ਬਹੁਪੱਖੀ ਕਲਾਕਾਰ ਤੇ ਸਾਹਿਤਕ ਐਂਕਰਿੰਗ ਦੀ ਜਾਦੂਗਰਨੀ: ਛਿੰਦਰ ਕੌਰ ਸਿਰਸਾ

ਹਰ ਇਨਸਾਨ ਵਿਚ ਕਲਾਕਾਰ ਪ੍ਰਵਿਰਤੀ ਹੁੰਦੀ ਹੈ। ਉਸ ਪ੍ਰਵਿਰਤੀ ਅਨੁਸਾਰ ਹੀ ਉਹ ਆਪਣਾ ਜੀਵਨ ਬਸਰ ਕਰਦਾ ਹੈ। ਆਮ ਤੌਰ ਤੇ ਇੱਕ ਵਿਅਕਤੀ ਵਿਚ ਇੱਕ ਹੀ ਵਿਸ਼ੇਸ਼ ਗੁਣ ਹੁੰਦਾ ਹੈ, ਜਿਹੜਾ ਉਸਦੇ ਵਿਅਕਤਵ ਨੂੰ ਨਿਖ਼ਾਰਦਾ ਹੁੰਦਾ ਹੈ ਪ੍ਰੰਤੂ ਛਿੰਦਰ ਕੌਰ ਸਿਰਸਾ ਬਹੁਪੱਖੀ ਗੁਣਾਂ ਵਾਲੀ ਇਸਤਰੀ ਕਲਾਕਾਰ ਹੈ, ਜਿਹੜੀ ਆਪਣੀ ਦ੍ਰਿੜ੍ਹਤਾ ਅਤੇ ਲਗਨ ਕਰਕੇ ਬੁ¦ਦੀਆਂ ਉਪਰ ਪਹੁੰਚੀ ਹੈ। ਹਾਲਾਤ ਕਦਮ ਕਦਮ ਤੇ ਉਸਦਾ ਸਾਥ ਦਿੰਦੇ ਰਹੇ ਕਿਉਂਕਿ ਉਸਨੇ ਹੌਸਲਾ ਨਹੀਂ ਹਾਰਿਆ। ਬਚਪਨ ਵਿਚ ਹੀ ਉਸਦੇ ਮਨ ਵਿਚ ਕੁਝ ਵੱਖਰਾ ਕਰਨ ਦਾ ਵਲਵਲਾ ਸੀ। ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀਆਂ ਸਭਿਆਚਾਰਕ ਸਰਗਰਮੀਆਂ ਖਾਸ ਤੌਰ ਤੇ ਗਿੱਧੇ ਵਿਚ ਆਪਣੇ ਦਮ ਖਮ ਨਾਲ ਹਿੱਸਾ ਲੈਂਦੀ ਸੀ। ਉਸਦੀ ਕਲਾ ਸੁਹਜ ਸੁਆਦ ਪ੍ਰਵਿਰਤੀ ਨਾਲ ਪਰੁਚੀ ਹੋਈ ਹੈ। ਜਿਥੇ ਉਹ ਇੱਕ ਉਭਰਦੀ ਐਕਟਰੈਸ ਹੈ, ਉਸਦੇ ਨਾਲ ਹੀ ਮੰਚ ਸੰਚਾਲਨ ਦੀ ਧਨੀ ਹੈ। ਉਸਨੂੰ ਸ਼ਬਦਾਂ ਦੀ ਜਾਦੂਗਰਨੀ ਕਿਹਾ ਜਾ ਸਕਦਾ ਹੈ। ਉਸਦੇ ਮੂੰਹ ਵਿਚੋਂ ਸ਼ਬਦ ਆਪ ਮੁਹਾਰੇ ਫੁਹਾਰੇ ਦੀ ਤਰ੍ਹਾਂ ਬੌਸ਼ਾਰਾਂ ਕਰਦੇ ਨਿਕਲਦੇ ਹਨ, ਜਿਹੜੇ ਸਰੋਤਿਆਂ ਦੇ ਮਨਾਂ ਵਿਚ ਤਰੰਗਾਂ ਪੈਦਾ ਕਰ ਦਿੰਦੇ ਹਨ। ਉਸਦੇ ਸ਼ਬਦ ਨਿਰਾਰਥਕ ਨਹੀਂ ਸਗੋਂ ਭਾਵ ਪੂਰਨ ਅਤੇ ਅਰਥ ਭਰਪੂਰ ਹੁੰਦੇ ਹਨ। ਹੁਣ ਤੱਕ ਉਹ 100 ਤੋਂ ਵਧੇਰੇ ਸਾਹਿਤਕ, ਸਭਿਆਚਾਰਕ, ਰੇਡੀਓ ਅਤੇ ਟੀ.