ਅੰਮ੍ਰਿਤਸਰ, 12 ਫਰਵਰੀ (ਮਨਿੰਦਰ ਸਿੰਘ ਗੋਰੀ)-ਲਰਨਿੰਗ ਲਾਇਸੰਸ ਬਨਾਉਣਾ ਬਹੁਤ ਹੀ ਔਖਾ ਹੋ ਗਿਆ ਹੈ। ਲਾਇਸੰਸ ਬਨਾਉਣ ਲਈ ਸਭ ਤੋਂ ਪਹਿਲਾਂ ਤਾਂ ਫਾਇਲ ਬਨਾਉਣੀ ਪੈਂਦੀ ਹੈ। ਉਸ ਤੋਂ ਬਾਅਦ ਡਾਕਟਰੀ ਰਿਪੋਰਟ, ਬਲੱਡ ਗਰੁੱਪ ਦੀ ਰਿਪੋਰਟ। ਇਸ ਤੋਂ ਅਖੀਰ ਲਰਨਿੰਗ ਲਾਇਸੰਸ ਬਨਾਉਣ ਲਈ ਟੈਸਟ ਕਰਵਾਉਣਾ ਪੈਂਦਾ ਹੈ, ਜੇਕਰ ਇਹ ਟੈਸਟ ਵਿਅਕਤੀ ਪਾਸ ਕਰ ਲੈਂਦਾ ਹੈ ਤਾਂ ਉਹ ਫੋਟੋ ਖਿਚਵਾ ਕੇ ਲਾਇਸੰਸ ਬਣਵਾ ਸਕਦਾ ਹੈ। ਬੀਤੇ ਦਿਨੀਂ ਜਦੋਂ ਪੱਤਰਕਾਰ ਨੇ ਸਰਵੇ ਕੀਤਾ ਤੇ ਲੋਕਾਂ ਵੱਲੋਂ ਲਾਇਸੰਸ ਬਣਾਉਣ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਲਰਨਿੰਗ ਲਾਇਸੰਸ ਬਨਾਉਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਲਰਨਿੰਗ ਲਾਇਸੰਸ ਲਈ ਟੈਸਟ ਕਰਵਾਉਣ ਲਈ 18
ਨੰ. ਖਿੜਕੀ ’ਤੇ ਪਹੁੰਚੇ ਤਾਂ ਉਥੇ ਦੇਖਿਆ ਕਿ ਔਰਤਾਂ ਤੇ ਮਰਦਾਂ ਦੀ ਇੱਕੋ ਹੀ ਲਾਇਨ ਬਣੀ ਹੋਈ ਸੀ। 18 ਨੰ. ਖਿੜਕੀ ਦਾ ਦਰਵਾਜਾ ਬੰਦ ਸੀ। ਜਦੋਂ ਉਥੇ ਖੜੇ ਲੋਕਾਂ ਨੂੰ ਪੁੱਛਿਆ ਕਿ ਦਰਵਾਜਾ ਤਾਂ ਬੰਦ ਹੈ ਕੀ ਟੈਸਟ ਹੋ ਰਿਹਾ ਹੈ? ਤਾਂ ਉਨ੍ਹਾਂ ਕਿਹਾ ਕਿ ਹਾਂ ਟੈਸਟ ਹੋ ਰਿਹਾ ਹੈ। ਉਥੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਇੱਥੇ ਔਰਤਾਂ ਨੂੰ ਮਰਦਾਂ ਵਾਲੀ ਲਾਇਨ ਵਿੱਚ ਖੜ੍ਹੇ ਹੋਣਾ ਪੈਂਦਾ ਹੈ। ਇਸ ਲਈ ਮਾਪਿਆਂ ਜਾਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਨਾਲ ਹੀ ਆਉਣਾ ਪੈਂਦਾ ਹੈ। ਆਪਣੀ ਬੇਟੀ ਦਾ ਲਰਨਿੰਗ ਲਾਇਸੰਸ ਦਾ ਟੈਸਟ ਕਰਵਾਉਣ ਪੁੱਜੇ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਮੇਰੀ ਬੇਟੀ ਪਵਨਦੀਪ ਕੌਰ ਕਾਲਜ ਵਿੱਚ ਪੜ੍ਹਦੀ ਹੈ, ਸਾਨੂੰ ਅੱਜ ਦੂਜਾ ਦਿਨ ਹੈ, ਸੁਖਵਿੰਦਰ ਸਿੰਘ ਵੀ ਆਪਣੀਆਂ ਬੇਟੀਆਂ ਦਾ ਲਾਇਸੰਸ ਦਾ ਟੈਸਟ ਕਰਵਾਉਣ ਪੁੱਜੇ। ਉਨ੍ਹਾਂ ਨੇ ਵੀ ਕਿਹਾ ਕਿ ਸਾਨੂੰ ਵੀ ਦੂਜਾ ਦਿਨ ਹੈ। ਇਨ੍ਹਾਂ ਦੇ ਨਾਲ ਕੁੱਝ ਹੋਰ ਔਰਤਾਂ ਵੀ ਇਕੱਲੀਆਂ ਲਾਇਨਾਂ ਵਿੱਚ ਲੱਗੀਆਂ ਹੋਈਆਂ ਸਨ। ਉਨ੍ਹਾਂ ਨੇ ਕਿਹਾ ਕਿ ਔਰਤਾਂ ਲਈ ਵੱਖਰਾ ਪ੍ਰਬੰਧ ਹੋਣਾ ਚਾਹੀਦਾ ਹੈ, ਪਰ ਇੱਥੇ ਤਾਂ ਇੱਕ ਹੀ ਲਾਇਨ ਵਿੱਚ ਖੜੇ ਹੋਣਾ ਪੈ ਰਿਹਾ ਹੈ। ਜਨਰੇਟਰ ਦਾ ਕੋਈ ਪ੍ਰਬੰਧ ਵੀ ਨਹੀਂ ਹੈ। ਬੀਤੇ ਦਿਨੀਂ ਤਕਰੀਬਨ 10:30 ਮਿੰਟ ’ਤੇ ਲਾਈਟ ਬੰਦ ਹੋ ਗਈ, ਸਾਰਾ ਸਿਸਟਮ ਬੰਦ ਹੋ ਗਿਆ। ਸੁਵਿਧਾ ਸੈਂਟਰ ਦੇ ਅਧਿਾਕਰੀਆਂ ਨੇ ਟੈਸਟ ਕਰਨ ਵਾਲੇ ਕਲਰਕ ਕੁਲਦੀਪ ਸਿੰਘ ਰੰਧਾਵਾ ਨੂੰ ਜੱਦੋ-ਜਹਿਦ ਦੇ ਬਾਅਦ ਸਿਸਟਮ ਚਾਲੂ ਕਰਕੇ ਦਿੱਤਾ। ਲੋਕਾਂ ਦਾ ਕਹਿਣਾ ਸੀ ਕਿ ਡੀ.ਟੀ.ਓ. ਦਫਤਰ ਦਾ ਕੋਈ ਸਿਸਟਮ ਨਹੀਂ ਹੈ। ਲਗਭਗ 25-30 ਮਿੰਟ ਬਾਅਦ ਸਿਸਟਮ ਚਾਲੂ ਹੋਇਆ। ਕੋਈ ਵੀ ਟਕਨੀਸ਼ਨ ਮੌਜੂਦ ਨਹੀਂ ਹੈ। ਆਰਜੀ ਤੌਰ ’ਤੇ ਕਲਰਕ ਕੁਲਦੀਪ ਸਿੰਘ ਰੰਧਾਵਾ ਤੇ ਉਨ੍ਹਾਂ ਦੇ ਨਾਲ ਵਰੁਣ ਨਾਂ ਦਾ ਲੜਕਾ ਸੀ ਉਨ੍ਹਾਂ ਦੱਸਿਆ ਕਿ ਇੱਕ ਵਾਰੀ ਵਿੱਚ 10 ਬੰਦਿਆਂ ਦਾ ਟੈਸਟ ਲਿਆ ਜਾਂਦਾ ਹੈ। ਇੰਨ੍ਹਾਂ ਵਿੱਚੋਂ ਜੋ ਟੈਸਟ ਪਾਸ ਨਹੀਂ ਕਰ ਸਕੇ ਹੁੰਦੇ ਉਨ੍ਹਾਂ ਨੂੰ ਇੱਕ ਹਫਤੇ ਬਾਅਦ ਫਿਰ 50 ਰੁਪਏ ਫੀਸ ਜਮ੍ਹਾ ਕਰਵਾ ਕੇ ਟੈਸਟ ਦੇਣ ਆਉਣਾ ਪੈਂਦਾ ਹੈ। ਟੈਸਟ ਦੇਣ ਲਈ ਪਹਿਲਾਂ ਉਨ੍ਹਾਂ ਨੂੰ ਇੱਕ ਕਿਤਾਬ ਦਿੱਤੀ ਜਾਂਦੀ ਹੈ, ਪਰ ਫਿਰ ਵੀ ਕੁੱਝ ਲੋਕ ਰਹਿ ਜਾਂਦੇ ਹਨ। 18 ਨੰ. ਖਿੜਕੀ ਤੇ ਏਜੰਟਾਂ ਦੀ ਭਰਮਾਰ ਵੀ ਵੇਖੀ ਗਈ। ਇੱਕ ਏਜੰਟ ਕੋਲ 2-3 ਫਾਇਲਾਂ ਤਾਂ ਲਾਜਮੀ ਹੀ ਹੁੰਦੀਆਂ ਹਨ। ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਪੈਸੇ ਲੈ ਕੇ ਟੈਸਟ ਕਰਵਾਉਂਦੇ ਹਨ। ਲੋਕਾਂ ਨੇ ਡੀ.ਟੀ.ਓ. ਸਾਹਿਬ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇੱਥੇ ਔਰਤਾਂ ਤੇ ਮਰਦਾਂ ਲਈ ਵੱਖਰੀ-ਵੱਖਰੀ ਖਿੜਕੀ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਆਪਣੀਆਂ ਧੀਆਂ-ਔਰਤਾਂ ਦੇ ਨਾਲ ਖੱਜਲ ਖੁਆਰ ਨਾ ਹੋਣਾ ਪਵੇ। ਇਸ ਸੰਬੰਧ ਵਿੱਚ ਜਦੋਂ ਡੀ.ਟੀ.ਓ. ਸ੍ਰ: ਅੰਗ੍ਰੇਜ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਕਿ ਜਰਨੇਟਰ ਨਹੀਂ ਹੈ, ਉਨ੍ਹਾਂ ਕਿਹਾ ਕਿ ਤੁਹਾਨੂੰ ਕੋਣ ਕਹਿੰਦਾ ਹੈ ਕਿ ਜਰਨੇਟਰ ਨਹੀਂ ਹੈ। 2 ਜਨਰੇਟਰ ਹਨ। ਪਰ ਫਿਰ ਵੀ ਲੋਕਾਂ ਨੂੰ ਖੱਜਲ ਖੁਆਰ ਕਿਉਂ ਹੋਣਾ ਪੈਂਦਾ ਹੈ?



