1700 ਕਰੋੜ ਦੀ ਲਾਗਤ ਵਾਲਾ ਦੇਸ਼ ਦਾ ਪਹਿਲਾ ਰਿੰਗ ਟਰਾਂਸਮਿਸ਼ਨ ਸਟੇਸ਼ਨ ਪੰਜਾਬ ਵਾਸੀਆਂ ਨੂੰ ਸਮਰਪਿਤ
ਧੂਰੀ, 11 ਫਰਵਰੀ (ਸੰਨੀ ਘਨੌਰ)-ਪੰਜਾਬ ਨੂੰ ਦੇਸ਼ ਦਾ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਤੋਂ ਬਾਅਦ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਬਿਜਲੀ ਵੰਡ ਵਿਵਸਥਾ ਨੂੰ ਮਜਬੂਤ ਕਰਨ ਦੀ ਵੀ ਸ਼ੁਰੂਆਤ ਹੋ ਗਈ ਜਦ ਉਨ੍ਹਾਂ ਵੱਲੋਂ 1700 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਦਾ ਪਹਿਲਾ ਰਿੰਗ ਟਰਾਂਸਮਿਸ਼ਨ ਸਟੇਸ਼ਨ ਪੰਜਾਬ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਗਿਆ। ਅੱਜ ਇੱਥੇ 1802.43 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨੀ ਸਮਾਗਮਾਂ ਦੌਰਾਨ ਪਿੰਡ ਭਲਵਾਨ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਉਤਪਾਦਨ ਪਿੱਛੋਂ ਹੁਣ ਬਿਜਲੀ ਵੰਡ ਢਾਂਚੇ ਦੇ ਨਵੀਨੀਕਰਨ ਵੱਲ ਪੂਰਾ ਧਿਆਨ ਦਿੱਤਾ ਜਾ
ਰਿਹਾ ਹੈ ਜਿਸ ਤਹਿਤ 1620 ਕਿਲੋਮੀਟਰ ¦ਬੀਆਂ ਲਾਇਨਾਂ ਰਾਹੀਂ ਇਸ ਗ੍ਰਿਡ ਨੂੰ ਪੰਜਾਬ ਭਰ ’ਚ ਬਿਜਲੀ ਸਪਲਾਈ ਲਈ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਪੰਜਾਬ ਅੰਦਰ ਬਿਜਲੀ ਵੰਡ ਸਮਰੱਥਾ 5400 ਮੈਗਾਵਾਟ ਹੈ ਜੋ ਕਿ ਵਧਾ ਕੇ 7000 ਮੈਗਾਵਾਟ ਕੀਤੀ ਜਾਵੇਗੀ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਵੇਚਣ ਲਈ ਇਸ ਸਟੇਸ਼ਨ ਨੂੰ ਅੰਮ੍ਰਿਤਸਰ ਅਤੇ ਮੋਗਾ ਸਟੇਸ਼ਨਾਂ ਨਾਲ ਵੀ ਜੋੜਿਆ ਗਿਆ ਹੈ। ਬਿਜਲੀ ਵੰਡ ਵਿੱਚ ਸਹਾਈ ਹੋਣ ਦੇ ਨਾਲ-ਨਾਲ ਇਹ ਗ੍ਰਿਡ ਬਿਜਲੀ ਵੰਡ ਨੁਕਸਾਨ ਘਟਾਉਣ ’ਚ ਵੀ ਮਦਦਗਾਰ ਸਾਬਤ ਹੋਵੇਗਾ ਜਿਸ ਤਹਿਤ 2015-16 ਤੱਕ ਬਿਜਲੀ ਵੰਡ ਨੁਕਸਾਨ 15 ਫੀਸਦੀ ਤੱਕ ਘਟਾਏ ਜਾ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਲੱਖ ਬਿਜਲੀ ਕੁਨੈਕਸ਼ਨ ਦਿੱਤੇ ਜਾ ਰਹੇ ਹਨ ਅਤੇ 2013 ਤੱਕ ਦੇ ਬਿਨੇਕਾਰਾਂ ਨੂੰ ਵੀ ਅਗਲੇ ਛੇ ਮਹੀਨਿਆਂ ਤੱਕ ਟਿਊਬਵੈਲ ਕੁਨੈਕਸ਼ਨ ਦੇ ਦਿੱਤੇ ਜਾਣਗੇ।