ਵੀ.ਦੇ ਪ੍ਰੋਗਰਾਮਾ ਦੀ ਮੰਚ ਸੰਚਾਲਨ ਕਰ ਚੁੱਕੀ ਹੈ। ਕਵੀ ਦਰਬਾਰਾਂ, ਸਮਾਜਿਕ ਬੁਰਾਈਆਂ ਵਿਰੁਧ ਲੋਕਾਂ ਨੂੰ ਜਾਗਰੂਕ ਕਰਨ ਲਈ ਆਯੋਜਤ ਕੀਤੇ ਜਾਂਦੇ ਸੈਮੀਨਾਰਾਂ, ਗੋਸ਼ਟੀਆਂ ਅਤੇ ਸਮਾਗਮਾਂ ਵਿਚ ਆਪਣੀ ਬੁ¦ਦ ਆਵਾਜ਼ ਨਾਲ ਰੰਗ ਬੰਨ੍ਹ ਦਿੰਦੀ ਹੈ। ਆਪਣੀ ਭਾਸ਼ਣ ਕਲਾ ਨਾਲ ਹਵਾ ਵਿਚ ਸੁਗੰਧੀਆਂ ਫੈਲਾਉਣ ਵਾਲੀ ਰਸਭਿੰਨੀ ਆਵਾਜ਼ ਦੀ ਮਾਲਿਕ ਹੈ, ਛਿੰਦਰ ਕੌਰ ਸਿਰਸਾ । ਸਾਹਿਤਕ ਸ਼ਬਦਾਬਲੀ ਦਾ ਭੰਡਾਰ, ਲੋਕੋਕਤੀਆਂ, ਮੁਹਾਵਰੇ, ਵਿਸ਼ੇਸ਼ਣ ਅਤੇ ਪੰਜਾਬੀ ਸਭਿਆਚਾਰ ਦੀ ਛੋਹ ਉਸਦੀ ਐਂਕਰਿੰਗ ਨੂੰ ਚਾਰ ਚੰਨ ਲਾਉਂਦੀ ਹੈ, ਉਥੇ ਉਹ ਇਸਤਰੀ ਵਰਗ ਦੀ ਨਿਡਰਤਾ ਅਤੇ ਦਲੇਰੀ ਦੀ ਪ੍ਰਤੀਨਿਧਤਾ ਵੀ ਕਰਦੀ ਹੈ। ਉਹ ਬਹੁਪਰਤੀ ਅਤੇ ਬਹੁਪੱਖੀ ਕਲਾਕਾਰ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਇਸਤਰੀਆਂ ਦੀਆਂ ਸਭਾਵਾਂ ਵਿਚ ਜਦੋਂ ਉਹ ਇਸਤਰੀਆਂ ਦੇ ਹੱਕਾਂ ਦੀ ਵਕਾਲਤ ਕਰਦੀ ਹੋਈ ਮਾਖਿਓਂ ਮਿੱਠੀ ਸ਼ਬਦਾਵਲੀ ਵਰਤਦੀ ਹੋਈ ਭਾਵਕ ਹੋ ਜਾਂਦੀ ਹੈ ਤਾਂ ਇਸਤਰੀਆਂ ਉਸਦੀ ਭਾਸ਼ਣ ਕਲਾ ਨਾਲ ਪ੍ਰਭਾਵਤ ਹੋ ਕੇ ਖ਼ੁਸ਼ੀ, ਸੰਤੁਸ਼ਟੀ ਅਤੇ ਬਹਾਦਰੀ ਦੇ ਪਰਚਮ ਵਿਚ ਪਹੁੰਚ ਜਾਂਦੀਆਂ ਹਨ। ਜਦੋਂ ਉਹ ਸਾਹਿਤਕ ਮੰਚ ਦਾ ਸੰਚਾਲਨ ਕਰਦੀ ਹੈ ਤਾਂ ਉਸਦੀ ਸੁਹੱਪਣ, ਸ਼ਕਲ-ਸੂਰਤ, ਸੀਰਤ ਅਤੇ ਬੋਲਣ ਦੇ ਲਹਿਜੇ ਨਾਲ ਸਾਹਿਤਕ ਰਸ ਪੈਦਾ ਹੋ ਜਾਂਦਾ ਹੈ ਜੋ ਇਕੱਤਰਤਾ ਵਿਚ ਖ਼ੁਸ਼ਬੋਆਂ ਫੈਲਾਅ ਦਿੰਦਾ ਹੈ। ਉਸਦੀ ਸ਼ਬਦਾਬਲੀ ਵਿਚ ਇਤਨੀ ਮਿਠਾਸ ਸ਼ਾਮਲ ਹੁੰਦੀ ਹੈ, ਇਉਂ ਲੱਗ ਰਿਹਾ ਹੁੰਦਾ ਹੈ ਕਿ ਵਾਤਾਵਰਣ ਵਿਚ ਸੁਗੰਧੀ ਭਰ ਗਈ ਹੈ, ਜਿਸ ਨਾਲ ਮਾਹੌਲ ਸਿਰਜਕ ਅਤੇ ਸੁਹਾਵਣਾ ਬਣ ਜਾਂਦਾ ਹੈ। ਛਿੰਦਰ ਕੌਰ ਸਿਰਸਾ ਬਹੁਪੱਖੀ ਕਲਾਕਾਰ ਹੈ, ਜੋ ਹਰਿਆਣਾ, ਪੰਜਾਬ, ਦਿੱਲੀ ਅਤੇ ਕੈਨੇਡਾ ਵਿਚ ਪੰਜਾਬੀ ਭਾਸ਼ਾ ਦੀ ਮਹਿਕ ਫ਼ੈਲਾ ਰਹੀ ਹੈ। ਹਰਿਆਣਾ ਵਿਚ ਤਾਂ ਉਹ ਪੰਜਾਬੀ ਭਾਸ਼ਾ ਅਤੇ ਪੰਜਾਬ ਦੀ ਪ੍ਰਤੀਨਿਤ ਦੇ ਤੌਰ ਤੇ ਵਿਚਰ ਰਹੀ ਹੈ। ਆਪਣੀ ਮੰਚ ਸੰਚਾਲਨ ਦੀ ਕਲਾ ਨਾਲ ਸਰੋਤਿਆਂ ਨੂੰ ਝੂੰਮਣ ਲਾ ਦਿੰਦੀ ਹੈ। ਉਸਨੂੰ ਸ਼ਬਦਾਂ ਦੀ ਜਾਦੂਗਰਨੀ ਕਿਹਾ ਜਾ ਸਕਦਾ ਹੈ। ਜਦੋਂ ਸਮਾਗਮ ਖ਼ਤਮ ਹੁੰਦਾ ਹੈ ਤਾਂ ਸਕੂਲਾਂ ਅਤੇ ਕਾਲਜਾਂ ਦੀਆਂ ਲੜਕੀਆਂ ਜਿਵੇਂ ਸ਼ਹਿਦ ਦੀਆਂ ਮੱਖੀਆਂ ਛੱਤੇ ਦੇ ਆਲੇ ਦੁਆਲੇ ਇਕੱਠੀਆਂ ਹੋ ਜਾਂਦੀਆਂ ਹਨ, ਉਸੇ ਤਰ੍ਹਾਂ ਛਿੰਦਰ ਕੌਰ ਸਿਰਸਾ ਦੇ ਆਲੇ ਦੁਆਲੇ ਝੁਰਮਟ ਪਾਕੇ ਆਪਣੀਆਂ ਸਮੱਸਿਆਵਾਂ ਦੇ ਹੱਲ ਪੁਛਦੀਆਂ ਹਨ। ਨੌਜਵਾਨ ਲੜਕੀਆਂ ਲਈ ਉਹ ਰੋਲ ਮਾਡਲ ਹੈ। ਗਿੱਧਾ ਪਾਉਣ, ਕਵਿਤਾ ਅਤੇ ਵਾਰਤਕ ਲਿਖਣ ਕਰਕੇ ਵੀ ਉਹ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਉਸਦੀ ਕਵਿਤਾਵਾਂ ਦੀ ਪੁਸਤਕ ‘ਖਿਆਲ ਉਡਾਰੀ’ ਪ੍ਰਕਾਸ਼ਤ ਹੋ ਚੁੱਕੀ ਹੈ। ਕਵਿਤਰੀ ਹੋਣ ਕਰਕੇ ਉਸਦੀ ਸ਼ਬਦਾਵਲੀ ਸਾਹਿਤਕ ਰੰਗ ਵਿਚ ਰੰਗੀ ਹੁੰਦੀ ਹੈ, ਜੋ ਸਰੋਤਿਆਂ ਦੇ ਦਿਲਾਂ ਨੂੰ ਟੁੰਬਦੀ ਹੋਈ ਭਾਵਨਾਵਾਂ ਦੇ ਵਹਿਣ ਵਿਚ ਪਹੁੰਚਣ ਲਈ ਮਜ਼ਬੂਰ ਕਰ ਦਿੰਦੀ ਹੈ। ਉਸਦਾ ਕੱਦ-ਕਾਠ ਅਤੇ ਚਿਹਰਾ ਮੋਹਰਾ ਵੀ ਆਕਰਸ਼ਕ ਹੋਣ ਕਰਕੇ ਦਰਸ਼ਕ ਕੀਲੇ ਜਾਂਦੇ ਹਨ। ਉਸਦੀ ਐਂਕਰਿੰਗ ਦੀ ਕਲਾ ਬੁਲਾਰਿਆਂ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਸਰੋਤੇ ਅਤੇ ਦਰਸ਼ਕ ਛਿੰਦਰ ਕੌਰ ਦੀ ਐਂਕਰਿੰਗ ਦਾ ਆਨੰਦ ਮਾਨਣ ਲਈ ਬੈਠੇ ਰਹਿੰਦੇ ਹਨ। ਇਸਦੇ ਨਾਲ ਹੀ ਛਿੰਦਰ ਕੌਰ ਸਿਰਸਾ ਰੇਡੀਓ ਅਤੇ ਟੀ.ਵੀ.ਦੇ ਪ੍ਰੋਗਰਾਮਾ ਦੀ ਐਂਕਰਿੰਗ ਕਰਦੀ ਹੈ। ਹੁਣ ਤੱਕ ਉਸਨੇ ਲਗਪਗ 50 ਸਾਹਿਤਕਾਰਾਂ ਦੀਆਂ ਟੀ.ਵੀ.ਅਤੇ ਰੇਡੀਓ ਲਈ ਮੁਲਾਕਾਤਾਂ ਕੀਤੀਆਂ ਹਨ। ਉਸਨੇ ਆਪਣੀ ਪਹਿਲੀ ਇੰਟਰਵਿਓ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਦੀ ਕੁਰਕਸ਼ੇਤਰ ਯੂਨੀਵਰਸਿਟੀ ਵਿਚ ਪੜ੍ਹਦਿਆਂ 19 ਸਾਲ ਦੀ ਅਲ੍ਹੜ੍ਹ ਉਮਰ ਵਿਚ ਹੀ ਕੀਤੀ ਸੀ, ਜਿਸਦੀ ਸ਼ਬਦਾਵਲੀ ਨੂੰ ਪਾਤਰ ਸਾਹਿਬ ਨੇ ਸਲਾਹਿਆ ਸੀ, ਜਿਸਤੋਂ ਉਸਨੂੰ ਪ੍ਰੇਰਨਾ ਮਿਲੀ। ਉਸ ਦਿਨ ਤੋਂ ਬਾਅਦ ਉਤਸ਼ਾਹਤ ਹੋ ਕੇ ਉਹ ਲਗਾਤਾਰ ਸਾਹਿਤਕਾਰਾਂ ਦੀਆਂ ਇੰਟਰਵਿਊਜ਼ ਕਰਦੀ ਆ ਰਹੀ ਹੈ, ਜਿਹੜੀਆਂ ਰੇਡੀਓ ਅਤੇ ਟੀ.ਵੀ.ਤੇ ਟੈਲੀਕਾਸਟ ਹੁੰਦੀਆਂ ਹਨ। ਇਹ ਇੰਟਰਵਿਊਜ਼ ਉਸਨੇ ਕੈਨੇਡਾ ਦੇ ਦੌਰੇ ਸਮੇਂ ਇੱਕ ਟੀ.ਵੀ.