ਜੂਨ ਮਹੀਨਾ ਗਰਮ ਹੋਣ ਦੇ ਬਾਵਜੂਦ ਬੱਚਿਆਂ ਲਈ ਸਭ ਤੋਂ ਪਿਆਰਾ ਮਹੀਨਾ ਹੁੰਦਾ ਹੈ। ਮੌਸਮ ਦਾ ਮਿਜਾਜ਼ ਭਾਵੇਂ ਗਰਮ ਹੁੰਦਾ ਹੈ ਪਰ ਬੱਚਿਆਂ ਦੇ ਮਿਜਾਜ਼ ਵਿੱਚ ਖੁਸ਼ੀ ਦੇ ਫੁਹਾਰੇ ਮੌਸਮ ਨੂੰ ਖੁਸ਼ਗਵਾਰ ਬਣਾ ਦਿੰਦੇ ਹਨ। ਸਵੇਰੇ ਸਵਖਤੇ ਉਠ ਕੇ ਸਕੂਲ ਜਾਣ ਦੇ ਝੰਜਟ ਤੋਂ ਖਹਿੜਾ ਛੁਟਿਆ ਹੁੰਦਾ ਹੈ। ਖਾਣਾ-ਪੀਣਾ, ਖੇਡਣਾ ਅਤੇ ਸੌਣਾ, ਮੌਜ ਮਸਤੀ ਦਾ ਮਹੀਨਾ ਹੁੰਦਾ ਹੈ ਇਹ ਮਹੀਨਾ। ਸਾਡੇ ਵੇਲਿਆਂ ਵਿੱਚ ਛੋਟੇ ਕਸਬਿਆਂ ਵਿੱਚ ਭਾਵੇਂ ਬੱਚਿਆਂ ਲਈ ਸਮਰ ਕੈਂਪ ਨਹੀਂ ਹੁੰਦੇ ਸਨ। ਪਰ ਫਿਰ ਵੀ ਅਸੀਂ ਇਨ੍ਹਾਂ ਦਿਨਾਂ ਨੂੰ ਆਪਣੇ ਤੌਰ ’ਤੇ ਹੀ ਬਹੁਤ ਆਨੰਦਮਈ ਬਣਾ ਲੈਂਦੇ ਸਾਂ। 1971-72 ਦੀ ਗਰਮੀਆਂ ਦੀ ਛੁੱਟੀਆਂ ਸਨ। ਅੱਠਵੀਂ ਵਿੱਚ ਪਾਸ ਹੋ ਕੇ ਨੌਵੀਂ ਜਮਾਤ ਵਿੱਚ ਚੜ੍ਹੇ ਸੀ। ਦਿਨ ਵੇਲੇ ਅਖਰੋਟ, ਲੁਕਣ ਮੀਚੀ ਅਤੇ ਤਾਸ਼ ਆਦਿ ਖੇਡਾਂ ਵਿੱਚ ਮਗਨ ਰਹਿੰਦੇ ਸਾਂ ਅਤੇ ਸ਼ਾਮ ਵੇਲੇ ਅਸੀਂ ਸਕੂਲ ਦੇ ਮੈਦਾਨ ਵਿੱਚ ਹਾਕੀ ਖੇਡਦੇ ਸਾਂ ਅਤੇ ਉਸ ਤੋਂ ਬਾਅਦ ਸਾਈਕਲਿੰਗ ਦਾ ਮਜ਼ਾ ਲੈਂਦੇ ਸਾਂ। ਗੱਲ ਕੀ ਦਿਨ ਤੀਆਂ ਵਾਂਗ ਗੁਜਰ ਰਹੇ ਸਨ। ਇਨ੍ਹਾਂ ਹੀ ਦਿਨਾਂ ਵਿੱਚ ਮੈਂ ਇਕ ਦੁਪਹਿਰ ਗੁਆਂਢ ਵਿੱਚ ਬਣੀ ਬਾਸ ਦੇਵ ਦੀ ਦੁਕਾਨ ਤੋਂ ਚਵਨੀ ਲੈ ਕੇ ਗੋਲੀਆਂ ਲੈਣ ਗਿਆ ਤਾਂ ਉਥੇ ਇਕ ਆਦਮੀ ਰੱਦੀ ਵੇਚਣ ਆਇਆ। ਰੱਦੀ ਵਿੱਚ ਕੁਝ ਅਖਬਾਰ, ਕਾਪੀਆਂ ਤੇ ਕਿਤਾਬਾਂ ਸਨ। ਕਿਤਾਬਾਂ ਵਿੱਚ ਅੱਧੀਆਂ ਫਟੀਆਂ ਜਿਹੀਆਂ ਤਿੰਨ ਚਾਰ ਪੰਜਾਬੀ ਦੀਆਂ ਕਿਤਾਬਾਂ ਸਨ। ਇਕ ਕਿਤਾਬ ਉ¤ਤੇ ਚੜ੍ਹੀ ਜਿਲਦ ਉ¤ਪਰ ‘ਪਵਿੱਤਰ ਪਾਪੀ’ ਲਿਖਿਆ ਸੀ ਅਤੇ ਬਾਕੀ ਦੇ ਉ¤ਪਰ ‘ਚਿੱਟਾ ਲਹੂ’ ਅਤੇ ‘ਇਕ ਮਿਆਨ ਦੋ ਤਲਵਾਰਾਂ ਅਤੇ ਨਾਲ ਹੀ ਇਨ੍ਹਾਂ ਦੇ ਲੇਖਕ ਦਾ ਨਾਮ ਨਾਨਕ ਸਿੰਘ ਲਿਖਿਆ ਹੋਇਆ ਸੀ। ਉਸ ਵੇਲੇ ਤੱਕ ਮੈਂ ਪੰਜਾਬੀ ਦੀਆਂ ਦੋ ਕਹਾਣੀਆਂ ਹੀ ਪੜ੍ਹੀਆਂ ਸਨ। ਇਕ ਸੰਤੋਖ ਸਿੰਘ ਧੀਰ ਦੀ ‘ਸਾਂਝੀ ਕੰਧ’, ਦੂਜੀ ਸ਼ਾਇਦ ਦਲੀਪ ਕੌਰ ਟਿਵਾਣਾ ਦੀ ‘ਬੱਸ ਕੰਡਕਟਰ’। ਇਹ ਦੋਵੇਂ ਲਿਖਤਾਂ ਵੱਡੇ ਵੀਰ ਦੀਆਂ ਸਿਲੇਬਸ ਵਿੱਚ ਲੱਗੀਆਂ ਕਿਤਾਬਾਂ ਵਿੱਚੋਂ ਪੜ੍ਹੀਆਂ ਸਨ। ਮੈਨੂੰ ਕਹਾਣੀ ਅਤੇ ਨਾਵਲ ਵਿਚਲੇ ਫ਼ਰਕ ਦਾ ਨਹੀਂ ਪਤਾ ਸੀ ਅਤੇ ਨਾ ਹੀ ਕਦੇ ਨਾਵਲ ਪੜ੍ਹਿਆ ਸੀ। ਪਤਾ ਨਹੀਂ ਕਿਉਂ ਮੇਰਾ ਧਿਆਨ ਗੋਲੀਆਂ ਜਾਂ ਬੰਟਿਆਂ ਤੋਂ ਹਟ ਕੇ ਉਨ੍ਹਾਂ ਕਿਤਾਬਾਂ ਵੱਲ ਗਿਆ ਜੋ ਦੁਕਾਨਦਾਰ ਨੇ ਰੱਦੀ ਵਿੱਚ ਖਰੀਦ ਲਈਆਂ ਸਨ।
‘‘ਮਾਸੜ ਜੀ, ਮੈਨੂੰ ਆਹ ਕਿਤਾਬਾਂ ਦੇ ਦੋ’’ ਉਸ ਸਮੇਂ ਅਜੇ ਅੰਕਲ-ਅੰਟੀ ਕਹਿਣ ਦਾ ਰਿਵਾਜ਼ ਨਹੀਂ ਸੀ।
‘ਤੂੰ ਕੀ ਕਰੇਂਗਾ ਪੁੱਤ’ ਬਾਸ ਦੇਵ ਨੇ ਪੁ¤ਛਿਆ
‘ਪੜੂੰਗਾ’ ਮੈਂ ਕਿਹਾ।
ਜੇ ਪੜ੍ਹੇਂਗਾ ਤਾਂ ਲੈ ਜਾ ਅਤੇ ਨਾਲ ਹੀ ਉਸ ਨੇ ਮੈਨੂੰ ਮੇਰੀ ਚਵੱਨੀ ਵੀ ਮੋੜ ਦਿੱਤੀ। ਚਵੱਨੀ 25 ਪੈਸਿਆਂ ਨੂੰ ਕਹਿੰਦੇ ਸਨ। ਅਠੱਨੀ 50 ਪੈਸਿਆਂ ਨੂੰ। ਉਸ ਵੇਲੇ ਪੰਜੀ ਅਤੇ ਦਸੀ ਵੀ ਚਲਦੀ ਹੁੰਦੀ ਸੀ। ਖ਼ੈਰ, ਮੈਂ ਤਿੰਨੇ ਕਿਤਾਬਾਂ ਲੈ ਆਇਆ, ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਇਨ੍ਹਾਂ ਨੂੰ ਨਾਵਲ ਕਹਿੰਦੇ ਹਨ। ਮੈਂ ਆ ਕੇ ‘ਪਵਿੱਤਰ ਪਾਪੀ’ ਸ਼ੁਰੂ ਕੀਤਾ। ਨਾਵਲ ਵਿੱਚ ਇੰਨਾ ਮਗਨ ਹੋਇਆ ਕਿ ਖੇਡਣ ਤੇ ਖਾਣਾ-ਪੀਣਾ ਸਭ ਭੁੱਲ ਗਿਆ। ਚਾਰ ਪੰਜ ਦਿਨਾਂ ਵਿੱਚ ਪਵਿੱਤਰ ‘ਪਾਪੀ’ ਖਤਮ ਹੋਇਆ ਤਾਂ ਚਿੱਟਾ ਲਹੂ ਸ਼ੁਰੂ ਕਰ ਲਿਆ। ਨਾਵਲ ਕਾਹਦਾ ਪੜ੍ਹਨ ਲੱਗਾ ਗਰਾਊਂਡ ਜਾਣਾ ਛੱਡ ਦਿੱਤਾ। ਮਾਂ ਨੂੰ ਫਿਕਰ ਹੋਇਆ ਕਹਿਣ ਲੱਗੀ, ‘ਸਕੂਲ ਦਾ ਕੰਮ ਤੂੰ ਕਰਦਾ ਨੀ, ਖੇਡਣ ਤੂੰ ਜਾਂਦਾ ਨੀ, ਆਹ ਕੀ ਵਾਧੂ ਪੜ੍ਹੀ ਜਾਂਦਾ। ਬੰਦ ਕਰ ਇਹ। ਸਕੂਲ ਦਾ ਕੰਮ ਕਰਿਆ ਕਰ ਅਤੇ ਖੇਡਣ ਜਾਇਆ ਕਰ।’ ਪਰ ਮੈਂ ਮਾਂ ਦਾ ਹੁਕਮ ਨਹੀਂ ਮੰਨਿਆ ਅਤੇ ਨਾਵਲ ਪੜ੍ਹਨਾ ਜਾਰੀ ਰੱਖਿਆ। ਇਉਂ ਮੈਂ ਇਹ ਤਿੰਨੇ ਨਾਵਲ ਖਤਮ ਕਰਕੇ ਇਕ ਦੋ ਹੋਰ ਕਿਤਾਬਾਂ ਵੀ ਉਸੇ ਦੁਕਾਨ ਤੋਂ ਛਾਂਟ ਲਿਆਇਆ ਤੇ ਪੜ੍ਹ ਦਿੱਤੀਆਂ। ਹੁਣ ਮੈਨੂੰ ਸਾਹਿਤ ਪੜ੍ਹਨਾ ਚੰਗਾ ਲੱਗਣ ਲੱਗਾ ਸੀ। ਸਕੂਲ ਖੁੱਲ੍ਹਣ ਤੋਂ ਬਾਅਦ ਵੀ ਮੈਂ ਸਕੂਲ ਲਾਇਬ੍ਰੇਰੀ ਵਿੱਚ ਕਿਤਾਬਾਂ ਕਢਵਾ ਕੇ ਪੜ੍ਹਨ ਲੱਗਾ। ਸਕੂਲ ਦੇ ਪੰਜਾਬੀ ਦੇ ਅਧਿਆਪਕ ਗਿਆਨੀ ਗਿਆਨ ਸਿੰਘ ਤੋਂ ਵੀ ਕੁਝ ਕਹਾਣੀਆਂ ਦੀਆਂ ਕਿਤਾਬਾਂ ਲੈ ਕੇ ਪੜ੍ਹੀਆਂ। ਮਾਸਟਰ ਅਸ਼ਵਨੀ ਕੁਮਾਰ ਭਾਟੀਆ ਅਤੇ ਗਿਆਨੀ ਜੀ ਦੀ ਮੱਦਦ ਨਾਲ ਸਕੂਲ ਦੀ ਸਾਹਿਤ ਸਭਾ ਬਣਾਈ। ਜਿਸ ਦਾ ਮੈਂ ਪ੍ਰਧਾਨ ਅਤੇ ਮਹੇਸ਼ ਸ਼ਰਮਾ ਜਨਰਲ ਸਕੱਤਰ ਬਣੇ। ਭਾਸ਼ਣ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਹੁਣ ਭਾਵੇਂ ਐਨ. ਸੀ.ਸੀ., ਭੰਗੜਾ, ਹਾਕੀ ਅਤੇ ਵਾਲੀਵਾਲ ਵੀ ਚਲਦੀ ਸੀ ਪਰ ਨਾਲ-ਨਾਲ ਪੜ੍ਹਨਾ ਵੀ ਜਾਰੀ ਰੱਖਿਆ।