’84 ਦੀ ਸਿੱਖ ਨਸ਼ਲਕੁਸ਼ੀ ਸਬੰਧੀ ਕਾਂਗਰਸੀ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਬਾਰੇ ਸ. ਬਾਦਲ ਨੇ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਕਾਂਗਰਸ ਸਰਕਾਰ ਨੇ ਵਿਉਂਤਵੱਧ ਤਰੀਕੇ ਨਾਲ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਿਆ ਅਤੇ ਸ੍ਰੀ ਦਰਬਾਰ ਸਾਹਿਬ ਢਹਿ ਢੇਰੀ ਕਰ ਦਿੱਤਾ ਅਤੇ ਹੁਣ ਪੰਜਾਬ ਦੇ ਕਾਂਗਰਸੀ ਰਾਹੁਲ ਗਾਂਧੀ ਸਾਹਮਣੇ ਨੰਬਰ ਬਣਾਉਣ ਲਈ ਝੂਠ ਤੇ ਝੂਠ ਬੋਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਕੈਪਟਨ ਅਮਰਿੰਦਰ ਸਿੰਘ ਅਤੇ ਸ. ਪ੍ਰਤਾਪ ਸਿੰਘ ਬਾਜਵਾ ਦੇ ਕਾਂਗਰਸ ਦੇ ਪ੍ਰਧਾਨਗੀ ਨੂੰ ਲੈਕੇ ਲੜਾਈ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ’ਚ ਪ੍ਰਭਾਵ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਵੀ ਪੀ.ਪੀ.ਪੀ. ਵਾਲਾ ਹੀ ਹਾਲ ਹੋਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫ਼ਾ ਦੇਣ ਦੀਆਂ ਧਮਕੀਆਂ ਬਾਰੇ ਸ. ਬਾਦਲ ਨੇ ਕਿਹਾ ਕਿ ਅਸਲ ਵਿੱਚ ਉਹ ਸਰਕਾਰ ਚਲਾਉਣ ’ਚ ਬੁਰੀ ਤਰ੍ਹਾਂ ਨਾਕਾਮ ਹੋਏ ਹਨ ਅਤੇ ਹੁਣ ਜੁੰਮੇਵਾਰੀ ਤੋਂ ਭੱਜਣ ਦੇ ਬਹਾਨੇ ਲੱਭ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਧਮਕੀਆਂ ਦੀ ਥਾਂ ’ਤੇ ਅਸਤੀਫਾ ਦੇ ਦੇਣ।
ਮੋਹਾਲੀ ਵਿਖੇ ਹੋਣ ਵਾਲੇ ਖੇਤੀਬਾੜੀ ਸੰਮੇਲਣ ਬਾਰੇ ਸ. ਬਾਦਲ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਵਿੱਚ ਵੱਡੀ ਮਦਦ ਮਿਲੇਗੀ ਕਿਉਂਕਿ ਨਵੀਂ ਤਕਨੀਕ ਦੇ ਨਾਲ ਕਣਕ ਝੋਨੇ ਤੋਂ ਇਲਾਵਾ ਹੋਰਨਾਂ ਫਸਲਾਂ ਦੀ ਖੇਤੀ ਵੱਲ ਲੱਗਣਗੇ। ਪੰਜਾਬ ਦੇ ਲੋਕਾਂ ਨੂੰ ਲੋਕ ਸਭਾ ਚੋਣ ਦੌਰਾਨ ਕਾਰਗੁਜਾਰੀ ਵੇਖ ਕੇ ਵੋਟਾਂ ਪਾਉਣ ਦਾ ਸੱਦਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਚੋਣਾਂ ਇਕ ਆਸ ਦੀ ਕਿਰਨ ਹਨ ਜਿਸ ਨੂੰ 125 ਕਰੋੜ ਲੋਕ ਬੇ ਸਬਰੀ ਨਾਲ ਉਡੀਕ ਰਹੇ ਹਨ। ਉਨ੍ਹਾਂ ਨੇ ਨਾਲ ਐਲਾਨ ਕੀਤਾ ਕਿ ਅਗਲੇ ਦੋ ਸਾਲਾਂ ਦੌਰਾਨ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ’ਚ 100-100 ਕਰੋੜ ਰੁਪਏ ਖਰਚੇ ਜਾਣਗੇ।
ਇਸ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭਲਵਾਨ ਵਿਖੇ ਚਾਲੂ ਹੋਏ ਇਸ ਮੇਨ ਰਿੰਗ ਸਟੇਸ਼ਨ ਤੋਂ ਪੰਜਾਬ ਦੇ ਕਿਸਾਨਾਂ, ਉਦਯੋਗਪਤੀਆਂ ਅਤੇ ਆਮ ਖਪਤਕਾਰਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਸਕੀਮਾਂ ਸ਼ੁਰੂ ਕਰਕੇ ਲੱਖਾਂ ਲੋਕਾਂ ਨੂੰ ਲਾਭ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਕਿਸਾਨਾਂ ਲਈ ਖੇਤੀਬਾੜੀ ਸੰਮੇਲਣ ਰਾਹੀਂ ਖੇਤੀ ਨੂੰ ਨਵੀਂ ਦਿਸ਼ਾ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ ਤਾਂ ਜੋ ਕੇਂਦਰ ’ਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ.ਡੀ.ਏ. ਦੀ ਸਰਕਾਰ ਬਣਾਈ ਜਾ ਸਕੇ। ਇਸ ਦੌਰਾਨ ਸਾਬਕਾ ਮੰਤਰੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ. ਬਾਦਲ ਨੂੰ ਜੀ ਆਇਆਂ ਕਹਿੰਦਿਆਂ ਹਲਕਾ ਧੂਰੀ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਹਲਕੇ ’ਚ ਹੋ ਰਹੇ ਵਿਕਾਸ ਕਾਰਜਾਂ ਲਈ ਸ. ਬਾਦਲ ਦਾ ਧੰਨਵਾਦ ਵੀ ਕੀਤਾ। ਮੰਚ ਸੰਚਾਲਣ ਪ੍ਰਬੰਧਕੀ ਡਾਇਰੈਕਟਰ ਸ. ਗੁਰਬਚਨ ਸਿੰਘ ਬਚੀ ਨੇ ਕੀਤਾ।
ਇਸ ਮੌਕੇ ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਲੌਂਗੋਵਾਲ, ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜਨਾਬ ਇਜ਼ਹਾਰ ਆਲਮ, ਸਾਬਕਾ ਮੰਤਰੀ ਚੌਧਰੀ ਅਬਦੁਲ ਗੁਫ਼ਾਰ, ਨੁਸਰਤ ਇਕਰਾਮ ਖਾਨ ਬੱਗੇ, ਵਿਧਾਇਕ ਅਮਰਗੜ੍ਹ ਇਕਬਾਲ ਸਿੰਘ ਝੂੰਦਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਜਨਰਲ ਸਕੱਤਰ ਰਜਿੰਦਰ ਸਿੰਘ ਕਾਂਝਲਾ, ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਅਭਿਨਵ ਗੋਇਲ ਨਵੀ, ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਕੀ ਗੁਰਬਚਨ ਸਿੰਘ ਬਚੀ ਅਤੇ ਟਰਾਂਸਕੋ ਦੇ ਪ੍ਰਬੰਧਕੀ ਡਾਇਰੈਕਟਰ ਨੀਰਜ ਹਿੱਤ ਅਭਿਲਾਸ਼ੀ ਤਾਇਲ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਜਸਵੀਰ ਸਿੰਘ ਦਿਉਲ, ਅਮਨਬੀਰ ਸਿੰਘ ਚੈਰੀ, ਜ਼ਿਲ੍ਹਾ ਯੂਥ ਪ੍ਰਧਾਨ ਸਤਗੁਰ ਸਿੰਘ ਨਮੋਲ, ਡਿਪਟੀ ਕਮਿਸ਼ਨਰ ਡਾ. ਇੰਦੂ ਮਲਹੋਤਰਾ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਏ.ਡੀ.ਸੀ. ਜਨਰਲ ਸ. ਪ੍ਰੀਤਮ ਸਿੰਘ ਜੌਹਲ, ਐਸ.ਡੀ.ਐਮ. ਧੂਰੀ ਸ੍ਰੀਮਤੀ ਈਸ਼ਾ ਸਿੰਘਲ ਸਮੇਤ ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ, ਇਲਾਕੇ ਦੇ ਪੰਚ-ਸਰਪੰਚ, ਮੈਂਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪਿੰਡਾਂ ਦੇ ਵਸਨੀਕ ਤੇ ਹੋਰ ਪਤਵੰਤੇ ਵੱਡੀ ਗਿਣਤੀ ’ਚ ਮੌਜੂਦ ਸਨ।