ਚੈਨਲ ਲਈ ਵੀ ਕੀਤੀਆਂ ਸਨ। ਇਸਤੋਂ ਇਲਾਵਾ ਕੈਨੇਡਾ ਵਿਚ ਮੰਚ ਸੰਚਾਲਨ ਵੀ ਕੀਤੇ ਹਨ। ਹਰਿਆਣਾ ਸਾਹਿਤ ਅਕਾਡਮੀ ਅਤੇ ਪੰਜਾਬੀ ਅਕਾਡਮੀ ਦਿੱਲੀ ਦੇ ਕਵੀ ਦਰਬਾਰਾਂ ਅਤੇ ਹੋਰ ਸਾਹਿਤਕ ਸਮਾਗਮਾਂ ਦੀ ਉਹ ਮੰਚ ਸੰਚਾਲਿਕਾ ਹੁੰਦੀ ਹੈ। ਹੋਰ ਫਿਲਮਾਂ ਵਿਚ ਰੋਲ ਕਰਨ ਤੋਂ ਇਲਾਵਾ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵੱਲੋਂ ਨਸ਼ਿਆਂ ਵਿਰੁਧ ਬਣਾਈ ਫਿਲਮ ‘ਪਹਿਲ ਦਾ ਟਰਨਿੰਗ ਪੁਆਇੰਟ’ ਵਿਚ ਹੀੋਰੋਇਨ ਦਾ ਰੋਲ ਕੀਤਾ, ਜਿਸ ਕਰਕੇ ਛਿੰਦਰ ਕੌਰ ਸਿਰਸਾ ਬਿਹਤਰੀਨ ਐਕਟਰੈਸ ਦੇ ਤੌਰ ਤੇ ਪ੍ਰਵਾਨਿਤ ਹੋਈ। ਉਸਨੂੰ ਕਲਾਕਾਰੀ ਅਤੇ ਐਂਕਰਿੰਗ ਦਾ ਸ਼ੌਕ ਆਪਣੇ ਪਿਤਾ ਤੋਂ ਬੀ.ਬੀ.ਸੀ ਦੀਆਂ ਖ਼ਬਰਾਂ ਸੁਣਨ ਕਰਕੇ ਪੈਦਾ ਹੋਇਆ। ਰੇਡੀਓ ਅਤੇ ਟੀ.ਵੀ.ਐਂਕਰ ਬਣਨ ਦਾ ਵਲਵਲਾ ਬਚਪਨ ਵਿਚ ਹੀ ਉਸ ਵਿਚ ਪੈਦਾ ਹੋ ਗਿਆ ਸੀ। ਉਹ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਕਮਿਨਿਊਟੀ ਰੇਡੀਓ ਅਤੇ ਬਠਿੰਡਾ ਰੇਡੀਓ ਸ਼ਟੇਸ਼ਨ ਲਈ ਸਾਹਿਤਕ ਐਂਕਰਿੰਗ ਦਾ ਕੰਮ ਕਰਦੀ ਹੈ।
ਛਿੰਦਰ ਕੌਰ ਸਿਰਸਾ ਦਾ ਜਨਮ ਮਾਤਾ ਜਸਵੰਤ ਕੌਰ ਅਤੇ ਪਿਤਾ ਬਲਦੇਵ ਸਿੰਘ ਨੰਬਰਦਾਰ ਦੇ ਘਰ ਸਿਰਸਾ ਜਿਲ੍ਹੇ ਦੇ ਆਲਨਾਬਾਦ ਪਿੰਡ ਵਿਚ 26 ਅਗਸਤ 1975 ਨੂੰ ਹੋਇਆ। ਪ੍ਰਾਇਮਰੀ ਤੱਕ ਦੀ ਪੜ੍ਹਾਈ ਉਸਨੇ ਨਜ਼ਦੀਕ ਦੇ ਪਿੰਡ ਮਮੇਰਾ ਕਲਾਂ ਅਤੇ ਪਲੱਸ ਟੂ ਸੀਨੀਅਰ ਸੈਕੰਡਰੀ ਸਕੂਲ ਆਲਨਾਬਦ ਤੋਂ ਪਾਸ ਕੀਤੀ। ਇਸ ਤੋਂ ਬਾਅਦ 1994 ਵਿਚ ਸੀ.ਐਮ.ਕੇ. ਕਾਲਜ ਸਿਰਸਾ ਤੋਂ ਬੀ.ਏ. ਅਤੇ 1996 ਵਿਚ ਐਮ.ਏ.ਰਾਜਨੀਤੀ ਸ਼ਾਸਤਰ ਕੁਰਕਸ਼ੇਤਰ ਯੂਨੀਵਰਸਿਟੀ ਤੋਂ ਪਾਸ ਕੀਤੀ। ਪੰਜਾਬੀ ਦੀ ਐਮ.ਏ.