‘ਪੁੱਤ, ਆਹ ਕੁਝ ਹੋਰ ਕਿਤਾਬਾਂ ਆਈਆਂ ਨੇ, ਸ਼ਾਇਦ ਤੇਰੇ ਕੰਮ ਦੀਆਂ ਹੋਣ ਇਕ ਦਿਨ ਗੁਆਂਢੀ ਦੁਕਾਨਦਾਰ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ।
‘ਰਾਤ ਬਾਕੀ ਹੈ, ਹਾਲੀ ਅਤੇ ਪਾਲੀ ਆਦਿ ਇਸ ਵਾਰ ਜਸਵੰਤ ਸਿੰਘ ਕੰਵਲ ਦੇ ਚਾਰ ਪੰਜ ਨਾਵਲਾਂ ਨੂੰ ਵੇਖ ਕੇ ਮੈਂ ਬਹੁਤ ਖੁਸ਼ ਹੋਇਆ। ਜਸਵੰਤ ਸਿੰਘ ਕੰਵਲ ਨੂੰ ਪੜ੍ਹ ਕੇ ਮੈਂ ਉਨ੍ਹਾਂ ਦਾ ਸ਼ੈਦਾਈ ਬਣ ਗਿਆ। ਜਦੋਂ ਮੈਂ ਸਕੂਲ ਦੀ ਪੜ੍ਹਾਈ ਖਤਮ ਕਰਕੇ ਸਰਕਾਰੀ ਕਾਲਜ ਮਲੇਰਕੋਟਲਾ ਵਿੱਚ ਦਾਖਲਾ ਲਿਆ ਤਾਂ ਉਥੇ ਮੇਰਾ ਸੰਪਰਕ ਪ੍ਰੋ. ਲਾਲ ਸਿੰਘ ਅਤੇ ਡਾ. ਆਤਮ ਹਮਰਾਹੀ ਨਾਲ ਹੋਇਆ। ਕਾਲਜ ਦੀ ਸਾਹਿਤ ਸਭਾ ਵੱਲੋਂ ਸ. ਜਸਵੰਤ ਸਿੰਘ ਕੰਵਲ ਨੂੰ ਬੁਲਾਇਆ ਗਿਆ। ਮੈਂ ਸ. ਜਸਵੰਤ ਸਿੰਘ ਕੰਵਲ ਬਾਰੇ ਇਕ ਲੇਖ ਲਿਖਿਆ ਜਿਹੜਾ ਕਾਲਜ ਦੇ ਮੈਗਜ਼ੀਨ ‘ਕਲੇਰੀਅਨ’ ਵਿੱਚ ਛਪਿਆ, ਜਿਸ ਦਾ ਕਿ ਮੈਂ ਵਿਦਿਆਰਥੀ ਸੰਪਾਦਕ ਸਾਂ। ਇਹ ਮੇਰਾ ਪਹਿਲਾ ਲੇਖ ਸੀ ਜੋ ਛਪਿਆ ਸੀ। ਇਸ ਤੋਂ ਬਾਅਦ ਮੈਂ ਰਿਪੋਰਟਰ ਬਣਿਆ, ਸੰਪਾਦਕ ਬਣਿਆ ਅਤੇ ਪੱਤਰਕਾਰੀ ਦਾ ਪ੍ਰੋਫੈਸਰ ਬਣਿਆ। ਅੱਜ ਮੈਂ ਸੋਚਦਾ ਹਾਂ ਕਿ ਰੱਦੀ ਵਿੱਚ ਆਏ ਨਾਵਲਾਂ ਨੇ ਨਾ ਸਿਰਫ ਮੈਨੂੰ ਸਾਹਿਤ ਨਾਲ ਜੋੜਿਆ ਬਲਕਿ ਜ਼ਿੰਦਗੀ ਭਰਦ ਦਾ ਰੁਜ਼ਗਾਰ ਵੀ ਦਿੱਤਾ।