ਸੰਗੀਤਕ ਦੁਨੀਆਂ ਦਾ ਉਭਰਦਾ ਸਿਤਾਰਾ ਢੋਲ ਮਾਸਟਰ-ਨਰਿੰਦਰ ਸਿੰਘ ਭੰਗੂ

ਜੇਕਰ ਗੱਲ ਸ਼ੌਕ ਦੀ ਕਰੀਏ ਤਾਂ ਸ਼ੌਕ ਦਾ ਕੋਈ ਮੁੱਲ ਨਹੀ ਹੁੰਦਾ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲਿਆਉਦੀਂ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ।ਇਸੇ ਤਰ੍ਹਾਂ ਦੀ ਜੇ ਗੱਲ ਕਰੀਏ ਤਾਂ ਢੋਲ ਮਾਸਟਰ ਨਰਿੰਦਰ ਸਿੰਘ ਭੰਗੂ ਜਿਸ ਨੇ ਸਟੇਜਾਂ, ਜਗਰਾਤਿਆਂ, ਅਖਾੜਿਆਂ ਤੇ ਹੋਰ ਪ੍ਰੋਗਰਾਮਾਂ ਵਿੱਚ ਢੋਲ ਵਜਾ ਕੇ ਪ੍ਰਸਿੱਧੀ ਖੱਟੀ।ਨਰਿੰਦਰ ਦਾ ਜਨਮ 17 ਦਸੰਬਰ 1993 ਨੂੰ ਜਿਲ੍ਹਾ ਲੁਧਿਆਣਾ ਦੇ ਪਿੰਡ ਇਯਾਲੀ ਖੁਰਦ ਦੇ ਰਹਿਣ ਵਾਲੇ ਪਿਤਾ ਜਗਦੀਸ ਸਿੰਘ ਭੰਗੂ ਦੇ ਘਰ ਮਾਤਾ ਜਸਪਿੰਦਰ ਕੌਰ ਭੰਗੂ ਦੀ ਕੁੱਖੋਂ ਹੋਇਆ।ਬਚਪਨ ਤੋਂ ਹੀ ਸੰਗੀਤਕ ਦੁਨੀਆਂ ਵਿੱਚ ਰੁਚੀ ਹੋਣ ਕਰਕੇ 10ਵੀਂ ਅਤੇ ਬਾਰਵੀਂ ਜੀ.ਜੀ.ਐਨ ਪਬਲਿਕ ਲੁਧਿਆਣਾ ਤੋਂ ਕੀਤੀ ਅਤੇ ਢੋਲ ਵਜਾਉਣ ਦਾ ਸ਼ੌਕ ਵੀ ਪੜਾਈ ਦੇ ਨਾਲ-ਨਾਲ ਜਾਰੀ ਰੱਖਿਆ ਅਤੇ ਪੜਾਈ ਤੋਂ ਬਾਅਦ ਖੁੱਲਾ ਸਮਾਂ ਹੋਣ ਕਰਕੇ ਨਰਿੰਦਰ ਸਿੰਘ ਨੂੰ ਢੋਲ ਵਜਾਉਣ ਵਿੱਚ ਪੂਰਨ ਤੌਰ ਤੇ ਰੁਚੀ ਹੋਣ ਲੱਗੀ।ਢੋਲ ਵਜਾਉਣ ਦਾ ਸ਼ੌਕ ਰੱਖਦੇ ਨਰਿੰਦਰ ਨੇ ਪ੍ਰਸਿੱਧ ਢੋਲ ਵਾਦਕ ਮਾਸਟਰ ਅਸੋਕ ਕੁਮਾਰ ਨੂੰ ਆਪਣਾ ਉਸਤਾਦ ਧਾਰ ਕੇ ਅਭਿਆਸ ਜਾਰੀ ਰੱਖਿਆ ਤੇ ਹੌਲੀ ਹੌਲੀ ਇਸ ਸ਼ੌਕ ਨੂੰ ਕਿੱਤੇ ਵੱਜੋ ਅਪਣਾ ਲਿਆ।ਨਰਿੰਦਰ ਸਿੰਘ ਭੰਗੂ ਪਿਛਲੇ ਕਈ ਸਾਲਾਂ ਤੋਂ ਸੰਗੀਤਕ ਦੁਨੀਆਂ ਵਿੱਚ ਵਾਹ-ਵਾਹ ਖੱਟ ਰਿਹਾ ਹੈ। ਢੋਲ ਮਾਸਟਰ ਨਰਿੰਦਰ ਨੇ ਕਾਫੀ ਕਲਾਕਾਰਾਂ ਨਾਲ ਸਟੇਜ ਤੇ ਸੰਗੀਤਕ ਮਾਹੌਲ ਬਣਾਕੇ ਖੂਬ ਨਾਮ ਕਮਾਇਆ ਹੈ। ਹੁਣ ਤੱਕ ਨਰਿੰਦਰ ਸਿੰਘ ਭੰਗੂ ਪ੍ਰਸਿੱਧ ਲੋਕ ਗਾਇਕ ਹਾਕਮ ਬਖਤੜੀ ਵਾਲਾ, ਜਤਿੰਦਰ ਡੇਹਲੋ, ਮੇਸ਼ੀ ਮਾਣਕ ਤੋਂ ਇਲਾਵਾ ਹੋਰ ਅਨੇਕਾਂ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ। ਅੱਜ ਕੱਲ ਢੋਲ ਮਾਸਟਰ ਨਰਿੰਦਰ ਸਿੰਘ ਭੰਗੂ ਅਮਨਦੀਪ ਅਮਨ, ਮੀਤ ਬਰਾੜ ਨਾਲ ਮਿਊਜ਼ੀਕਲ ਗਰੁੱਪ ਨਾਲ ਸਟੇਜਾਂ ਉਪਰ ਢੋਲ ਮਾਸਟਰ ਵਜੋਂ ਢੋਲ ਵਜਾ ਕੇ ਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।
-ਸੁਖਮੰਦਰ ਰਾਮਪੁਰਾ 99888-52705

Send this to a friend