ਉਹ ਅਜੇ ਕਰ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਰਾਜਨੀਤੀ ਸ਼ਾਸ਼ਤਰ ਦੀ ਵਿਦਿਆਰਥਣ ਪੰਜਾਬੀ ਵਿਰਾਸਤ ਦੀ ਪਹਿਰੇਦਾਰ ਬਣਕੇ ਉਭਰ ਰਹੀ ਹੈ। ਆਪਣੇ ਵੱਡੇ ਪਰਿਵਾਰ ਵਿਚੋਂ ਉਹ ਪਹਿਲੀ ਗ੍ਰੈਜੂਏਟ ਸੀ ਕਿਉਂਕਿ ਲੜਕੀਆਂ ਨੂੰ ਪਿੰਡਾਂ ਦੇ ਲੋਕ ਪੜ੍ਹਾਉਣ ਤੋਂ ਝਿਜਕਦੇ ਸਨ। ਉਸਦਾ ਵਿਆਹ ਸ੍ਰ.ਕੁਲਵੰਤ ਸਿੰਘ ਨਾਲ ਹੋਇਆ ਜਿਨ੍ਹਾਂ ਛਿੰਦਰ ਕੌਰ ਸਿਰਸਾ ਨੂੰ ਪੂਰੀ ਸਪੋਰਟ ਅਤੇ ਦੂਰ-ਦੂਰ ਪਿੰਡਾਂ ਵਿਚ ਜਾ ਕੇ ਸਮਾਗਮਾਂ ਨੂੰ ਸੰਬੋਧਨ ਕਰਨ ਦੀ ਇਜ਼ਾਜਤ ਦੇ ਕੇ ਦਿੱਤੀ, ਜਿਸ ਕਰਕੇ ਉਹ ਸਫਲ ਮੰਚ ਸੰਚਾਲਿਕਾ, ਸਮਾਜ ਸੇਵਿਕਾ ਅਤੇ ਐਕਟਰੈਸ ਬਣੀ । ਉਸਦੇ ਪਰਿਵਾਰ ਵਿਚ ਦੋ ਲੜਕੇ ਹਨ। ਇੱਕ ਲੜਕਾ ਕੈਨੇਡਾ ਵਿਚ ਪੜ੍ਹਾਈ ਕਰ ਰਿਹਾ ਹੈ। ਸਕੂਲ ਸਮੇਂ ਵਿਚ ਹੀ ਉਸਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਛਿੰਦਰ ਕੌਰ ਸਿਰਸਾ ਦੀ ਪ੍ਰਤਿਭਾ ਇਸਤਰੀਆਂ ਦੀਆਂ ਸਮੱਸਿਆਵਾਂ ਨੂੰ ਭਾਂਪ ਕੇ ਉਨ੍ਹਾਂ ਦੇ ਦਿਲਾਂ ਦੀ ਹੂਕ ਬਣਕੇ ਸ਼ਬਦਾਂ ਦਾ ਅਜਿਹਾ ਮੀਂਹ ਵਰਸਾਉਂਦੀ ਹੈ ਕਿ ਇਸਤਰੀਆਂ ਰੋਣਹਾਕੀਆਂ ਹੋ ਜਾਂਦੀਆਂ ਹਨ ਕਿ ਕੋਈ ਤਾਂ ਉਨ੍ਹਾਂ ਦੇ ਦਰਦ ਨੂੰ ਸਮਝਣ ਦੀ ਸਮਰੱਥਾ ਰੱਖਦਾ ਹੈ। ਉਹ ਇਸਤਰੀਆਂ ਦੀਆਂ ਭਾਵਨਾਵਾਂ ਅਤੇ ਦਰਦ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਲੋਕਾਈ ਦਾ ਦਰਦ ਬਣਾਉਣ ਵਿਚ ਸਫਲ ਹੋਣ ਕਰਕੇ ਸਮਾਜਿਕ ਸਰੋਕਾਰਾਂ ਦੀ ਕਵਿਤਰੀ ਬਣ ਗਈ ਹੈ।

Send this to a friend