾਉਣ ਦੀਆਂ ਖਬਰਾਂ ਮਿਲ ਰਹੀਆਂ ਹਨ ਪ੍ਰੰਤੂ ਫਿਰ ਵੀ ਫਿਲਮ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਅਜੇ ਠੰਢਾ ਪੈਂਦਾ ਦਿਖਾਈ ਨਹੀਂ ਦੇ ਰਿਹਾ। ਅੱਜ ਇੱਥੇ ਪੱਤਰਕਾਰ ਵਾਰਤਾ ਦੌਰਾਨ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀ ਕਰਨ ਵਾਲੇ ਸਿੱਖ ਕਿਰਦਾਰਾਂ ਤੇ ਬਨਣ ਵਾਲੀਆਂ ਸੂਬੇਦਾਰ ਜੋਗਿੰਦਰ ਸਿੰਘ ਵਰਗੀਆਂ ਫਿਲਮਾਂ ਦਾ ਕੌਮ ਸਵਾਗਤ ਕਰਦੀ ਹੈ ਪਰ ਨਾਨਕ ਸ਼ਾਹ ਫਕੀਰ ਵਰਗੀ ਫਿਲਮ ਕਿਸੇ ਹਾਲਤ ਵਿੱਚ ਵੀ ਬਰਦਾਸ਼ਤ ਨਹੀ ਕੀਤੀ ਜਾ ਸਕਦੀ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਨਾਨਕ ਸ਼ਾਹ ਫਕੀਰ ਦੇ ਪ੍ਰਿੰਟ ਉਨਾਂ ਨੇ ਬੰਬੇ ਤੋਂ ਕਢਵਾ ਕੇ ਦੇਖੇ ਸਨ ਜਿਸ ਵਿੱਚ ਭਾਵੇਂ ਹੁਣ ਗੁਰੁ ਨਾਨਕ ਦੇਵ ਜੀ ਦੇ ਕਿਰਦਾਰ ਨੂੰ ਇੱਕ ਰੌਸ਼ਨੀ ਦੇ ਰੂਪ ਵਿੱਚ ਦਿਖਾਇਆ ਗਿਆ ਪਰ ਸ੍ਰੀ ਗੁਰੁੂ ਨਾਨਕ ਦੇਵ ਜੀ ਦੇ ਸਤਿਕਾਰਯੋਗ। ਉਨਾਂ ਕਿਹਾ ਕਿ ਅੱਧ ਨੰਗੇ ਸਰੀਰਾਂ ਦੀ ਨੁਮਾਇਸ਼ ਕਰਨ ਵਾਲੀਆਂ ਫਿਲਮੀ ਮਾਡਲਾਂ ਮਾਤਾ ਤ੍ਰਿਪਤਾ ਜੀ ਤੇ ਬੇਬੇ ਨਾਨਕੀ ਜੀ ਦਾ ਕਿਰਦਾਰ ਨਿਭਾਉਣ ਇਹ ਸਿੱਖ ਕਦੇ ਵੀ ਬਰਦਾਸ਼ਤ ਨਹੀ ਕਰ ਸਕਦੇ। ਜਥੇਦਾਰ ਦਾਦੂਵਾਲ ਨੇ ਸ਼੍ਰੋਮਣੀ ਕਮੇਟੀ ਦੀ ਫਿਲਮ ਨੂੰ ਲੈ ਕੇ ਭੂਮਿਕਾ ਤੇ ਵੀ ਸਵਾਲ ਉਠਾਏ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀ ਕਰਨ ਵਾਲੇ ਸਿੱਖ ਫੌਜੀਆਂ ਦੇ ਕਿਰਦਾਰਾਂ ਤੇ ਬਨਣ ਵਾਲੀਆਂ ਫਿਲਮਾਂ ਦਾ ਹਮੇਸ਼ਾਂ ਸਵਾਗਤ ਕਰਾਂਗੇ ਪਰ ਜੇ ਸਿੱਖ ਕੌਮ ਦੇ ਸ਼ਹੀਦਾਂ ਜਾਂ ਧਾਰਮਿਕ ਸਖਸ਼ੀਅਤਾਂ, ਗੁਰੂ ਸਾਹਿਬਾਨ ਬਾਰੇ ਫਿਲਮਾਂ ਬਣਾਉਣੀਆਂ ਹਨ ਤਾਂ ਐਨੀਮੇਸ਼ਨ ਬਣਾਈਆਂ ਜਾ ਸਕਦੀਆਂ ਹਨ।